ਨਗਰ ਨਿਗਮ ਹੁਸਿਆਰਪੁਰ ਵਲੋ 19 ਤੋਂ 23 ਅਗਸਤ ਤੱਕ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ

ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ

ਕਮਿਸ਼ਨਰ ਨਗਰ ਨਿਗਮ ਹੁਸਿਆਰਪੁਰ ਡਾ. ਅਮਨਦੀਪ ਕੌਰ ਨੇ ਲੋਕਾਂ ਨੂੰ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ

ਹੁਸਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਸਰਕਾਰ 19-23 ਅਗਸਤ ਦੌਰਾਨ ਰਾਜ ਪੱਧਰੀ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਜਿਸ ਤਹਿਤ ਸ਼ਹਿਰ ਭਰ ਵਿੱਚ ਗਾਰਬੇਜ ਵੁਲਨੇਰੇਬਲ ਪੁਆਇੰਟਸ (ਜੀ.ਵੀ.ਪੀ.) ਨੂੰ ਪੱਕੇ ਤੌਰ ‘ਤੇ ਹਟਾਉਣ ਅਤੇ ਟਿਕਾਊ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਹੁਸਿਆਰਪੁਰ ਨਗਰ ਨਿਗਮ ਵੱਲੋਂ ਇੱਕ ਹਫ਼ਤੇ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। 19 ਤੋਂ 23 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 19-20 ਅਗਸਤ ਤੱਕ ਸ਼ਹਿਰ ਵਿੱਚ ਮੌਜੂਦ ਜੀ.ਵੀ.ਪੀ ਏਰੀਆ ਵਿੱਚੋਂ ਕੂੜਾ ਚੁੱਕਣ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਸਾਫ਼ ਕੀਤੇ ਗਏ ਜੀ.ਵੀ.ਪੀ ਖੇਤਰਾਂ ਵਿੱਚ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਦੀ ਨਿਗਰਾਨੀ ਲਈ ਨਿਗਰਾਨ ਪ੍ਰਣਾਲੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਉਥੇ ਕੂੜਾ ਨਾ ਸੁੱਟੇ। 21-22 ਅਗਸਤ ਨੂੰ ਸੁੱਕਾ ਕਚਰਾ, ਖਾਸ ਤੌਰ ‘ਤੇ ਪਲਾਸਟਿਕ ਦੀਆਂ ਬੋਤਲਾਂ, ਡੱਬਿਆਂ, ਲਿਫਾਫੇ ਆਦਿ ਨੂੰ ਸੜਕਾਂ, ਗਲੀਆਂ, ਗਰੀਨ ਬੈਲਟ, ਜਨਤਕ ਖੇਤਰਾਂ ਆਦਿ ਤੋਂ ਇਕੱਠਾ ਕੀਤਾ ਜਾਵੇਗਾ ਅਤੇ ਐੱਮ.ਆਰ.ਐੱਫ. ਕੇਂਦਰਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਪਲਾਸਟਿਕ ਨੂੰ ਗੱਠਾਂ ਬਣਾ ਕੇ ਰੀਸਾਈਕਲ ਕੀਤਾ ਜਾਵੇਗਾ ਅਤੇ ਫਿਰ ਰੀਸਾਈਕਲ ਲਈ ਵੇਚਿਆ ਜਾਵੇਗਾ। 23 ਅਗਸਤ ਨੂੰ ਸ਼ਹਿਰ ਦੇ ਵੱਖ-ਵੱਖ ਕੰਪੋਸਟ ਸੈਂਟਰਾਂ ਵਿੱਚ ਨਿਗਮ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਜਾ ਰਹੀ ਜੈਵਿਕ ਖਾਦ ਨੂੰ ਸ਼ਹਿਰ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਇਸ ਪੰਜ ਰੋਜ਼ਾ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਆਪਣੇ ਇਲਾਕੇ ਦੇ ਸੈਨੇਟਰੀ ਇੰਸਪੈਕਟਰਾਂ, ਸਵੱਛ ਭਾਰਤ ਮੁਹਿੰਮ ਤਹਿਤ ਕੰਮ ਕਰਦੇ ਫੈਸੀਲੀਟੇਟਰਾਂ ਅਤੇ ਪ੍ਰੇਰਕਾਂ ਨਾਲ ਸੰਪਰਕ ਕਰਕੇ, ਇਸ ਮੁਹਿੰਮ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਘਰ ਦੇ ਨੇੜੇ ਕਿਤੇ ਵੀ ਜੀ.ਵੀ.ਪੀ ਹੈ ਤਾਂ ਉਹ ਤੁਰੰਤ ਇਸ ਬਾਰੇ ਨਗਰ ਨਿਗਮ ਨੂੰ ਸੂਚਿਤ ਕਰਨ ਜਾਂ ਐਮ-ਸੇਵਾ ਐਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਜੋ ਉਥੋਂ ਕੂੜੇ ਨੂੰ ਸਾਫ਼ ਕੀਤਾ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਫਤਰ ਨਗਰ ਨਿਗਮ ਵਿਖੇ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ: ਡਾ.ਅਮਨਦੀਪ ਕੋਰ
Next articleਸੁਤੰਤਰਤਾ ਦਿਵਸ ਮੌਕੇ ਚੇਅਰਮੈਨ ਔਲਖ ਨੇ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਲਹਿਰਾਇਆ ਤਿਰੰਗਾ