ਬੀਰਬਲ ਦਾ ਸ਼ਿਲਾ

ਸ਼ਿੰਦਾ ਬਾਈ
ਸ਼ਿੰਦਾ ਬਾਈ
(ਸਮਾਜ ਵੀਕਲੀ)  ਉਂਜ ਤਾਂ ਬੀਰਬਲ, ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਆਪਣੀ ਲਿਆਕਤ ਤੇ ਹਾਜ਼ਿਰ ਜਵਾਬੀ ਕਾਰਣ, ਇੱਕ ਖਾਸ ਮੁਕਾਮ ਤੇ ਪਹੁੰਚ ਚੁੱਕਿਆ ਸੀ ਪਰ ਅੰਦਰੋਂ ਅੰਦਰੀ ਸਾਰੇ ਹੀ ਦਰਬਾਰੀ ਉਸ ਤੋਂ ਖਾਰ ਖਾਂਦੇ ਸੀ। ਬੀਰਬਲ ਮੂੰਹਫਟ ਸੀ ਅਤੇ ਹਰੇਕ ਨੂੰ ਗੱਲ ਮੂੰਹ ਤੇ ਕਹਿ ਦਿੰਦਾ ਸੀ। ਇੱਥੋਂ ਤੱਕ ਕਿ ਇੱਕ ਵਾਰ ਉਸਨੇ ਬਾਦਸ਼ਾਹ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਆਵਦੀ ਕਿਸਮਤ ਕਰਕੇ ਬਾਦਸ਼ਾਹ ਹੋਂ,ਨਾ ਕਿ ਅਕਲ ਕਰਕੇ।ਜੇ ਅਕਲ ਕਰਕੇ ਬਾਦਸ਼ਾਹ ਬਣ ਹੁੰਦਾ ਤਾਂ ਬੀਰਬਲ •• ਬਾਦਸ਼ਾਹ ਹੁੰਦਾ। ਇਸ ਲਈ ਕਿਤੇ ਨ ਕਿਤੇ ਅਕਬਰ ਵੀ ਦਰਬਾਰੀਆਂ ਵਾਂਗ ਉਸਤੋਂ ਖ਼ੌਫ਼ ਖਾਂਦਾ ਸੀ। ਦਰਬਾਰੀ ਉਸ ਦੇ ਖਿਲਾਫ਼ ਸਾਜ਼ਿਸ਼ਾਂ ਵੀ ਕਰਦੇ ਰਹਿੰਦੇ ਤੇ ਬਾਦਸ਼ਾਹ ਦੇ ਕੰਨ ਵੀ ਭਰਦੇ ਰਹਿੰਦੇ। ਅਕਬਰ ਵੀ ਦੁਨੀਆਂ ਦੇ ਹਰ ਰਾਜੇ ਵਾਂਗ ਕੰਨਾਂ ਦਾ ਕੱਚਾ ਸੀ। ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਤੇ ਸਾਰੇ ਰਲ਼ ਕੇ ਬੀਰਬਲ ਦੀ ਹੇਠੀ ਹੁੰਦੀ ਵੇਖਣ ਦਾ ਮਜ਼ਾ ਲੁੱਟਦੇ। ਅਕਸਰ ਬੀਰਬਲ ਨੂੰ ਨਾਮੁਮਕਿਨ ਕੰਮ ਦੱਸੇ ਜਾਂਦੇ। ਇੱਕ ਬਾਰ ਦਰਬਾਰੀਆਂ ਦੇ ਚੁੱਕੇ-ਚੁਕਾਏ ਬਾਦਸ਼ਾਹ ਅਕਬਰ ਨੇ ਬੀਰਬਲ ਦੇ ਅੱਗੇ ਇੱਕ ਅਨੋਖੀ ਫਰਮਾਇਸ਼ ਰੱਖ ਦਿੱਤੀ •••
ਦਰਬਾਰ ਲੱਗਿਆ ਹੋਇਆ ਸੀ ਤੇ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ ਕਿ ਕਿਤੋਂ ਵੀ ਕਿੰਵੇਂ ਵੀ ਕਰਕੇ ਮੈਨੂੰ ਬਲ਼ਦ ਦਾ ਦੁੱਧ ਲਿਆ ਕੇ ਦੇ। ਸਾਰੇ ਦਰਬਾਰੀ ਗੁੱਝਾ ਹਾਸਾ ਹੱਸਦੇ, ਉੱਪਰੋਂ ਸੰਜ਼ੀਦਾ ਬਣੇ, ਮਜ਼ੇ ਲੈ ਰਹੇ ਸਨ। ਬੀਰਬਲ ਕਸੂਤਾ ਫਸ ਗਿਆ ਸੀ। ਜਵਾਬ ਦੇ ਨਹੀਂ ਸੀ ਸਕਦਾ, ਸਾਹਮਣੇ ਬਾਦਸ਼ਾਹੀ ਜਲਾਲ ਵਿੱਚ ਅਕਬਰ ਬੈਠਾ ਸੀ , ਪੱਥਰ ਦੀ ਮੂਰਤੀ ਬਣਿਆ। ਕੁੱਝ ਸੋਚ ਕੇ ਬੀਰਬਲ ਨੇ ਬਾਦਸ਼ਾਹ ਤੋਂ ਇੱਕ ਮਹੀਨੇ ਦਾ ਸਮਾਂ ਮੰਗਿਆ ਤੇ ਘਰੇ ਆ ਗਿਆ।
ਬੀਰਬਲ ਨੂੰ ਇੰਜ ਸੋਚਾਂ ਵਿੱਚ ਡੁੱਬਿਆ ਬੈਠਾ ਵੇਖ ਉਸਦੀ ਘਰਵਾਲ਼ੀ ਨੇ ਕਾਰਣ ਪੁੱਛਿਆ ਤਾਂ ਉਹਨੇ ਸਾਰੀ ਗੱਲਬਾਤ ਆਪਣੀ ਘਰਵਾਲ਼ੀ ਨੂੰ ਦੱਸੀ।ਸਾਰੀ ਗੱਲ ਸੁਣ ਕੇ ਉਹਦੀ ਘਰਵਾਲ਼ੀ ਹੱਸਦੇ ਹੋਏ ਬੋਲੀ •••” ਬਸ ! ਐਨੀ ਕੁ ਗੱਲ ਵਾਸਤੇ ਤੁਸੀਂ ਇੰਜ ਮੂੰਹ ਬਣਾਇਆ ਹੈ ਜਿੰਵੇ ਕਿਤੇ ਕੁੜੀ ਦੱਬ ਕੇ ਆਏ ਹੁੰਦੇ ਹੋ। ਬਾਦਸ਼ਾਹ ਨੂੰ ਜਿੰਨਾਂ ਵੀ ਬਲ਼ਦ ਦਾ ਦੁੱਧ ਚਾਹੀਦਾ ਹੈ ਉਹ ਮੈਂ ਦਰਬਾਰ ਵਿੱਚ ਜਾ ਕੇ ਦੇ ਆਵਾਂਗੀ। ਤੁਸੀਂ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ ਇਸ ਲਈ ਬੇਫ਼ਿਕਰ ਹੋ ਕੇ ਮਹੀਨਾ-ਡੂਢ  ਲੰਮੀਆਂ ਤਾਣ ਕੇ ਸੰਵੋ।”
ਉਸ ਦੀ ਗੱਲ ਸੁਣ ਕੇ ਬੀਰਬਲ ਹੈਰਾਨ ਰਹਿ ਗਿਆ ਪਰ ਉਸਦੀ ਸਿਆਣਪ ਤੇ ਭਰੋਸਾ ਸੀ ਇਸ ਲਈ ਉਸਦੀ ਗੱਲ ਮੰਨ ਕੇ ਨਿਹਚਿੰਤ ਹੋ ਕੇ ਛੁੱਟੀਆਂ ਮਨਾਉਣ ਲੱਗਾ।
ਜਦੋਂ ਮਹੀਨੇ ਬਾਅਦ ਦਰਬਾਰ ਵਿੱਚ ਦੁੱਧ ਲੈ ਕੇ ਹਾਜ਼ਰ ਹੋਣ ਦਾ ਸਮਾਂ ਆਇਆ ਤਾਂ ਬੀਰਬਲ ਦੀ ਜਗ੍ਹਾ ਤੇ ਉਸਦੀ ਤੀਂਵੀਂ ਦਰਬਾਰ ਵਿੱਚ ਜਾ ਹਾਜ਼ਰ ਹੋਈ।ਸਾਰਾ ਦਰਬਾਰ ਠਹਾਕਾ ਮਾਰ ਕੇ ਹੱਸ ਪਿਆ ਕਿ ਕਾਇਰ ਬੀਰਬਲ ਨੇ ਨਾਕਾਮਯਾਬ ਰਹਿਣ ਕਰਕੇ, ਬੇਇਜ਼ਤੀ ਦੇ ਡਰੋਂ,ਆਪਣੀ ਤੀਂਵੀਂ ਦੀ ਆੜ ਲੈ ਲਈ ਹੈ। ਬਾਦਸ਼ਾਹ ਅਕਬਰ ਵੀ ਇਹ ਵੇਖ ਕੇ ਸੋਚੀਂ ਪੈ ਗਿਆ ਬਈ  ‘ ਇਹ ਕੀ ਗੱਲ ਬਣੀ।’
ਖ਼ੈਰ •• ਅਕਬਰ ਨੇ ਬੀਰਬਲ ਦੀ ਘਰਵਾਲ਼ੀ ਤੋਂ ਬੀਰਬਲ ਦੇ ਨਾ ਆਉਣ ਬਾਰੇ ਪੁੱਛਿਆ ਤੇ ਉਸਨੂੰ ਬੀਰਬਲ ਵੱਲੋਂ ਕੀਤਾ ਗਿਆ ਵਾਅਦਾ ਯਾਦ ਕਰਵਾਇਆ।
ਬੀਰਬਲ ਦੀ ਘਰਵਾਲ਼ੀ ਬੋਲੀ •• ” ਮਹਾਰਾਜ ! ਰਾਜਾ ਬੀਰਬਲ ਜੀ ਨੇ ਬੱਚਾ ਜੰਮਿਆ ਹੈ ਤੇ ਉਹ ਏਸ ਵੇਲ਼ੇ ਆਪਣੇ ਸ਼ਿਲੇ ਵਿੱਚ ਹਨ , ਇਸ ਕਰਕੇ ਉਹ ਦਰਬਾਰ ਵਿੱਚ ਨਹੀਂ ਆ ਸਕੇ ਤੇ ਮੈਨੂੰ ਭੇਜਿਆ ਹੈ।”
ਅਜਿਹੀ ਅਨਹੋਣੀ ਗੱਲ ਸੁਣ ਕੇ ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ।ਉਸਦੀ ਗੱਲ ਦਾ ਭੇਦ ਪਾ ਕੇ ਬਾਦਸ਼ਾਹ ਅਕਬਰ ਹੱਸਦੇ ਹੋਏ ਬੋਲਿਆ ••” ਨਹੀਂ ਚਾਹੀਦਾ ਮੈਨੂੰ ਬਲ਼ਦ ਦਾ ਦੁੱਧ ••!! ਤੂੰ ਜਾ ਕੇ ਬੀਰਬਲ ਨੂੰ ਦਰਬਾਰ ਵਿੱਚ ਭੇਜ ਦੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾ
Next articleਗ਼ਜ਼ਲ…