ਰੱਖੜੀ ਸਪੈਸ਼ਲ

ਸ਼ਿੰਦਾ ਬਾਈ
(ਸਮਾਜ ਵੀਕਲੀ) ਬਾਲਾ ਭਰਾ ਰੋਡਵੇਜ਼ ਵਿੱਚ ਡਰੈਵਰ ਸੀ••ਠੇਕੇ ਤੇ। ਉਸਦੀਆਂ ਤਿੰਨ ਵੱਡੀਆਂ ਭੈਣਾਂ ਲਾਗਲੇ ਸ਼ਹਿਰ ਵਿਆਹੀਆਂ ਹੋਈਆਂ ਸਨ। ਮਾਂ ਬਾਪ ਦੇ ਜਾਣ ਤੋਂ ਬਾਅਦ ਬਾਲਾ ਹੀ ਭੈਣਾਂ ਦਾ ਪੇਕਾ ਸੀ। ਤਿੰਨੇ ਭੈਣਾਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸਨ। ਉਸਨੇ ਦੋ ਦਿਨ ਦੀ ਛੁੱਟੀ ਲਈ ਅਤੇ ਰੱਖੜੀ ਵਾਲ਼ੇ ਦਿਨ ਭੈਣਾਂ ਕੋਲ਼ ਜਾਣ ਦਾ ਪ੍ਰੋਗਰਾਮ ਬਣਾਇਆ।
ਸਵੇਰੇ ਸਾਝ੍ਹਰੇ ਬੱਸ ਬੈਠ ਕੇ ਬਾਲਾ ਦਸ ਵੱਜਦੇ ਨੂੰ ਵੱਡੀ ਭੈਣ ਦੇ ਘਰ ਪਹੁੰਚ ਗਿਆ। ਗਰਮੀ ਬਹੁਤ ਜ਼ਿਆਦਾ ਸੀ ਇਸ ਲਈ ਭੈਣ ਨੇ ਪਾਣੀ -ਧਾਣੀ ਪਿਆਉਣ ਤੋਂ ਬਾਅਦ ਪਹਿਲਾਂ ਉਸਨੂੰ ਨਹਾ ਲੈਣ ਦੀ ਸਲਾਹ ਦਿੱਤੀ। ਵੱਡੀ ਭੈਣ ਜਾਣਦੀ ਸੀ ਕਿ ਬਾਲਾ ਠੇਕੇ ਤੇ ਡਰੈਵਰ ਲੱਗਿਆ ਹੋਇਆ ਹੈ ਅਤੇ ਅੱਜਕਲ੍ਹ ਡਰੈਵਰਾਂ ਬਿਚਾਰਿਆਂ ਦਾ ਹਾਲ,ਠੀਕ ਠਾਕ ਜਿਹਾ ਹੀ ਹੈ। ਇਹ ਤਿੰਨੇ ਭੈਣਾਂ ਆਪੋ ਆਪਣੇ ਘਰੀਂ ਬਹੁਤ ਸੌਖੀਆਂ ਸਨ। ਬਾਲਾ ਜਦੋਂ ਨ੍ਹਾਉਣ ਗਿਆ ਤਾਂ ਉਸਦੇ ਕੱਪੜੇ ਸਾਂਭਦੀ ਵੱਡੀ ਭੈਣ ਨੇ ਅਚਾਨਕ ਉਸਦਾ ਬਟੂਆ ਵੇਖ ਲਿਆ। ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ ਕਿ ਪਰਸ ਵਿੱਚ ਜਿੰਨੇ ਪੈਸੇ ਸਨ,ਓਨੇ ਹੀ ਉਸਨੇ ਹੋਰ ਆਪਣੇ ਕੋਲ਼ੋਂ,ਬਾਲੇ ਦੇ ਬਟੂਏ ਵਿੱਚ ਪਾ ਦਿੱਤੇ।
ਨ੍ਹਾ ਧੋ ਕੇ ਭਰਾ ਨੇ ਭੈਣ ਕੋਲ਼ੋਂ ਰੱਖੜੀ ਬੰਨ੍ਹਵਾਈ ਅਤੇ ਸਾਰਿਆਂ ਨੇ ਖੁਸ਼ੀ ਖੁਸ਼ੀ ਰੋਟੀ ਪਾਣੀ ਖਾਧਾ।ਘੰਟਾ ਕੁ ਅਰਾਮ ਕਰ ਕੇ ਬਾਲੇ ਨੇ,’ਦੂਜੀਆਂ ਭੈਣਾਂ ਕੋਲ਼ ਵੀ ਜਾਣਾ ਹੈ ‘ ਦਾ ਕਹਿ ਕੇ,ਵੱਡੀ ਭੈਣ ਕੋਲ਼ੋਂ ਜਾਣ ਦੀ ਇਜਾਜ਼ਤ ਮੰਗੀ। ਤੁਰਨ ਲੱਗਿਆਂ ਉਸ ਨੇ ਭੈਣ ਨੂੰ ਰੱਖੜੀ ਦੇ ਸ਼ਗਨ ਵੱਜੋਂ 2000 ਰੁਪਏ ਦਿੱਤੇ। ਟਾਟਾ ਬਾਏ – ਬਾਏ  ਕਰਦਿਆਂ ਭੈਣ ਭਰਾ ਖੁਸ਼ੀ ਖੁਸ਼ੀ ਵੱਖ ਹੋਏ।
ਬਾਲੇ ਦੀ ਦੂਜੀ ਭੈਣ ਦਾ ਘਰ ਵੀ ਓਸੇ ਮਹੱਲੇ ਵਿੱਚ ਹੀ ਸੀ। ਪੈਦਲ ਹੀ ਤੁਰਿਆ ਗਿਆ ਅਤੇ 15-20 ਮਿੰਟਾਂ ਵਿੱਚ ਭੈਣ ਦੇ ਘਰੇ ਜਾ ਪਹੁੰਚਿਆ। ਬਾਅਦ ਦੁਪਹਿਰ ਦਾ ਸਮਾਂ ਸੀ, ਅਗਸਤ ਦਾ ਅੰਤ ਸੀ ਤੇ ਕਹਿਰਾਂ ਦੀ ਗਰਮੀ ਸੀ। ਇਸ ਭੈਣ ਨੇ ਵੀ ਬਾਲੇ ਨੂੰ ਪਹਿਲਾਂ ਨ੍ਹਾ ਲੈਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਤਦ ਤੱਕ ਮੈਂ ਚਾਹ ਪਾਣੀ ਤਿਆਰ ਕਰਦੀ ਹਾਂ। ਚਾਹ ਪੀ ਕੇ ਫੇਰ ਰੱਖੜੀ ਬੰਨ੍ਹਾਂਗੇ। ਬਾਲਾ ਨ੍ਹਾਉਣ ਗਿਆ ਤੇ ਉਸਦੇ ਕੱਪੜੇ ਸਾਂਭਦੀ ਹੋਈ,ਇਸ ਭੈਣ ਨੇ ਵੀ ਵੱਡੀ ਭੈਣ ਵਾਂਗ ਬਾਲੇ ਦਾ ਬਟੂਆ ਖੋਲ੍ਹ ਕੇ ਦੇਖਿਆ। ਉਸ ਵਿੱਚ ਜਿੰਨੇ ਵੀ ਪੈਸੇ ਸਨ ਉਸਨੇ ਗਿਣੇ ਤੇ ਓਨੇ ਹੀ ਹੋਰ, ਆਪਣੇ ਕੋਲ਼ੋਂ ਬਾਲੇ ਦੇ ਬਟੂਏ ਵਿੱਚ ਪਾ ਦਿੱਤੇ।ਭਰਾ ਨ੍ਹਾ ਕੇ ਆਇਆ ਤਾਂ ਭੈਣ ਨੇ ਬੜੇ ਪਿਆਰ ਨਾਲ਼ ਉਸਦੇ ਰੱਖੜੀ ਬੰਨ੍ਹੀ। ਸਾਰਿਆਂ ਨੇ ਖੁਸ਼ੀ ਖੁਸ਼ੀ ਚਾਹ ਪਾਣੀ ਪੀਤਾ। ਦੁਪਹਿਰਾਂ ਢਲ਼ ਚੱਲੀਆਂ ਸੀ ਪਰ ਅਜੇ ਬਾਲੇ ਨੇ ਇੱਕ ਹੋਰ ਭੈਣ ਦੇ ਘਰੇ ਜਾਣਾ ਸੀ।ਇਸ ਲਈ ਉਸਨੇ ਵਿਚ‌ਕ੍ਹਾਰਲੀ ਭੈਣ ਤੋਂ ਵੀ ਇਜਾਜ਼ਤ ਲਈ ਅਤੇ ਤੁਰਨ ਲੱਗਿਆਂ ਇਸ ਭੈਣ ਨੂੰ ਵੀ ਉਸਨੇ 2000 ਰੁਪਏ ਰੱਖੜੀ ਦਾ ਸ਼ਗਨ ਦਿੱਤਾ।
ਛੋਟੀ ਭੈਣ ਦੇ ਘਰੇ ਪਹੁੰਚਿਆ ਤਾਂ ਘਰੇ ਕੱਲਾ ਨੌਕਰ ਹੀ ਸੀ।ਇਸ ਭੈਣ ਦਾ ਘਰਵਾਲ਼ਾ ਸਪੇਨ ਵਿੱਚ ਨੌਕਰੀ ਕਰਦਾ ਸੀ ਤੇ ਨੌਕਰ ਨੇ ਦੱਸਿਆ ਕਿ ਤੁਹਾਨੂੰ ਬਿਠਾਉਣ ਲਈ ਕਹਿ ਕੇ ਭੈਣ ਜੀ ਆਪ ਮਾਤਾ ਜੀ ਨੂੰ ਡਾਕਟਰ ਤੋਂ ਦਵਾਈ ਦੁਵਾਉਣ ਗਏ ਹੋਏ ਨੇ।ਬਾਲੇ ਦੀ ਤਾਂ ਸਲਾਹ ਫਟਾਫੱਟ ਰੱਖੜੀ ਬਨ੍ਹਾ ਕੇ ਮੁੜਨ ਦੀ ਸੀ ਪਰ ਮਜਬੂਰੀ ਵਸ ਉਸਨੂੰ ਰੁਕਣਾ ਪਿਆ। ਭੈਣ ਤੇ ਉਹਦੀ ਸੱਸ ਨੂੰ ਦਵਾਈ ਲੈ ਕੇ ਮੁੜਦੀਆਂ ਨੂੰ ਕੁਵੇਲਾ ਹੋ ਗਿਆ ਸੀ। ਰੱਖੜੀ ਬੰਨ੍ਹਣ ਦਾ ਪ੍ਰੋਗਰਾਮ ਸਵੇਰ ਤੇ ਪਾ ਦਿੱਤਾ ਗਿਆ ਤੇ ਭੈਣ ਭਰਾ ਰੋਟੀ ਪਾਣੀ ਖਾਂਦਿਆ ਦੇਰ ਰਾਤ ਤੱਕ ਦੁਖ-ਸੁਖ ਕਰਦੇ ਰਹੇ।
ਸਵੇਰੇ ਬਾਲਾ ਜਦੋਂ ਨ੍ਹਾਉਣ ਗਿਆ ਹੋਇਆ ਸੀ ਤਾਂ ਇਸ ਛੋਟੀ ਭੈਣ ਨੇ ਵੀ , ਵੱਡੀਆਂ ਭੈਣਾਂ ਵਾਂਗ ਭਰਾ ਦਾ ਬਟੂਆ ਵੇਖਿਆ ਤੇ ਉਸ ਵਿਚਲੇ ਪੈਸੇ ਗਿਣ ਕੇ,ਓਨੇ ਹੀ ਪੈਸੇ ਹੋਰ ਆਪਣੇ ਕੋਲ਼ੋਂ ਉਸ ਵਿੱਚ ਪਾ ਦਿੱਤੇ। ਰੱਖੜੀ ਬਨ੍ਹਾ ਕੇ ਬਾਲੇ ਨੇ ਇਸ ਭੈਣ ਨੂੰ ਵੀ 2000 ਰੁਪਏ ਸ਼ਗਨ ਦਿੱਤਾ ਅਤੇ ਖੁਸ਼ੀ ਖੁਸ਼ੀ ਵਿਦਾ ਲਈ।
ਬਾਲਾ ਆਪਣੇ ਬਟੂਏ ਵਿਚਲੇ ਪੈਸਿਆਂ ਉਪਰ ਹੈਰਾਨ ਹੋਇਆ ਪਿਆ ਸੀ। ਘਰ ਪਹੁੰਚ ਕੇ ਪੈਸੇ ਗਿਣੇ ਤਾਂ ਅਜੇ ਵੀ ਉਸਦੇ ਬਟੂਏ ਵਿੱਚ 5000 ਰੁਪਏ ਬਚੇ ਹੋਏ ਸਨ।
ਬਾਲਾ ਡਰੈਵਰ ਸੀ।ਬੱਸ ਦਾ ਪਾਸ ਬਣਿਆ ਹੋਇਆ ਸੀ। ਇੱਕ ਭੈਣ ਤੋਂ ਦੂਜੀ ਭੈਣ ਦੇ ਘਰੇ ਉਹ ਪੈਦਲ ਗਿਆ ਸੀ। ਭੈਣਾਂ ਲਈ ਗਿਫ਼ਟ ਉਹ ਘਰੋਂ ਹੀ ਨਾਲ਼ ਲੈ ਕੇ ਗਿਆ ਸੀ। ਰਾਹ ਵਿੱਚ ਉਸਨੂੰ ਹੋਰ ਕੋਈ ਖਰਚਾ ਨਹੀਂ ਪਿਆ ਸੀ।
ਤਾਂ ਆਪ ਸਭ ਹਿਸਾਬ ਦੇ ਮਾਹਰਾਂ ਨੂੰ ਸਵਾਲ ਇਹ ਕਿ ਤਿੰਨਾਂ ਭੈਣਾਂ ਨੂੰ ਮਿਲ਼ਣ ਜਾਣ ਲਈ ਤੁਰਨ ਵੇਲ਼ੇ, ਬਾਲੇ ਦੇ ਬਟੂਏ ਵਿੱਚ ਕਿੰਨੀ ਰਕਮ ਸੀ ••? ਵੇਖੀਏ ਕੌਣ ਹਿਸਾਬ ਦਾ ਅਫ਼ਲਾਤੂਨ ਬਣਦਾ ਹੈ ਅਤੇ ਕਿਸਦਾ ਜਵਾਬ ਸਹੀ ਨਿੱਕਲ਼ਦਾ ਹੈ।
ਸ਼ਿੰਦਾ ਬਾਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਰੱਖੜੀ ਦਿਹਾੜਾ ਮਨਾਇਆ