ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਸੂਰਵਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕਰਨ ਦੀ ਸੂਰਤ ਚ ਸੰਘਰਸ਼ ਦਾ ਸੱਦਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਬਾਬਕ ਵਿਖੇ ਦਲਿਤ ਪਰਿਵਾਰ ਉੱਪਰ ਅੱਤਿਆਚਾਰ ਕਰਨ ਦੇ ਮਾਮਲੇ ਵਿੱਚ ਥਾਣਾ ਟਾਂਡਾ ਵਿਖੇ ਐੱਸ ਸੀ, ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ ਬਾਵਜੂਦ ਜਾਤ ਹੰਕਾਰੀਆਂ, ਅੱਤਿਆਚਾਰੀਆਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਲਿਤ ਜਥੇਬੰਦੀਆਂ ਨੂੰ ਸਾਂਝਾ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਗਿਆ ਹੈ।
ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਅਤੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ, ਬੁੱਧ ਰਾਜ, ਅਮਨਦੀਪ ਆਦਿ ਵਲੋਂ ਅੱਜ ਪੀੜਤ ਪਰਿਵਾਰ ਨਾਲ ਮੁੜ ਮੁਲਾਕਾਤ ਕਰਨ ਉਪਰੰਤ ਕਿਹਾ ਗਿਆ ਕਿ ਦਲਿਤ ਜਥੇਬੰਦੀਆਂ ਦੇ ਦਖ਼ਲ ਉਪਰੰਤ ਭਾਂਵੇ ਕਸੂਰਵਾਰਾਂ ਖਿਲਾਫ਼ ਮਿਤੀ 9 ਅਗਸਤ ਨੂੰ ਥਾਣਾ ਟਾਂਡਾ ਪੁਲਿਸ ਨੇ ਉੱਘੇ ਦਲਿਤ ਆਗੂ ਅਨਿਲ ਬਾਘਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਪੀੜਤ ਪਰਿਵਾਰ ਦੇ ਬਿਆਨ ਪਰ ਐੱਸ ਸੀ,ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਪ੍ਰੰਤੂ ਅੱਜ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਪਿੱਛੇ ਉੱਚ ਸਿਆਸੀ ਦਬਾਅ ਹੋਣ ਕਰਕੇ ਹੀ ਪੁਲਿਸ ਅੱਤਿਆਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਤੋਂ ਕੰਨੀਂ ਕਤਰਾ ਰਹੀ ਹੈ ਤਾਂ ਕਿ ਮਾਮਲੇ ਨੂੰ ਲਮਕਾ ਕੇ ਅਤੇ ਪੀੜਤ ਦਲਿਤ ਪਰਿਵਾਰ ਉੱਪਰ ਦਬਾਅ ਪਾ ਕੇ ਰਾਜ਼ੀਨਾਮੇ ਨੂੰ ਅੰਜ਼ਾਮ ਦੁਆਇਆ ਜਾ ਸਕੇ।
ਉਨ੍ਹਾਂ ਉੱਚ ਜਾਤੀ ਦੇ ਘੁਮੰਡੀ ਸਮੁੱਚੇ ਕਸੂਰਵਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਵੀ ਦਲਿਤ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਹਾਕਮ ਧਿਰ ਦੇ ਸਿਆਸਤਦਾਨਾਂ ਦੀ ਸ਼ਹਿ ਪ੍ਰਾਪਤ ਹੋਣ ਕਰਕੇ ਹੀ ਅਜਿਹਾ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਕ ਅੱਤਿਆਚਾਰ ਵਿੱਚ ਵੀ ਇਹ ਸਾਹਮਣੇ ਆਇਆ ਕਿ ਬਿਨ੍ਹਾਂ ਕੋਈ ਮਿਹਨਤਾਨਾ ਦਿੱਤੇ ਵਗਾਰ ਕਰਵਾਉਣੀ ਅਤੇ ਕੰਮ ਕਰਨ ਤੋਂ ਇਨਕਾਰ ਕਰਨ ‘ਤੇ 6 ਅਗਸਤ ਨੂੰ ਦਲਿਤ ਨੌਜਵਾਨ ਕਮਲਜੀਤ ਸਿੰਘ ਨੂੰ ਨੰਗਾਂ ਕਰਕੇ ਆਪਣੀ ਹਵੇਲੀ ਵਿੱਚ ਹੱਥ ਬੰਨ੍ਹ ਕੇ ਕਰੰਟ ਲਗਾਇਆ ਗਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਨਾਲ ਜਾਤ ਹੰਕਾਰੀਆਂ ਦਾ ਐਨੇ ਨਾਲ ਢਿੱਡ ਨਹੀਂ ਭਰਿਆ ਅਤੇ 8 ਅਗਸਤ ਨੂੰ ਦੇਰ ਰਾਤ ਗੁੰਡਾਗਰਦੀ ਕਰਦਿਆਂ ਉਹਨਾਂ ਦਲਿਤ ਪਰਿਵਾਰ ਦੇ ਘਰ ਅੰਦਰ ਜ਼ਬਰੀ ਦਾਖ਼ਲ ਹੋ ਕੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਕੁੱਟਮਾਰ ਕਰਕੇ ਧਮਕਾਇਆ ਗਿਆ ਕਿ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ,ਸਾਡੀ ਪਹੁੰਚ ਉੱਪਰ ਤੱਕ ਹੈ, ਤੁਸੀਂ ਜੋ ਕਰਨਾ ਕਰ ਲਵੋ। ਰੌਲ਼ਾ ਪਾਉਣ ‘ਤੇ ਹੀ ਉਹ ਮੌਕੇ ਤੋਂ ਦੌੜੇ। ਉਨ੍ਹਾਂ ਲੇਬਰ ਵਿਭਾਗ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਬਕ ਦਲਿਤ ਅੱਤਿਆਚਾਰ ਨੌਜਵਾਨ ਤੋਂ ਜ਼ਬਰੀ ਬੰਧੂਆਂ ਮਜ਼ਦੂਰੀ ਨਾਲ ਜੁੜਿਆਂ ਹੋਇਆ ਹੈ ਪ੍ਰੰਤੂ ਲੇਬਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਮਜ਼ਦੂਰ ਪਰਿਵਾਰ ਦੀ ਸਾਰ ਨਹੀਂ ਲਈ ਅਤੇ ਨਾ ਹੀ ਪੁਲਿਸ ਨੇ ਮਾਮਲਾ ਦਰਜ ਮੌਕੇ ਬੰਧੂਆਂ ਮਜ਼ਦੂਰੀ ਰੋਕੂ ਐਕਟ ਦੀਆਂ ਧਾਰਾਵਾਂ ਦਰਜ ਕੀਤੀਆਂ। ਉਨ੍ਹਾਂ ਇਸ ਕਾਨੂੰਨ ਦੀਆਂ ਧਾਰਾਵਾਂ ਦਾ ਦਰਜ ਮੁਕੱਦਮੇ ਵਿੱਚ ਵਾਧਾ ਜ਼ੁਰਮ ਕਰਨ ਦੀ ਮੰਗ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਪੀੜਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਪਰਿਵਾਰ ਨਾਲ ਡੱਟ ਕੇ ਖੜੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly