(ਸਮਾਜ ਵੀਕਲੀ)
ਸਾਉਣ ਦਾ ਮਹੀਨਾ ਰੁੱਤ ਆਈ ਏ ਪਿਆਰ ਦੀ
ਕੱਲੀ ਕੱਲੀ ਰੀਝ ਮੇਰੀ ਤੈਨੂੰ ਅਵਾਜ਼ਾਂ ਮਾਰਦੀ
ਦਿੱਸਦਾ ਨਾ ਤੂੰ ਬੁਰਾ ਹਾਲ ਹੋਇਆ ਝੱਲੀ ਦਾ
ਲੱਗਦਾ ਨੀ ਚਿੱਤ ਤੇਰੇ ਬਾਜੋਂ ਹੁਣ ਕੱਲੀ ਦਾ
ਹੌਲ ਪੈਂਦੇ ਸੀਨੇ ਪੀਘਾਂ ਝੂਟਣ ਸਹੇਲੀਆਂ
ਪਾਉਣ ਜਦੋਂ ਗਿੱਧਾ ਆ ਜਾਂਦੀਆਂ ਤਰੇਲ਼ੀਆਂ
ਫੁੱਲਾਂ ਜਿਹਾ ਮੁੱਖ਼ ਮੁਰਝਾਇਆ ਤੇਰੀ ਨਾਰ ਦਾ
ਕਰਾਂ ਰੱਜ ਕੇ ਪਿਆਰ ਆਇਆ ਮੌਸਮ ਬਹਾਰ ਦਾ
ਟੂਣੇ ਹਾਰੀ ਅੱਖੀਆਂ ਚ ਕੱਜਲਾ ਵੀ ਸੰਗਦਾ
ਘੁੱਟ ਲਾਵਾਂ ਸੀਨੇ ਤੈਨੂੰ ਦਿਲ ਇਹੀਓ ਮੰਗਦਾ
ਹੱਥੀਂ ਮਹਿੰਦੀ, ਬਾਹੀਂ ਚੂੜਾ ਮੱਥੇ ਸੱਗੀ ਫੁੱਲ ਵੇ
ਕੀਹਦੇ ਲਈ ਸਜਾਵਾਂ ਜਦ ਤੂੰਹੀਓਂ ਬੈਠਾ ਭੁੱਲ ਵੇ
ਸਾਉਣ ਦੀ ਝੜੀ ਚ ਮੋਰ ਪੈਲ ਪਾਈ ਰੱਖਦੇ
ਭਾਬੋ ਦੀ ਰਸੋਈ ਵਿੱਚ ਖ਼ੀਰ ਪੂੜੇ ਪੱਕਦੇ
ਫੁੱਲਾਂ ਨਾਲ ਸੋਹਣਿਆਂ ਵੇ ਪੀਂਘ ਮੈਂ ਸ਼ਿੰਗਾਰੀ ਏ
ਤੇਰੀ ਕਰਦੀ ਉਡੀਕ ਮੇਰੀ ਰੀਝ ਕੁਆਰੀ ਏ
ਲੰਘ ਜੇ ਨਾ ਰੁੱਤ ਕਿਤੇ ਪਿਆਰੀ ਵਾਲੀ ਢੋਲਣਾ
ਹੁਣ ਜੇ ਨਾ ਆਇਓਂ ਅਸਾਂ ਕਦੇ ਵੀ ਨੀ ਬੋਲਣਾ
ਆਜਾ ਇਕ ਵਾਰੀ ਵੇਖ ਸਾਉਣ ਅਵਾਜਾਂ ਮਾਰਦਾ
ਤੋੜੀਂ ਨਾ ਵੇ ਦਿਲ ਤੈਨੂੰ ਵਾਸਤਾ ਈ ਪਿਆਰ ਦਾ
ਸਵਰਨ ਕਵਿਤਾ