ਅੱਜ ਦਾ ਅਹਿਸਾਸ

ਸੁਰਜੀਤ ਸਿੰਘ ਭੁੱਲਰ 
ਵੱਖੋ –ਵੱਖਰੀ ਸੋਚ ਉਡਾਰੀ
ਸੁਰਜੀਤ ਸਿੰਘ ਭੁੱਲਰ 
 (ਸਮਾਜ ਵੀਕਲੀ) ਬਾਜ਼ ਅਤੇ ਗਿਰਝ ਦੋਵੇਂ ਆਪੋ-ਆਪਣੇ ਦਿਲ ਦਾ ਹੁਲਾਰਾ ਮਾਣਦੇ ਹੋਏ ਆਕਾਸ਼ ਉਡਾਰੀਆਂ ਲਾ ਰਹੇ ਸਨ। ਰੱਬ–ਸਬੱਬੀਂ,ਉਡਾਰੀ ਦੇ ਕਿੱਸੇ ਚੱਕਰ ਵਿਚ,ਉਹ ਦੋਵੇਂ ਇਕੱਠੇ ਹੋ ਗਏ ‘ਤੇ ਨਾਲ-ਨਾਲ ਉੱਡਣ ਲੱਗੇ। ਉਨ੍ਹਾਂ ਦੀ ਆਪਸੀ ਗੱਲਬਾਤ ਸੁਭਾਵਕ ਸ਼ੁਰੂ ਹੋ ਗਈ । ਬਾਜ਼ ਨੇ ਕਿਹਾ,’ਦੇਖੋ! ਇਹ ਨੀਲਾ ਅਸਮਾਨ,ਇਹ ਵਿਸ਼ਾਲ ਦ੍ਰਿਸ਼, ਇਹ ਉੱਚੀ ਉਡਾਣ,ਇਸ ਦੇ ਨਾਲ ਇਹ ਡੂੰਘੀ ਸੋਚ ਅਤੇ ਬੁਲੰਦ ਨਜ਼ਰ!ਕੀ ਕਮਾਲ ਦੀ ਜ਼ਿੰਦਗੀ ਹੈ?’
ਗਿਰਝ, ਜੋ ਆਪਣੇ ਹੀ ਵਿਚਾਰਾਂ ਵਿਚ ਡੁੱਬੀ ਹੋਈ ਸੀ ਨੇ ਜਦ ਬਾਜ਼ ਦੀ ਇਹ ਗੱਲ ਸੁਣੀ ਤਾਂ ਬੋਲੀ,’ਹਾਂ, ਉਚਾਈ ਤਾਂ ਬਹੁਤ ਹੈ ਪਰ ਇਕੱਲੀ ਉਚਾਈ ਹੀ ਤਾਂ ਸੰਪੂਰਨ ਜ਼ਿੰਦਗੀ ਨਹੀਂ ਹੁੰਦੀ? ਜੀਵਨ ਜਿਊਣ ਲਈ ਤਾਂ ਹੋਰ ਵੀ ਬਹੁਤ ਕਿਰਿਆਵਾਂ ਅਤੇ ਲੋੜਾਂ ਦੀ ਪੂਰਤੀ ਕਰਨ ਦੀ ਲੋੜ ਪੈਂਦੀ ਹੈ। ਦ੍ਰਸ਼ਿਟੀ ਦੀ ਚੌੜਾਈ ਆਪਣੀ ਥਾਂ ‘ਤੇ ਹੈ ਪਰ ਹੋਂਦ ਦੀ ਲੋੜ ਪਹਿਲ ਹੈ,ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਉੱਚਤਾ ਮੈਨੂੰ ਮੇਰੀ ਲੋੜ ਨੂੰ ਲੁੱਟ ਰਹੀ ਹੈ।ਦੇਖ, ਖ਼ਾਲੀ ਉਚਾਈ ਸਾਡੇ ਖ਼ਾਲੀ ਪੇਟ ਕਦੇ ਭਰ ਨਹੀਂ ਸਕਦੀ ?’
ਬਾਜ਼ ਨੇ ਕਿਹਾ,’ਦੇਖ ,ਉਹ ਦੂਰੀ ‘ਤੇ ਚਮਕਦੀ ਵਸਤੂ ਕਿੰਨੀ ਸੁੰਦਰ ਲੱਗਦੀ ਹੈ? ਕਿੰਨਾ ਖ਼ੂਬਸੂਰਤ ਹੈ ਇਹ ਦ੍ਰਿਸ਼। ਕਿੰਨਾ ਸੂਖਮ ਹੈ ਇਹ ਮਾਹੌਲ।ਆ ਚੱਲ! ਮੇਰੇ ਨਾਲ,ਤਾਰਿਆਂ ਦੀ ਉਸ ਦੁਨੀਆ ਵਿਚ ਇੱਕ ਚੱਕਰ ਮਾਰ ਕੇ ਆਈਏ। ਤੈਨੂੰ ਦਿਖਾਵਾਂ ਕਿ ਸੂਰਜ ਕਿੱਥੇ ਚੜ੍ਹਦਾ ਹੈ’ਤੇ ਕਿੱਥੇ ਡੁੱਬਦਾ ਹੈ? ਆ! ਸੰਸਾਰ ਬਾਰੇ ਪਤਾ ਕਰੀਏ ਕਿ ਇਹ ਕੀ ਹੈ?’
ਗਿਰਝ ਨੇ ਬਾਜ਼ ਦੀ ਗੱਲ ਬੜੇ ਗਹੁ ਨਾਲ ਸੁਣੀ,ਪਰ ਉਸ ਨੂੰ ਸਮਝਣ ਅਤੇ ਸੋਚਣ ਦੀ ਬਜਾਏ ਕਿਹਾ ਕਿ ਇਹੋ ਜਿਹਿਆਂ ਦੂਰ ਦੀਆਂ ਗੱਲਾਂ ਬਾਰੇ ਮੈਂ ਨਹੀਂ ਸੋਚਦੀ। ਮੈਂ ਤਾਂ ਭੁੱਖੀ ਹਾਂ। ਮੈਂ ਤੇਰੇ ਨਾਲ ਕਿਉਂ ਬੇਮਤਲਬ ਭੁੱਖੀ-ਪਿਆਸੀ ਭੱਟਕਦੀ ਫਿਰਾਂ?ਮੇਰ ਲਈ ਤਾਂ ਜ਼ਿੰਦਗੀ ਦਾ ਕੋਈ ਭੇਦ ਕੇਵਲ ਪਹਿਲਾਂ ਢਿੱਡ ਦੀ ਭੁੱਖ ਨੂੰ ਦੂਰ ਕਰਨਾ ਹੈ। ਪਿਆਰੇ ਬਾਜ਼!ਇਹ ਜੀਵਨ ਕੇਵਲ ਅੱਗ ਹੈ ਅਤੇ ਇਹ ਅੱਗ ਇਸ ਦੇ ਹਰ ਹਿੱਸੇ ਵਿਚ ਮਘਦੀ ਹੈ – ਦਿਲ ਵਿਚ, ਮਨ ਵਿਚ, ਆਤਮਾ ਵਿਚ ਅਤੇ ਸਭ ਤੋਂ ਵੱਧ ਪੇਟ ਵਿਚ। ਢਿੱਡ ਦੀ ਅੱਗ ਨੂੰ ਬਿਨਾ ਬੁਝਾਏ, ਮੈਂ ਤੇਰੇ ਨਾਲ ਅਸਮਾਨ ਵਿਚ ਉੱਡਣ ਨਹੀਂ ਜਾ ਸਕਦੀ। ਕੀ ਜੇ ਤੇਰਾ ਪੇਟ ਖ਼ਾਲੀ ਹੋਵੇ ਤਾਂ  ਇਹ ਉੱਚੀਆਂ ਉਡਾਣਾਂ ਤੇਰੇ ਲਈ ਸੰਭਵ ਹਨ? ਤੂੰ ਜੀ ਸਦਕੇ ਤਾਰਿਆਂ ਅਤੇ ਸੂਰਜ ਦੀ ਖੋਜ ਕਰ।ਉਹ ਤੇਰੀ ਮੰਜ਼ਿਲ ਹੋਵੇਗੀ ਪਰ ਮੇਰੀ ਨਹੀਂ ਹੈ।
ਗੱਲਾਂ ਕਰਦਿਆਂ ਕਰਦਿਆਂ,ਗਿਰਝ ਨੂੰ ਧਰਤੀ ‘ਤੇ ਇੱਕ ਮੁਰਦਾਰ ਨਜ਼ਰੀਂ ਪਿਆ,ਜਿੱਥੇ ਉਸ ਦਾ ਭਾਈਚਾਰਾ ਇਕੱਠਾ ਹੋ ਰਿਹਾ ਸੀ। ਇਹ ਦੇਖਦੇ ਹੀ ਉਹਨੇ ਬਾਜ਼ ਨੂੰ ਅਲਵਿਦਾ ਕਹੀ ਅਤੇ ਧਰਤੀ ਵੱਲ ਸਿੱਧਾ ਮੋੜ ਕੱਟਦਿਆਂ ਮੁਰਦਾਰ ਕੋਲ ਜਾ ਪਹੁੰਚੀ।
ਮੈਂ ਸੋਚਦਾ ਹਾਂ ਕਿ ਗਿਰਝ ਅਤੇ ਬਾਜ਼ ਭਾਵੇਂ ਉਚਾਈ ‘ਤੇ ਉੱਡਦੇ ਹਨ ਪਰ ਫਿਰ ਵੀ ਉਹ ਦੋਵੇਂ ਇਸ ਮਾਰਗ ਦੇ ਵੱਖੋ-ਵੱਖਰੇ ਯਾਤਰੀ ਹਨ। ਭਾਵੇਂ ਉਨ੍ਹਾਂ ਨੂੰ ਨਾਲ-ਨਾਲ ਦੇਖਿਆ ਜਾ ਸਕਦਾ ਹੈ ਪਰ ਕਦੇ ਦੋਸਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਕਾਬ ਆਪਣਾ ਸ਼ਿਕਾਰ ਖ਼ੁਦ ਕਰਦਾ ਹੈ ਜਦੋਂ ਕਿ ਗਿਰਝ ਮਰੀ ਹੋਈ ਲਾਸ਼ ‘ਤੇ ਭੋਜਨ ਕਰਦੀ ਹੈ।
ਜਦੋਂ ਮੈਂ ਮਨੁੱਖੀ ਨਸਲਾਂ ਬਾਰੇ ਚਿੰਤਨ ਕਰਦਾ ਹਾਂ ਤਾਂ ਦੇਖਦਾ ਹਾਂ ਕਿ ਭਾਵੇਂ ਅਸੀਂ ਇੱਕ ਵਰਗੀਕ੍ਰਿਤ ਪਰਵਾਰ ਹਾਂ ਪਰ ਰਹਿਣ-ਸਹਿਣ ਦਾ ਵੱਖਰਾ-ਵੱਖਰਾ ਢੰਗ ਹਾਂ। ਅਸੀਂ ਇੱਕ ਹੁੰਦੇ ਹੋਏ ਵੀ ਅਸੀਮਿਤ ਜੀਵਨ ਸ਼ੈਲੀ ਵਿੱਚ ਵਿਚਰ ਰਹੇ ਹਾਂ।
ਇਹ ਕਿਹੋ ਜਿਹੀ ਹੈ ਸਾਡੀ ਜੀਵਨ ਗਾਥਾ? ਅਸੀਂ ਜੀਵਨ ਭਰ ਉੱਡ ਰਹੇ ਹਾਂ, ਪਰ ਦਿਸ਼ਾਹੀਣ।ਸਾਡੇ ਸਮਾਜ ਵਿੱਚ ਅਣਗਿਣਤ ਬਾਜ਼ ਅਤੇ ਗਿਰਝਾਂ ਵਿਚਰਦੇ ਹਨ। ਸਾਡੀ ਸਿਆਸਤ ਇਨ੍ਹਾਂ ਨਾਲ ਭਰੀ ਪਈ ਹੈ ਅਤੇ ਜੋ ਕਾਰੇ ਇਹ ਲੋਕ ਕਰਦੇ ਹਨ,ਤੁਸੀਂ ਭਲੀ ਭਾਂਤ ਜਾਣੂ ਹੋ।
ਸਾਡਾ ਆਲਾ-ਦੁਆਲਾ ਇਨ੍ਹਾਂ ਦੋ ਵਰਗਾਂ ਨਾਲ ਭਰਿਆ ਪਿਆ ਹੈ। ਬਹੁਤ ਹੀ ਘੱਟ ਲੋਕ ਹਨ,ਜੋ ਮਨੁੱਖਤਾ ਦੀ ਭਲੇ ਅਤੇ ਬਿਹਤਰ ਸੰਭਾਵਨਾ ਲਈ ਸੋਚਦੇ ਹਨ।
ਹੇ ਵਾਹਿਗੁਰੂ! ਅਜਿਹੇ ਗਿਰਝਾਂ ਅਤੇ ਬਾਜ਼ਾਂ ਵਰਗੇ ਪ੍ਰਵਿਰਤੀਆਂ ਦੇ ਮਾਲਕ ਵਿਅਕਤੀਆਂ ਨੂੰ, ਉਨ੍ਹਾਂ ਦੇ ਨਿੱਜੀ ਹਿਤਾਂ ਨੂੰ ਸ਼ਾਮਲ ਕੀਤੇ ਬਿਨਾਂ, ਸਮਾਜ ਦੀ ਉੱਨਤੀ ਲਈ ਕੰਮ ਕਰਨ ਦੀ ਸੱਚੀ ਦ੍ਰਿਸ਼ਟੀ ਪ੍ਰਦਾਨ ਕਰਵਾਉ ਤਾਂ ਜੋ ਬਾਹਰੀ ਅਤੇ ਅੰਦਰਲੀ ਉਡਾਰੀ ਵਿਚ ਕੋਈ ਫ਼ਰਕ ਨਾ ਸਮਝਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਚਿੰਤਨ
Next articleਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣਾ ਬਹੁਤ ਜਰੂਰੀ : ਡਾਕਟਰ ਰਣਜੀਤ ਸਿੰਘ ਰਾਏ