ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਉਠਾਏ ਜਾਣ ਠੋਸ ਕਦਮ – ਰਾਜਿੰਦਰ ਕੌਰ ਰਾਜ

ਰਾਜਿੰਦਰ ਕੌਰ ਰਾਜ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਬੀਤੇ ਦਿਨੀ ਕਲਕੱਤਾ ਦੇ ਵਿੱਚ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰ ਦੇਣ ਵਾਲੀ ਵਾਪਰੀ ਇੱਕ ਭਿਆਨਕ ਘਟਨਾ ਨੇ ਦੁਨੀਆਂ ਭਰ ਦੇ ਵਿੱਚ ਰਹਿੰਦੀਆਂ ਔਰਤਾਂ ਦੇ ਮਨਾਂ ਦੇ ਵਿੱਚ ਸਹਿਮ ਅਤੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜਿਲਾ ਸਕੱਤਰ ਰਾਜਿੰਦਰ ਕੌਰ ਰਾਜ ਦੇ ਵੱਲੋਂ ਕੀਤਾ ਗਿਆ। ਇਸ ਘਟਨਾ ਤੇ ਦੁੱਖ ਵਿਅਕਤ ਕਰਦਿਆਂ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਹਰ ਦੌਰ ਬਦਲਾਵ ਦਾ ਦੌਰ ਹੁੰਦਾ ਹੈ। ਠੀਕ ਇਸੇ ਤਰ੍ਹਾਂ ਨਾਲ ਪਿਛਲੇ ਕਈ ਸਾਲਾਂ ਤੋਂ ਜਿਸ ਤਰਾਂ ਨਾਲ ਔਰਤਾਂ ਦੀ ਸਥਿਤੀ ਵਿੱਚ ਬਦਲਾਵ ਹੁੰਦਾ ਗਿਆ। ਪੁਰਾਣੇ ਸਮਿਆਂ ਦੇ ਵਿੱਚ ਤਾਂ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣਾ ਹੀ ਘਰ ਦੀ ਇੱਜਤ ਤੇ ਸ਼ਾਨ ਦੇ ਖਿਲਾਫ ਸਮਝਿਆ ਜਾਂਦਾ ਸੀ। ਪਰ ਜਿਉਂ ਜਿਉਂ ਸਮਾਂ ਬਦਲਿਆ ਤਾਂ ਲੋਕਾਂ ਦੀ ਸੋਚ ਦੇ ਵਿੱਚ ਵੀ ਸੁਧਾਰ ਹੋਣ ਲੱਗਾ। ਪਰ ਇਹ ਸੁਧਾਰ ਸਮਾਜ ਦੇ ਵਿੱਚ ਰਹਿੰਦੇ ਉਨਾਂ ਵਧੀਆ ਲੋਕਾਂ ਤੱਕ ਹੀ ਸੀਮਤ ਰਿਹਾ ਜੌ ਔਰਤਾਂ ਨੂੰ ਆਪਣੀ ਇੱਕ ਮਾਂ , ਭੈਣ , ਧੀ ਦੇ ਰੂਪ ਵਜੋਂ ਵੇਖਦੇ ਹਨ। ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਜਿੱਥੇ ਚੰਗਿਆਈ ਹੈ ਉੱਥੇ ਬੁਰਾਈ ਵੀ ਆਪਣੇ ਪੈਰ ਕਿਤੇ ਨਾ ਕਿਤੇ ਜਰੂਰ ਪਸਾਰਦੀ ਹੈ। ਇਸੇ ਬੁਰਾਈ ਅਤੇ ਹੈਵਾਨੀਅਤ ਦਾ ਸ਼ਿਕਾਰ ਡਾਕਟਰ ਮੋਮਿਤਾ ਦੇਬਨਾਥ ਹੈ ਅਤੇ ਸਮਾਜ ਵਿੱਚ ਰਹਿੰਦੀਆ ਹੋਰ ਪਤਾ ਨਹੀਂ ਕਿੰਨੀਆਂ ਹੀ ਔਰਤਾਂ ਨੂੰ ਹੋਣਾ ਪਿਆ ਅਤੇ ਹਰ ਰੋਜ਼ ਹੋ ਵੀ ਰਹੀਆਂ ਹਨ। ਪਤਾ ਨਹੀਂ ਅਜਿਹੀਆਂ ਕਿੰਨੀਆਂ ਘਟਨਾਵਾਂ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਪਰ ਕੋਈ ਐਸਾ ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ ਜੋ ਇਹਨਾਂ ਘਟਨਾਵਾਂ ਨੂੰ ਜੜ ਤੋਂ ਖਤਮ ਕਰ ਦੇਵੇ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਰਾਜਿੰਦਰ ਕੌਰ ਰਾਜ ਨੇ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਗੱਲ ਬੜੇ ਅਫਸੋਸ ਦੇ ਨਾਲ ਕਹਿਣੀ ਪੈ ਰਹੀ ਹੈ ਕਿ ਜਿਸ ਸਮਾਜ ਦੇ ਵਿੱਚ ਔਰਤ ਨੂੰ ਇੱਜ਼ਤ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉਸੇ ਹੀ ਸਮਾਜ ਦੇ ਵਿੱਚ ਔਰਤ ਦੀ ਇੱਜਤ ਨੂੰ ਨਿਲਾਮ ਕਰਨ ਲੱਗਿਆਂ ਜਿਆਦਾ ਸਮਾਂ ਨਹੀਂ ਲਗਾਇਆ ਜਾਂਦਾ। ਪਰ ਮਨ ਦੇ ਵਿੱਚ ਇਨਾ ਘਟਨਾਵਾਂ ਤੋਂ ਬਾਅਦ ਇੱਕ ਸਵਾਲ ਹਰ ਵਕਤ ਦਿਲੋ ਦਿਮਾਗ ਦੇ ਵਿੱਚ ਜਰੂਰ ਗੂੰਜਦਾ ਰਹਿੰਦਾ ਹੈ ਕਿ ਕਦੋਂ ਤੱਕ ਔਰਤਾਂ ਨੂੰ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਇੱਜ਼ਤ ਦੇ ਇਸ ਘਨੌਣੇ ਨਕਾਬ ਦੇ ਮਗਰ ਬੇਇਜਤ ਹੋਣਾ ਪਵੇਗਾ ? ਕਦੋਂ ਤੱਕ ਔਰਤ ਇਸੇ ਤਰ੍ਹਾਂ ਹੀ ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ? ਕਦੋਂ ਔਰਤ ਨੂੰ ਉਸਦੀ ਨਿਲਾਮ ਹੋਈ ਇੱਜ਼ਤ ਦਾ ਇਨਸਾਫ ਮਿਲੇਗਾ ? ਕਦੋਂ ਅਜਿਹੀਆਂ ਸਮਾਜ ਨੂੰ ਦਾਗਦਾਰ ਕਰਦੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ ? ਕਦੋਂ ਔਰਤ ਖੁਦ ਨੂੰ ਸੁਰੱਖਿਤ ਮਹਿਸੂਸ ਕਰ ਪਾਵੇਗੀ ? ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਔਰਤ ਇੱਕ ਮਾਂ ਵੀ ਹੀ , ਇੱਕ ਭੈਣ ਵੀ ਹੈ , ਇੱਕ ਧੀ ਵੀ ਹੈ ਅਤੇ ਇੱਕ ਪਤਨੀ ਵੀ ਹੈ। ਫਰਕ ਸਿਰਫ ਏਨਾ ਹੈ ਕਿ ਸਮਾਜ ਔਰਤ ਨੂੰ ਕਿਸ ਨਜ਼ਰ ਦੇ ਨਾਲ ਦੇਖਦਾ ਹੈ ਇਹ ਇੱਕ ਵੱਡਾ ਸਵਾਲ ਹੈ। ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਵੀ ਇਹ ਖਾਸ ਤੌਰ ਤੇ ਅਪੀਲ ਕਰਦੇ ਹਨ ਕਿ ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਰਿੰਦਿਆ ਉੱਪਰ ਅਗਰ ਜਲਦ ਹੀ ਕੋਈ ਸਖਤ ਕਾਨੂੰਨ ਬਣਾ ਕੇ ਕੋਈ ਮਿਸਾਲੀ ਕਾਰਵਾਈ ਜਰੂਰ ਕੀਤੀ ਜਾਵੇ ਤਾਂ ਜੋ ਸਮਾਜ ਵਿੱਚ ਰਹਿੰਦੀਆਂ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੰਟਰਨੈਸ਼ਨਲ ਸਟਾਰ ਲੋਕ ਗਾਇਕ ਸੁਰਿੰਦਰ ਲਾਡੀ – ਰਿੱਕ ਨੂਰ ਲੈ ਕੇ ਹਾਜ਼ਰ ਹੋਏ ‘ਵਾਂਟੇਡ ‘ ਸੋਸ਼ਲ ਮੀਡੀਆ ਤੇ ਕਰਵਾ ਰਿਹਾ ਇਹ ਸਿੰਗਲ ਟ੍ਰੈਕ ਖੂਬ ਚਰਚਾ- ਰਾਮ ਭੋਗਪੁਰੀਆ
Next articlePreparation for Monkeypox