ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸ਼ੀਤਲ ਕੁੰਡ ਰਾਜਗੀਰ

  (ਸਮਾਜ ਵੀਕਲੀ) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼-ਭ੍ਰਮਣ ਲਈ ਚਾਰ ਪ੍ਰਚਾਰ- ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਚਾਰ ਉਦਾਸੀਆਂ ਕਿਹਾ ਜਾਂਦਾ ਹੈ । ਗੁਰੂ ਜੀ ਦੀ ਪਹਿਲੀ ਉਦਾਸੀ ਭਾਰਤ ਦੇ ਪੂਰਬੀ ਭਾਗ ਵਿੱਚ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ (ਪੰਜਾਬ) ਤੋਂ ਗੋਰਖਮਤਾ( ਨਾਨਕਮਤਾ), ਬਨਾਰਸ (ਯੂ.ਪੀ.) ਤੋਂ ਪਟਨਾ ਸਾਹਿਬ ਤੇ ਗਯਾ ਦੇ ਰਸਤੇ 25 ਫੱਗਣ ਸੰਮਤ 1563 ਬਿਕਰਮੀ, ਸੰਨ 1506 ਈ: ਨੂੰ ਰਾਜਗੀਰ (ਨਾਲੰਦਾ) ਪੁੱਜੇ ਜੋ ਰਾਜੇ ਜਰਾਸੰਧ ਦੀ ਰਾਜਧਾਨੀ ਸੀ ।  ਉਸ ਸਮੇਂ ਉੱਥੇ ਮੇਲਾ ਲੱਗਿਆ ਹੋਇਆ ਸੀ । ਵੱਡੀ ਤਾਦਾਦ ਵਿੱਚ ਭਗਤ, ਸੰਤ ਜਨਾਂ ਦਾ ਇਕੱਠ ਸੀ ।  ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੀ ਰਬਾਬ ਦੀ ਧੁੰਨ ਤੇ ਸ਼ਬਦ ਉਚਾਰਨ ਕੀਤਾ :
      ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ।।
     ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ  ।।
     ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ।।
    ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ।।੧।।ਰਹਾਉ।।
      ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।।
       ਹੰ ਭੀ ਵੰਝਾ ਡੁੰਮਣੀ ਰੋਵਾ ਝੀਣੀ ਬਾਣਿ।।੨।।
    ਕੀ ਨਾ ਸੁਣੇਹੀ ਗੋਰੀਏ ਆਪਣ ਕੰਨੀ ਸੋਇ।।
    ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ।।੩।।
   ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ।।
   ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ।।੪।।੨੪।।
               ( ਸਿਰੀਰਾਗੁ ਮਹਲਾ ੧ ਘਰੁ ੨, ਅੰਗ ੨੩)
          ਗੁਰਬਾਣੀ ਦੇ ਪੜ੍ਹੇ ਜਾ ਰਹੇ ਆਨੰਦਮਈ ਸ਼ਬਦ ਨੂੰ ਸੁਣ ਕੇ ਸਾਰੇ ਲੋਕ ਗੁਰੂ ਜੀ ਦੁਆਲੇ ਇਕੱਠੇ ਹੋ ਗਏ । ਸਾਰੀ ਰਾਤ ਸਤਿਸੰਗ ਹੁੰਦਾ ਰਿਹਾ । ਗੁਰੂ ਜੀ ਨੂੰ ਪ੍ਰਤਾਪੀ ਅਤੇ ਯੋਗ ਮਹਾਂਪੁਰਸ਼ ਜਾਣ ਕੇ ਸਾਰੇ ਲੋਕਾਂ ਨੇ ਬੇਨਤੀ ਕੀਤੀ ਕਿ ਇੱਥੇ ਦੇਵੀ-ਦੇਵਤਿਆਂ ਦੇ ਨਾਮ ਤੇ ਗਰਮ ਕੁੰਡ ਤਾਂ ਬਹੁਤ ਹਨ ਪਰ ਕੋਈ ਸ਼ੀਤਲ ਕੁੰਡ ਨਹੀਂ ਹੈ । ਮੇਲੇ ਵਿੱਚ ਆਏ ਲੋਕਾਂ ਨੂੰ ਪੀਣ ਲਈ ਠੰਡਾ ਜਲ ਚਾਹੀਦਾ ਹੁੰਦਾ ਹੈ ।  ਆਪ ਜੀ ਪ੍ਰਭੂ ਦੇ ਅਨਿੰਨ ਭਗਤ ਹੋ, ਸਾਡੀ ਆਪ ਜੀ ਕੋਲ ਅਰਦਾਸ ਹੈ । ਗੁਰੂ ਨਾਨਕ ਦੇਵ ਜੀ ਨੇ ਕਿਹਾ, “ਸਰਬ ਸ਼ਕਤੀਮਾਨ ਪਰਮਾਤਮਾ ਤੁਹਾਡੀ ਇੱਛਾ ਪੂਰੀ ਕਰੇਗਾ ।” ਜਿਸ ਥਾਂ ਬੈਠ ਕੇ ਗੁਰੂ ਨਾਨਕ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ, ਉਥੇ ਸ਼ੀਤਲ ਜਲ ਦਾ ਸੋਮਾ ਵਗਣ ਲੱਗਾ । ਜਿਸ ਕਰਕੇ ਇਸ ਪਵਿੱਤਰ ਸਥਾਨ ਦਾ ਨਾਮ ‘ਸ਼੍ਰੀ ਗੁਰੂ ਨਾਨਕ ਸ਼ੀਤਲ ਕੁੰਡ’ ਪੈ ਗਿਆ ।
 ਪਟਨਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਇਸ ਅਸਥਾਨ ਦੇ ਵੀ ਦਰਸ਼ਨ ਕਰਦੀਆਂ ਹਨ ।
      ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਵੀ ਦੱਸਿਆ ਜਾਂਦਾ ਹੈ ਕਿ ਇੱਥੇ 22 ਕੁੰਡ ਹਨ। 10 ਕੁੰਡ ਗੁਰਦੁਆਰਾ ਸ਼ੀਤਲ ਕੁੰਡ ਦੇ ਨਜ਼ਦੀਕ 10 ਮਿੰਟ ਦੇ ਰਸਤੇ ਤੇ ਹੀ ਹਨ । 7 ਕੁੰਡ 20 ਮਿੰਟ ਦੀ ਦੂਰੀ ਤੇ ਅਤੇ ਚਾਰ ਕੁੰਡ ਗੁਰਦੁਆਰਾ ਸੀਤਲ ਕੁੰਡ ਤੋਂ 18 ਕਿਲੋਮੀਟਰ ਦੂਰ ਹਨ । ਤਖਤ ਸ਼੍ਰੀ ਹਰਿਮੰਦਰ ਜੀ ਵੱਲੋਂ ਗੁਰਦੁਆਰਾ ਸ਼ੀਤਲ ਕੁੰਡ ਦੇ ਹੀ ਦਰਸ਼ਨ ਕਰਵਾਏ ਜਾਂਦੇ ਹਨ ਸੰਗਤਾਂ ਆਪਣੀਆਂ ਗੱਡੀਆਂ ਕਾਰਾਂ, ਬੱਸਾਂ ਤੇ ਬਾਕੀ ਕੁੰਡਾਂ ਦੇ ਦਰਸ਼ਨ ਕਰਦੀਆਂ ਹਨ ।  ਉਹ 21 ਕੁੰਡ ਗਰਮ ਹਨ ਅਤੇ ਉਥੇ ਪੰਡਤਾਂ, ਮੁਸਲਮਾਨਾਂ ਦਾ ਕਬਜ਼ਾ ਹੈ ।
            ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰਾਜਗਿਰਿ ਬਿਹਾਰ (ਮਗਧ) ਵਿੱਚ ਗਯਾ ਤੋਂ 12 ਕੋਹ, ਗੁਰਦੁਆਰਾ ਕੋਸ਼ ਅਨੁਸਾਰ ਇਹ 19 ਕਿਲੋਮੀਟਰ ਦੂਰ ਇੱਕ ਨਗਰ ਹੈ ।  ਸਤਿਗੁਰੂ ਨਾਨਕ ਦੇਵ ਗਯਾ ਤੀਰਥ ਤੇ ਉਪਦੇਸ਼ ਕਰਨ ਸਮੇਂ ਇਸ ਨਗਰ ਪਧਾਰੇ ਹਨ । ਇਸ ਨਗਰ ਨੂੰ ‘ਰਾਗਗ੍ਰਿਹ’ ਵੀ ਆਖਿਆ ਜਾਂਦਾ ਹੈ। ਗੁਰਦੁਆਰੇ ਦਾ ਨਾਉ ‘ਸ਼ੀਤਲ ਕੁੰਡ’ ਹੈ।
         ਇਹ ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ।  ਇਸ ਅਸਥਾਨ ਦੇ ਦਰਸ਼ਨਾਂ ਲਈ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਹੀ ਬੱਸਾਂ ਚੱਲਦੀਆਂ ਹਨ।  ਏ.ਸੀ. ਬੱਸ ਦਾ ਕਿਰਾਇਆ 300 ਰੁਪਏ ਪ੍ਰਤੀ ਸਵਾਰੀ ਅਤੇ ਬਿਨਾਂ ਏ.ਸੀ. ਬੱਸ ਦਾ ਕਿਰਾਇਆ 250 ਰੁਪਏ ਪ੍ਰਤੀ ਸਵਾਰੀ ਹੈ।  ਗੁਰਦੁਆਰਾ ਸਾਹਿਬ ਜਾਣ ਲਈ ਦੋ ਘੰਟੇ ਦਾ ਸਮਾਂ ਲੱਗਦਾ ਹੈ । ਟ੍ਰੈਫਿਕ ਜਾਮ ਹੋਣ ਕਰਕੇ ਕਈ ਵਾਰ ਸਮਾਂ ਵੱਧ ਵੀ ਲੱਗ ਜਾਂਦਾ ਹੈ ।
             ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸ਼ੀਤਲ ਕੁੰਡ, ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਧੀਨ ਹੈ।  ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਿਤਾਪ੍ਰਤੀ ਹੁੰਦਾ ਹੈ ।  ਯਾਤਰੂ ਗੱਡੀਆਂ ਵਾਸਤੇ ਪਾਰਕਿੰਗ ਦਾ ਸੁਚੱਜਾ ਪ੍ਰਬੰਧ ਹੈ ।  ਗੁਰੂ ਕਾ ਲੰਗਰ ਹਰ ਸਮੇਂ ਅਟੁੱਟ ਵਰਤਦਾ ਹੈ । ਸੰਗਤਾਂ ਦੀ ਸਹੂਲਤ ਲਈ ਇਮਾਰਤਾਂ ਦੀ ਕਾਰ-ਸੇਵਾ ਚੱਲ ਰਹੀ ਹੈ । ਤਨ-ਮਨ- ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।
ਕਰਨੈਲ ਸਿੰਘ ਐੱਮ.ਏ. 
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
ਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਮੰਚ ਦੇ ਨਾਮ ਦੀ ਨੋਟਬੁੱਕ ਦਾ ਲੋਕ ਅਰਪਣ ਕੀਤਾ ਗਿਆ
Next articleਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਾਲੀ ਮਾਇਨਾਜ਼ ਸ਼ਖਸ਼ੀਅਤ ਸਨ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ