ਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ‘ਮੇਲਾ ਪੰਜਾਬੀਆਂ ਦਾ’ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ

ਸੁਖਜਿੰਦਰ ਸ਼ਿੰਦਾ ਯੂ ਕੇ ਤੇ ਅਮਨ ਰੋਜ਼ੀ ਦੇ ਗੀਤਾਂ ਨੇ ਮੇਲਾ ਲੁੱਟਿਆ

ਕਨੇਡਾ /ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਕਨੇਡੀਅਨ ਮੌਜਾਇਕ ਆਰਟਿਸਟ ਐਸੋਸੀਏਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਈਟਡ ਸਪੋਰਟਸ ਹੈਰੀਟੇਜ ਐਸੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਿਟਡ ਵਲੋਂ “ਮੇਲਾ ਪੰਜਾਬੀਆਂ ਦਾ” ਕਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਪੂਰੀ ਧੂਮ ਧਾਮ ਨਾਲ ਕਰਵਾਇਆ ਗਿਆ । ਇਸ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਸਿੱਧ ਲੋਕ ਗਾਇਕ ਉਪਿੰਦਰ ਮਠਾਰੂ ਅਤੇ  ਉਹਨਾਂ ਦੀ ਟੀਮ ਬਿੰਦਰ ਬਿਰਕ, ਲਾਡੀ ਸੂਸਾਂ ਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੁਆ ,ਮਹਿੰਦਰ ਤੂਰ , ਹਰਦੀਪ ਲਾਲੀ ਸਮੇਤ ਕਈ ਹੋਰ ਪ੍ਰਬੰਧਕਾਂ ਨੇ ਮੇਲੇ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕੀਤਾ । ਇਸ 12 ਵੇਂ  ਵਿਸ਼ਾਲ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਤੇ ਨਾਮਵਰ ਗਾਇਕਾਂ ਨੇ ਆਪਣੀ ਗਾਇਕੀ ਦਾ ਇੰਝ ਜੰਮਕੇ ਪ੍ਰਦਰਸ਼ਨ ਕੀਤਾ ਕਿ ਹਾਜ਼ਰੀਨ ਸਰੋਤਿਆਂ ਦੇ ਦਿਲ ਲੁੱਟ ਲਏ ਜ਼ਿਕਰਯੋਗ ਹੈ ਕਿ ਇਹ ਮੇਲਾ ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਪਾਤਰ ਅਤੇ ਸ. ਅਵਤਾਰ ਸਿੰਘ ਵਿਰਦੀ ਜੀ ਦੀ ਯਾਦ ਨੂੰ ਸਮਰਪਿਤ ਸੀ । ਮੇਲੇ ਦਾ ਮੁੱਖ ਆਕਰਸ਼ਣ ਯੂ ਕੇ ਤੋਂ ਵਿਸ਼ੇਸ਼ ਤੌਰ ਤੇ  ਆਏ ਪ੍ਰਸਿੱਧ ਕਲਾਕਾਰ ਸੁਖਜਿੰਦਰ ਸ਼ਿੰਦਾ ਦੇ ਗਾਏ ਗੀਤ ਰਹੇ । ਗਾਇਕਾ ਅਮਨ ਰੋਜ਼ੀ ਨੇ ਆਪਣੇ ਸਾਰੇ ਹੀ ਹਿੱਟ ਗੀਤ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਗਾਇਕ ਗੁਰਕਿਰਪਾਲ ਸੂਰਾਪੁਰੀ ਦੀ ਹਾਜ਼ਰੀ ਵੀ ਲਾਜਵਾਬ ਰਹੀ । ਗਾਇਕ ਮਦਨ ਮੱਦੀ , ਓਪਿੰਦਰ ਮਠਾਰੂ, ਸੁਰਿੰਦਰ ਲਾਡੀ – ਰਿੱਕ ਨੂਰ, ਸ਼ੀਰਾ ਜਸਵੀਰ ਸਮੇਤ ਕਈ ਹੋਰ ਗਾਇਕਾਂ ਨੇ ਵੀ ਆਪਣੀ ਦਮਦਾਰ ਹਾਜ਼ਰੀ ਲਗਵਾ ਕੇ ਮੇਲੇ ਵਿੱਚ ਵਿਲੱਖਣ ਗਾਇਕੀ ਦੀ ਛਾਪ ਛੱਡੀ । ਪ੍ਰਸਿੱਧ ਗੀਤਕਾਰ ਅਤੇ ਉੱਘੇ ਸਾਹਿਤਕਾਰ ਐਡਮਿੰਟਨ ਵਾਸੀ ਲਾਡੀ ਸੂਸਾਂ ਵਾਲਾ ਨੇ ਇਸ ਮੇਲੇ ਦਾ ਸ਼ਾਨਦਾਰ ਅੰਦਾਜ਼ ਵਿੱਚ ਸਟੇਜ ਸੰਚਾਲਨ ਕਰਕੇ ਹਾਜ਼ਰੀ ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ । ਇਸ ਮੇਲੇ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਹੁੰਮ ਹੁੰਮਾ ਕੇ ਸ਼ਿਰਕਤ ਕੀਤੀ, ਉੱਥੇ ਹੀ ਇਸ ਮੇਲੇ ਵਿੱਚ ਇਸ ਖੇਤਰ ਦੇ ਉੱਘੇ ਕਲਾਕਾਰ, ਸਾਹਿਤਕਾਰ ,ਗੀਤਕਾਰ, ਪੱਤਰਕਾਰ, ਸੰਗੀਤਕਾਰ ਰਾਜਨੀਤਿਕ ਆਗੂ, ਸਮਾਜਿਕ, ਧਾਰਮਿਕ, ਸੱਭਿਆਚਾਰਕ  ਅਤੇ ਹੋਰ ਬੁੱਧੀਜੀਵੀ ਵਰਗ ਨਾਲ ਸੰਬੰਧਿਤ ਸ਼ਖਸ਼ੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ। ਜਿਹਨਾਂ ਦਾ ਮੇਲਾ ਟੀਮ ਵਲੋਂ ਸਨਮਾਨ ਸਤਿਕਾਰ ਕੀਤਾ ਗਿਆ। ਇਸ ਮੇਲੇ ਦੀ ਸ਼ਾਨ ਨੂੰ ਹੋਰ ਵੀ ਦੂਣ ਸਵਾਇਆ ਇਥੋਂ ਦੇ ਬਿਜਨਸਮੈਨਾਂ ਨੇ ਕੀਤਾ, ਜਿਨ੍ਹਾਂ ਨੇ ਆਪਣੇ ਸਾਈਨ ਬੋਰਡ ਲਗਾਕੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ। ਹੋਰਨਾਂ ਤੋਂ ਇਲਾਵਾ ਇਸ ਮੇਲੇ ਵਿੱਚ ਸੁਖ ਡੀਗੋਹ, ਗੁਰ ਇਕਬਾਲ ਬਰਾੜ , ਤਾਇਆ ਬੰਤਾ, ਹਰਜਾਪ ਸਿੰਘ,,ਸਾਹਿਲ ਸੂਚ, ਰੂਬੀ ਮਦਹੋਕ, ਕਸ਼ਪੀ ਮਦਹੋਕ ਕਲਾਕਾਰਾਂ ਨੇ ਆਪਣਾ ਆਪਣਾ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਦੀ ਦਾਦ ਖੱਟੀ । ਐਡਮਿੰਟਨ ਸ਼ਹਿਰ ਵਿਖੇ ਪੂਸਾ  ਦੀਆਂ ਗਰਾਂਊਡਾਂ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ, ਇਹ ਬਾਰ੍ਹਵਾਂ ਵਿਸ਼ਾਲ ਸੱਭਿਆਚਾਰਕ ਮੇਲਾ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਫਲਤਾ ਪੂਰਵਕ ਸੰਪੰਨ ਹੋ ਗਿਆ । ਪ੍ਰਸਿੱਧ ਲੋਕ ਗਾਇਕ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ  ਨੇ ਸਾਰੇ ਪ੍ਰਬੰਧਕਾਂ ਤੋਂ ਮਿਲੇ ਸਹਿਯੋਗ ਅਤੇ ਸਮੂਹ ਮੇਲੀਆਂ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ।

Previous articleਅੰਮ੍ਰਿਤਸਰ ਹਵਾਈ ਅੱਡੇ ਨੇ ਜੁਲਾਈ 2024 ਲਈ ਏਅਰ ਏਸ਼ੀਆ ਐਕਸ ਦਾ ‘ਬੈਸਟ ਸਟੇਸ਼ਨ ਅਵਾਰਡ’ ਜਿੱਤਿਆ
Next article‘ਡਾ. ਅੰਬੇਡਕਰ ‘ਤੇ ਜੁਗਿੰਦਰ ਨਾਥ ‘ਮੰਡਲ’