ਵਿੱਦਿਆ ਮਾਰਤੰਡ ਤੇ ਬ੍ਰਹਮ-ਗਿਆਨੀ ਸਨ-ਸੰਤ ਕਰਤਾਰ ਸਿੰਘ ਭਿੰਡਰਾਂਵਾਲੇ

ਕਰਨੈਲ ਸਿੰਘ ਐੱਮ.ਏ.ਲੁਧਿਆਣਾ

(ਸਮਾਜ ਵੀਕਲੀ)  ਬ੍ਰਹਮ-ਗਿਆਨੀ, ਵਿੱਦਿਆ ਮਾਰਤੰਡ, ਸੰਤ-ਸਿਪਾਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ 21 ਅਕਤੂਬਰ 1932 ਈ: 5 ਕੱਤਕ ਸੰਮਤ 1989 ਬਿਕਰਮੀ ਨੂੰ ਜਥੇਦਾਰ ਝੰਡਾ ਸਿੰਘ ਦੇ ਘਰ ਮਾਤਾ ਲਾਭ ਕੌਰ ਦੀ ਕੁੱਖ ਤੋਂ ਪਿੰਡ ਭੂਰੇ ਕੋਹਨਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਝੰਡਾ ਸਿੰਘ ਜੀ ਪੂਰਨ ਗੁਰਸਿੱਖ ਤੇ ਪੰਥ ਲਈ ਹਰ ਸਮੇਂ ਹਰ ਪ੍ਰਕਾਰ ਦੀ ਸੇਵਾ ਲਈ ਤੱਤਪਰ ਰਹਿੰਦੇ। ਮਾਤਾ-ਪਿਤਾ ਦੇ ਸਿੱਖੀ ਵਿੱਚ ਪ੍ਰਪੱਕ ਹੋਣ ਕਰਕੇ ਸੰਤ ਜੀ ਬਚਪਨ ਤੋਂ ਹੀ ਧਾਰਮਿਕ ਰੁਚੀ ਦੇ ਮਾਲਕ ਸਨ। ਸੰਤ ਜੀ ਨੇ ਸਕੂਲੀ ਵਿੱਦਿਆ ਮਿਡਲ ਤੱਕ ਖੇਮਕਰਨ, ਮੈਟ੍ਰਿਕ ਭਿੱਖੀਵਿੰਡ ਤੋਂ ਅਤੇ ਉਚੇਰੀ ਵਿੱਦਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ.ਏ.ਪਾਸ ਕੀਤੀ। ਪਿੰਡ ਦੇ ਬਜ਼ੁਰਗ ਬੱਗਾ ਸਿੰਘ ਜੀ ਪਾਸੋਂ ਪੰਜ ਸਾਲ ਦੀ ਉਮਰ ਵਿੱਚ ਜਪੁਜੀ ਸਾਹਿਬ ਬਾਣੀ ਜ਼ਬਾਨੀ ਕੰਠ ਕਰ ਲਈ। ਕਾਲਜ ਵਿੱਚ ਪੜ੍ਹਦੇ ਸਮੇਂ ਆਪ ਪੰਜ ਗ੍ਰੰਥੀ ਅਤੇ 25 ਪਾਠ ਜਪੁਜੀ ਸਾਹਿਬ ਦੇ ਰੋਜ਼ਾਨਾ ਕਰਦੇ ਸਨ। ਸੰਤ ਜੀ ਨੇ ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਕੋਲ ਪਿੰਡ ਭਿੰਡਰਾਂ ਆ ਕੇ ਪੰਜ ਪਿਆਰਿਆਂ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੁਰੂ ਵਾਲੇ ਬਣੇ। ਉਹਨਾਂ ਦਾ 18 ਸਾਲ ਦੀ ਉਮਰ ਵਿੱਚ ਬੀਬੀ ਨਿਰੰਜਨ ਕੌਰ ਸਪੁੱਤਰੀ ਸ੍ਰ: ਕਰਤਾਰ ਸਿੰਘ ਨਾਲ 1950 ਈ: ਵਿੱਚ ਪੂਰਨ ਗੁਰਮਰਯਾਦਾ ਅਨੁਸਾਰ ਵਿਆਹ ਹੋਇਆ। ਆਪ ਦੇ ਗ੍ਰਹਿ ਦੋ ਲੜਕਿਆਂ ਭਾਈ ਅਮਰੀਕ ਸਿੰਘ ਤੇ ਭਾਈ ਮਨਜੀਤ ਸਿੰਘ ਨੇ ਜਨਮ ਲਿਆ। ਭਾਈ ਅਮਰੀਕ ਸਿੰਘ ਜੀ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇਂ ਫ਼ੌਜ ਨਾਲ ਲੜਦੇ ਸ਼ਹੀਦੀ ਪਾ ਗਏ। ਸੰਤ ਕਰਤਾਰ ਸਿੰਘ ਨੇ ਖੇਤੀ ਵੀ ਕੀਤੀ ਤੇ ਆਪਣੇ ਪਿਤਾ ਜਥੇਦਾਰ ਝੰਡਾ ਸਿੰਘ ਜੀ ਦੇ ਹੁਕਮ ਨੂੰ ਮੰਨਦਿਆਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਟਵਾਰੀ ਦੀ ਨੌਕਰੀ ਕੀਤੀ। ਗੁਰਮਤਿ ਵਿੱਚ ਲੀਨ ਰਹਿਣ ਕਾਰਨ ਤੇ ਨੌਕਰੀ ਵਿੱਚ ਮਨ ਨਾ ਲੱਗਣ ਕਾਰਨ 1957 ਈ: ਨੂੰ ਅਸਤੀਫ਼ਾ ਦੇ ਕੇ ਪੱਕੇ ਤੌਰ ’ਤੇ ਭਿੰਡਰਾਂਵਾਲਾ ਜਥੇ ਵਿੱਚ ਸ਼ਾਮਲ ਹੋ ਗਏ।
1958 ਈ: ਤੋਂ ਲੈ ਕੇ 1969 ਈ: ਤੱਕ ਆਪ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਦੇ ਗੜਵਈ ਰਹੇ। ਗੜਵਈ ਦੀ ਸੇਵਾ ਕਰਦਿਆਂ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰੰਤ ਪੰਜ ਬਾਣੀਆਂ ਦਾ ਪਾਠ, ਸੱਤੇ ਬਲਵੰਡਿ ਦੀ ਵਾਰ, 25-30 ਅੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾਉਣਾ, ਗੁਰਬਾਣੀ ਦੀ ਕਥਾ ਕਰਨੀ, ਛੋਟੇ ਵਿਦਿਆਰਥੀਆਂ/ਬੱਚਿਆਂ ਨੂੰ ਗੁਰਮਤਿ ਦੀ ਪੜ੍ਹਾਈ ਕਰਾਉਣੀ, ਜਥੇ ਨੂੰ ਲੰਗਰ-ਪਾਣੀ ਛਕਾਉਣਾ, ਸਿਮਰਨ ਕਰਨਾ ਆਦਿ। ਆਪ ਨੇ 11 ਸਾਲ ਗੜਵਈ ਦੀ ਸੇਵਾ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਈ। 1964 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਨੇ ਗੁਰਬਾਣੀ ਦੇ ਮੰਗਲਾਂ ਦੀ ਸੁਧਾਈ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਨੂੰ ਸੌਂਪੀ ਤਾਂ ਆਪ ਨੇ ਸੰਤ ਜੀ ਦੀ ਦੇਖ-ਰੇਖ ਵਿੱਚ ਲਗਾਤਾਰ ਛੇ ਸਾਲ ਅੰਮ੍ਰਿਤਸਰ ਵਿੱਚ ਰਹਿ ਕੇ ਪੂਰੀ ਲਗਨ ਤੇ ਮਿਹਨਤ ਨਾਲ ਮੰਗਲਾਂ ਦੀ ਸੁਧਾਈ ਨੂੰ ਸਫਲਤਾ ਨਾਲ ਸੰਪੂਰਨ ਕੀਤਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਵਾਲੇ ਦਿਨ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ 1966 ਈ: ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਨੇ ਸਾਰੀ ਸੰਗਤ ਦੇ ਸਾਹਮਣੇ ਸੰਤ ਕਰਤਾਰ ਸਿੰਘ ਜੀ ਨੂੰ ਆਪਣੇ ਹੱਥੀਂ ਦਮਦਮੀ ਟਕਸਾਲ ਦੀ ਸੇਵਾ ਸੌਂਪੀ। 28 ਜੂਨ 1969 ਈ: ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੇ ਪਿੰਡ ਮਹਿਤਾ ਵਿਖੇ ਸੱਚ-ਖੰਡ ਬਿਰਾਜਣ ਤੋਂ ਬਾਅਦ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਸਾਰੀਆਂ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੇ ਆਪ ਨੂੰ ਦਮਦਮੀ ਟਕਸਾਲ ਦਾ 13ਵਾਂ ਮੁਖੀ ਨਿਯੁਕਤ ਕੀਤਾ। ਆਪ ਨੇ ਗੁਰਬਾਣੀ, ਗੁਰਮਤਿ, ਗੁਰਸਿੱਖੀ ਦਾ ਪ੍ਰਚਾਰ ਜੰਗੀ ਪੱਧਰ ’ਤੇ ਕਰਕੇ ਦਮਦਮੀ ਟਕਸਾਲ ਦਾ ਨਾਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰ ਦਿੱਤਾ। ਸੰਤ ਜੀ ਨੇ ਸੰਤ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਬਣਾਇਆ ਅਤੇ ਹੋਰ ਵੀ ਕਈ ਪਿੰਡਾਂ ਜਿਵੇਂ ਸਦਰਵਾਲਾ, ਕਾਦੀਆਂ, ਕਾਹਲਵਾਂ ਵਿੱਚ ਵੀ ਸੁੰਦਰ ਗੁਰਦੁਆਰੇ ਬਣਾਏ। ਸੰਤ ਜੀ ਪਾਸੋਂ ਪੜ੍ਹੇ ਹੋਏ ਸੈਂਕੜੇ ਵਿਦਿਆਰਥੀ ਪਾਠੀ, ਗ੍ਰੰਥੀ, ਕਥਾ-ਵਾਚਕ ਬਣ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਖਾਤਰ ਧਰਮ ਪ੍ਰਚਾਰ ਦੀ ਸੇਵਾ ਕਰ ਰਹੇ ਹਨ।
ਸੰਤ ਕਰਤਾਰ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਅਤੇ ਗੁਰਮਤਿ ਪ੍ਰਚਾਰ ਲਈ ਐਮਰਜੈਂਸੀ ਦੇ ਖ਼ਿਲਾਫ਼ 37 ਵੱਡੇ ਨਗਰ-ਕੀਰਤਨ ਸਜਾਏ ਗਏ ਅਤੇ ਨੌਜਵਾਨਾਂ ਨੂੰ ਸਿੱਖੀ ਸਰੂਪ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਆਪ ਨੇ ਅੱਠ ਸਾਲ ਦੇ ਗੁਰਮਤਿ ਪ੍ਰਚਾਰ ਸਮੇਂ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ।
‌      3 ਅਗਸਤ 1977 ਈ: ਨੂੰ ਮਲਸੀਆਂ (ਜਲੰਧਰ) ਤੋਂ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਜਾ ਰਹੇ ਸਨ ਤਾਂ ਲੁਧਿਆਣਾ ਨੇੜੇ ਸੰਤ ਕਰਤਾਰ ਸਿੰਘ ਜੀ ਦੀ ਕਾਰ ਇੱਕ ਦਰਖ਼ਤ ਨਾਲ ਜਾ ਟਕਰਾਈ, ਇਸ ਹਾਦਸੇ ਵਿੱਚ ਸੰਤ ਜੀ ਸਖ਼ਤ ਜ਼ਖ਼ਮੀ ਹੋ ਗਏ, ਬਾਅਦ ਵਿੱਚ ਉਹਨਾਂ ਨੂੰ ਸੀ.ਐਮ.ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ, 13 ਦਿਨ ਉਹ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰਦੇ ਰਹੇ। 16 ਅਗਸਤ 1977 ਈ: ਨੂੰ ਸ਼ਾਮ ਸਵਾ ਛੇ ਵਜੇ ਸੰਤ ਕਰਤਾਰ ਸਿੰਘ ਜੀ 45 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ।
ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ 47ਵੀਂ ਬਰਸੀ 16 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- [email protected]

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਗਦਾਨ ਦਿਨ ਮੌਕੇ ਨੈਣਾ ਜੋਤੀ ਕਲੱਬ ਰੋਪੜ ਨੇ ਲੋਕਾਂ ਨੂੰ ਜਾਗਰੂਕ ਕੀਤਾ, ਮੌਤ ਤੋਂ ਬਾਅਦ ਵੀ ਜਿਉਂਦਾ ਰਹਿਣ ਦਾ ਤਰੀਕਾ ਹੈ ਅੰਗ ਦਾਨ: ਵਕੀਲ ਕੁਲਤਾਰ ਸਿੰਘ
Next articleਪਿਆਰਿਆਂ ਦੀ ਲੋੜ