ਤੇਜਿੰਦਰ ਚੰਡਿਹੋਕ ਦੀ ਪੁਸਤਕ “ਅਕਥੁ ਨ ਕਥਨਾ ਜਾਈ” ਤੇ ਵਿਚਾਰ ਗੋਸ਼ਟੀ ਕਰਵਾਈ

ਇੱਕ ਸਤਹੀ ਤੇ ਗਹਿਰੀ ਪੱਧਰ ਦਾ ਰੀਵਿਊਕਾਰ ਹੈ ਚੰਡਿਹੋਕ : ਮਾਲਵਿੰਦਰ 

ਬਰਨਾਲਾ, (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਹਿਤਕਾਰ ਅਤੇ ਆਲੋਚਕ ਤੇਜਿੰਦਰ ਚੰਡਿਹੋਕ ਦੀ ਪੁਸਤਕ “ਅਕਥੁ ਨਾ ਕਥਨਾ ਜਾਈ ” ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਵਿੱਤ ਸਕੱਤਰ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਪ੍ਰਧਾਨ ਤੇਜਾ ਸਿੰਘ ਤਿਲਕ, ਮਾਲਵਿੰਦਰ ਸ਼ਾਇਰ, ਤੇਜਿੰਦਰ ਚੰਡਿਹੋਕ, ਕੰਵਰਜੀਤ ਭੱਠਲ ਸੰਪਾਦਕ ਕਲਾਕਾਰ, ਉੱਘੇ ਕਵੀ ਮਿੰਦਰਪਾਲ ਭੱਠਲ, ਡਾਕਟਰ ਹਰਿਭਗਵਾਨ ਸ਼ਾਮਲ ਸਨ ਜਿਹਨਾਂ ਵਿਚ ਮਿੰਦਰਪਾਲ ਭੱਠਲ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਇਹ ਪੁਸਤਕ ਤੇਜਿੰਦਰ ਚੰਡਿਹੋਕ ਦੀ ਸਮੀਖਿਆਵਾਂ ਦੀ ਪਹਿਲੀ ਪੁਸਤਕ ਹੈ ਜਿਸ ਵਿਚ ਵੱਖ-ਵੱਖ ਵਿਧਾਵਾਂ ਜਾਂ ਵੰਨਗੀਆਂ ਦੀਆਂ ਸੰਤਾਲੀ ਪੁਸਤਕਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਪੁਸਤਕ ਉੱਪਰ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ “ਸ਼ਬਦ ਰੀਵਿਊ ਅਤੇ ਪੁਸਤਕ ਅਕਥੁ ਨ ਕਥਨਾ ਜਾਈ ਦਾ ਕਲਾਤਮਿਕ ਵਿਸ਼ਲੇਸ਼ਣ” ਸਿਰਲੇਖ ਅਧੀਨ ਪੇਪਰ ਪੜ੍ਹਦਿਆਂ ਕਿਹਾ ਕਿ ਪੁਸਤਕ ਪੜਚੋਲ ਦਾ ਖੇਤਰ ਬਹੁਤ ਵਿਸ਼ਾਲ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮੀਖਿਆਕਾਰ ਤੇਜਿੰਦਰ ਚੰਡਿਹੋਕ ਇੱਕ ਸਤਹੀ ਤੇ ਗਹਿਰੀ ਪੱਧਰ ਦਾ ਪੁਸਤਕ ਰੀਵਿਊਕਾਰ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਪਹਿਲੀ ਪੁਸਤਕ ਹੈ ਜਿਸ ‘ਤੇ ਪੇਪਰ ਲਿਖਿਆ ਗਿਆ ਹੈ।
ਪੁਸਤਕ ਤੇ ਬਹਿਸ ਦਾ ਆਗਾਜ਼ ਕਰਦਿਆਂ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਰੀਵਿਊ ਵਿਚ ਇਕ ਸੰਜਮਤਾ ਹੁੰਦੀ ਹੈ ਅਤੇ ਉਹ ਕਈ ਦੋਸਤ ਵੀ ਬਣਾਉਂਦੀ ਹੈ। ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗੋਸ਼ਟੀ ਦਾ ਅਰਥ ਕੇਵਲ ਨੁਕਸ ਕੱਢਣਾ ਹੀ ਨਹੀਂ ਹੁੰਦਾ ਸਗੋਂ ਸਾਰਥਿਕ ਗੱਲ ਕਰਨਾ ਹੁੰਦਾ ਹੈ। ਇਹਨਾਂ ਤੋਂ ਇਲਾਵਾ ਡਾਕਟਰ ਉਜਾਗਰ ਸਿੰਘ ਮਾਨ, ਮਹਿੰਦਰ ਸਿੰਘ ਰਾਹੀ, ਲਛਮਣ ਦਾਸ ਮੁਸਾਫ਼ਿਰ, ਤੇਜਾ ਸਿੰਘ ਤਿਲਕ, ਕੰਵਰਜੀਤ ਭੱਠਲ, ਜਗਤਾਰ ਜਜ਼ੀਰਾ ਆਦਿ ਨੇ ਬਹਿਸ ਵਿੱਚ ਹਿੱਸਾ ਲਿਆ। ਉਪਰੰਤ ਪੇਪਰ ਤੇ ਉੱਠੇ ਨੁਕਤਿਆਂ ਤੇ ਮਾਲਵਿੰਦਰ ਸ਼ਾਇਰ ਨੇ ਸਾਰਥਿਕਤਾ ਭਰਪੂਰ ਅਤੇ ਤਸੱਲੀਬਖ਼ਸ਼ ਜਵਾਬ ਦਿੱਤੇ ਅਤੇ ਤੇਜਿੰਦਰ ਚੰਡਿਹੋਕ ਨੇ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਬਾਰੇ ਖ਼ੂਬਸੂਰਤ ਜਾਣਕਾਰੀ ਦਿੱਤੀ। ਸਭਾ ਵੱਲੋਂ ਲੇਖਕ ਤੇਜਿੰਦਰ ਚੰਡਿਹੋਕ ਅਤੇ ਮਾਲਵਿੰਦਰ ਸ਼ਾਇਰ ਦਾ ਮਾਣ-ਪੱਤਰ ਅਤੇ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜ਼ਰ ਕਵੀਆਂ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਕਰਮਜੀਤ ਭੱਠਲ, ਚਰਨੀ ਬੇਦਿਲ, ਦਰਬਾਰਾ ਸਿੰਘ ਫੌਜੀ, ਸੋਹਣ ਸਿੰਘ ਮਾਝੀ, ਮਿੱਠੂ ਪਾਠਕ ਅਤੇ ਰਘਬੀਰ ਸਿੰਘ ਗਿੱਲ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ। ਸਮਾਗਮ ਦਾ ਮੰਚ ਸੰਚਾਲਨ ਤੇਜਾ ਸਿੰਘ ਤਿਲਕ ਨੇ ਕੀਤਾ ਅਤੇ ਮੁੱਖ ਮਹਿਮਾਨ ਮਿੰਦਰਪਾਲ ਭੱਠਲ ਨੇ ਸਮਾਗਮ ਨੂੰ ਸ਼ਾਨਦਾਰ ਦਸਦਿਆਂ ਕਿਹਾ ਕਿ ਪੁਸਤਕਾਂ ਤੇ ਇੰਝ ਹੀ ਉਸਾਰੂ ਚਰਚਾ ਹੋਣੀ ਚਾਹੀਦੀ ਹੈ ਜੋ ਨਵੇਂ ਸਾਹਿਤਕਾਰਾਂ ਲਈ ਮਾਰਗ-ਦਰਸ਼ਕ ਬਣੇ।
ਸਮਾਗਮ ਵਿੱਚ ਡਾਕਟਰ ਰਾਮਪਾਲ ਸਿੰਘ, ਹਰਦੀਪ ਕੁਮਾਰ, ਪ੍ਰਿੰ. ਹਰੀਸ਼ ਬਾਂਸਲ, ਦਰਸ਼ਨ ਸਿੰਘ, ਬ੍ਰਿਜ ਲਾਲ ਧਨੌਲਾ, ਅੰਤਰਜੀਤ ਭੱਠਲ, ਗਗਨਦੀਪ ਸਿੰਘ ਸੰਧੂ, ਕਰਮਿੰਦਰ ਸਿੰਘ, ਗਿਆਨੀ ਕਰਮ ਸਿੰਘ ਭੰਡਾਰੀ, ਜਗਜੀਤ ਸਿੰਘ ਢਿੱਲਵਾਂ, ਗੁਰਪਾਲ ਸਿੰਘ ਬਿਲਾਵਲ ਅਤੇ ਅਵਤਾਰ ਸਿੰਘ ਰਾਏਸਰ ਆਦਿ ਸ਼ਾਮਿਲ ਹੋਏ।
ਰਿਪੋਰਟ – ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਉਡਾਨ ਭਰੋ
Next articleਅਮਰੀਕਾ ਦੇ ਸ਼ਹਿਰ ਡੈਲਸ ਵਿਖੇ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਕਰਵਾਇਆ ਗਿਆ