ਕਰਨੀ ਦਾ ਫਲ਼ ਭਰ ਕੇ ਵੇਖ ਲੈ ਨਹੀਂ ਕਰੀ ਤਾਂ ਕਰ ਕੇ ਵੇਖ ਲੈ

ਮੂਲ ਚੰਦ ਸ਼ਰਮਾ
 (ਸਮਾਜ ਵੀਕਲੀ)
ਇੱਕ ਦੋਧੀ ਨੇ ਇੱਕ ਸੌ ਤਰਾਸੀ ਲੱਖ ਕਰੋੜ ਕਮਾ ਕੇ ।
ਐਸ਼ ਕੀਤੀ ਤੇ ਕਰਵਾਈ ਪੈਸਾ ਪਾਣੀ ਵਾਂਗੂੰ ਵਹਾ ਕੇ ।
ਚਿਟ ਫੰਡ ਕੰਪਨੀਆਂ ਦੇ ਰਾਹੀਂ ਸਬਜ਼ ਬਾਗ਼ ਦਿਖਲਾਏ ।
ਲਾਲਚ ਵਿੱਚ ਲੋਕਾਂ ਨੇ ਨੋਟ ਸੀ ਮੀਂਹ ਵਾਂਗ ਵਰਸਾਏ ।
ਕਈ ਸਾਲ ਲੋਕਾਂ ਦਾ ਲਾਲਚ ਉਹ ਕਰਦਾ ਰਿਹਾ ਸੀ ਪੂਰਾ।
ਹੌਲ਼ੀ ਹੌਲ਼ੀ ਫਿਰ ਛੱਡਣ ਲੱਗ ਗਿਆ ਸਭ ਦਾ ਕਾਜ ਅਧੂਰਾ।
ਸਮੇਂ ਦੀਆਂ ਸਰਕਾਰਾਂ ਦੇ ਨਾਲ਼ ਯਾਰੀ ਪਾ ਕੇ ਸੀ ਰੱਖੀ ।
ਆਖ਼ਰ ਕਾਬੂ ਆ ਗਿਆ ਤਾਂ ਫਿਰ ਮੂੰਹ ਤੋਂ ਉਡੀ ਨਾ ਮੱਖੀ ।
ਜੇਲ੍ਹ ਯਾਤਰਾ ਕਰਨੀ ਪੈ ਗਈ ਦੰਦ ਕਰਵਾ ਕੇ ਖੱਟੇ  ।
ਧਨ ਦੌਲਤ ਦੇ ਬਲਬੂਤੇ ਦਿਨ ਹਸਪਤਾਲਾਂ ਵਿੱਚ ਕੱਟੇ ।
ਲੋਕ ਚੋਰਾਂ ਦੀਆਂ ਮੌਜਾਂ ਵੇਖਦੇ ਖਾਣ ਪੀਣ ਅਤੇ ਬਾਣੇਂ  ।
ਫ਼ਿਰ ਕੰਨਾਂ ਨੂੰ ਹੱਥ ਲਾਉਂਦੇ ਜਦ ਪੈਂਦੇ ਛਿੱਤਰ ਖਾਣੇ ।
ਜਿਸ ਪੁੱਤ ਲਈ ਸੀ ਇਹ ਕੁੱਝ ਕੀਤਾ ਮੌਤ ਅਣਆਈ ਮਰਿਆ।
ਪਤਨੀ ਨੂੰ ਵੀ ਜੇਲ੍ਹ ਹੋ ਗਈ ਜਿੱਤ ਕੇ ਬਾਜ਼ੀਆਂ ਹਰਿਆ ।
ਆਸਟ੍ਰੇਲੀਆ ਚਲਦੇ ਨੇ ਮਹਿੰਗੇ ਰੈਸਟੋਰੈਂਟ ਧੀਆਂ ਦੇ ।
ਕਰਨ ਜੁਆਈ ਮੌਜ ਮਸਤੀਆਂ ਰਲ਼ ਮਿਲ ਨਾਲ਼ ਜੀਆਂ ਦੇ ।
ਆਪ ਦਿੱਲੀ ਦੀਆਂ ਜੇਲ੍ਹਾਂ ਦੇ ਵਿੱਚ ਰੁਲ਼ ਖੁਲ਼ ਕੇ ਹੈ ਮਰਿਆ।
ਆਖ਼ਰ ਵੇਲ਼ੇ ਕਿਸੇ ਤੋਂ ਚਮਚਾ ਪਾਣੀ ਦਾ ਨਾ ਸਰਿਆ  ।
ਰੁਲ਼ਦੂ ਵਾਂਗ ਜੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦਾ ।
ਮਰਨਾਂ ਤਾਂ ਆਖਿਰ ਸਭ ਨੇ ਹੈ ਪਰ ਮੌਤ ਸਕੂਨ ਦੀ ਮਰਦਾ।
ਮੌਤ ਸਕੂਨ ਦੀ ਮਰਦਾ । ਮੌਤ ਸਕੂਨ ਦੀ ਮਰਦਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024
Previous articleਬੁੱਧ -ਵਿਅੰਗ
Next articleਲੱਖਾ – ਨਾਜ਼ (ਜੋੜੀ ਨੰ:1) ਦੇ ਨਵੇਂ ਗੀਤ ਦੀ ਸ਼ੂਟਿੰਗ ਕੈਨੇਡਾ ਵਿੱਚ ਮੁਕੰਮਲ