(ਸਮਾਜ ਵੀਕਲੀ)
ਆਜ਼ਾਦੀ ਦਾ ਦਿਹਾੜਾ ਬੜੀ ਖੁਸ਼ੀ ਨਾ ਮਨਾਇਆ ਕੱਲ੍ਹ
ਨਾਲ਼ੇ ਪਿੱਛੇ ਝਾਕਿਆ ਮੈਂ ਹੋਈਆਂ ਘਟਨਾਵਾਂ ਵੱਲ੍ਹ
ਹੋਣਾ ਨਹੀਂ ਸੀ ਓਹੋ ਸੱਭ, ਐਸਾ ਨਾ ਸਮਾਜ ਹੁੰਦਾ
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਕੋਈ ਵੀ ਨਾ ਇੱਥੇ, ..ਸਹੂਲਤਾਂ ਤੋਂ ਵਾਂਝਾ ਹੁੰਦਾ
ਜੋ ਵੀ ਹੁੰਦਾ ਦੇਸ਼ ਵਿੱਚ ਸਾਰਿਆਂ ਦਾ ਸਾਂਝਾ ਹੁੰਦਾ
ਹਰ ਪਾਸੇ ਵੱਜਦਾ ਨਾ ਧਰਮਾਂ ਦਾ ਸਾਜ਼ ਹੁੰਦਾ …
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਹਰ ਜਨ ਕਰਦਾ,..ਪਾਲਣਾ ਕਾਨੂੰਨ ਦੀ
ਦੇਸ਼ ਨੂੰ ਤਰੱਕੀ ‘ਤੇ ਲਿਜਾਣ ਦੇ ਜਨੂੰਨ ਦੀ
ਗੰਦਗੀ ਨਾ ਹੁੰਦੀ ਇੱਥੇ, ਸੱਭਿਆ ਸਮਾਜ ਹੁੰਦਾ …
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਬੇ-ਰੁਜ਼ਗਾਰੀ ਨਾ ਹੀ ਭ੍ਰਿਸ਼ਟਾ-ਆਚਾਰੀ ਹੁੰਦੀ
ਕੰਮ ਦੀ ਕਦਰ ਇੱਥੇ ਮਿਹਨਤ ਪਿਆਰੀ ਹੁੰਦੀ
ਕੋਈ ਵੀ ਨਾ ਬੰਦਾ ਪੈਸੇ-ਪੈਸੇ ਦਾ ਮੁਥਾਜ ਹੁੰਦਾ …
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਸੜਕਾਂ ਦੇ ਉੱਤੇ ਡੂੰਘੇ-ਡੂੰਘੇ ਨਾ ਹੀ ਟੋਏ ਹੁੰਦੇ
ਲੱਖਾਂ ਪਰਿਵਾਰ ਵਿੱਚ ਡਿਗ ਕੇ ਨਾ ਮੋਏ ਹੁੰਦੇ
ਰਹਿਣ-ਸਹਿਣ ਸਾਰਿਆਂ ਦਾ ਉੱਚਾ ਬੇ-ਹਿਸਾਬ ਹੁੰਦਾ …
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਅੱਜ ਵੀ ਸਿਆਣੇ ਬਾਪੂ ਗੋਰਿਆਂ ਦੇ ਵੱਲ੍ਹ ਦੇ
ਕਹਿੰਦੇ ਰੱਬਾ ਮੋੜਕੇ ਤੂੰ ਗੋਰਿਆਂ ਨੂੰ ਘੱਲ ਦੇ
ਇਹਨਾਂ ਲੀਡਰਾਂ ਤੋਂ ਚੰਗਾ, ਸਿਰ ਗੋਰਿਆਂ ਦੇ ਤਾਜ਼ ਹੁੰਦਾ …
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਕਾਹਦੀ ਇਹ ਆਜ਼ਾਦੀ ਜਿੱਥੇ ਜ਼ੁਲਮਾਂ ਦੀ ਅੱਤ ਹੋਵੇ
ਔਰਤ ਦੀ ਸ਼ਰੇਆਮ ਲੁੱਟੀ ਜਾਂਦੀ ਪੱਤ ਹੋਵੇ
ਇਹੋ ਜਿਹੇ ਮੁਲ਼ਕ ਤੇ ਕਾਹਦਾ “ਖੁਸ਼ੀ” ਨਾਜ਼ ਹੁੰਦਾ
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਹੋਣਾ ਨਹੀਂ ਸੀ ਓਹੋ ਸੱਭ, ਐਸਾ ਨਾ ਸਮਾਜ ਹੁੰਦਾ
ਇੰਡੀਆ ਦੇ ਵਿੱਚ ‘ਗਰ ਗੋਰਿਆਂ ਦਾ ਰਾਜ ਹੁੰਦਾ…
ਖੁਸ਼ੀ ਮੁਹੰਮਦ “ਚੱਠਾ”