ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ

ਵੁੱਡਲੈਂਡ ਓਵਰਸੀਜ਼ ਸਕੂਲ ਅਤੇ ਪੀਟੀਯੂ ਰੀਜਨਲ ਸੈਂਟਰ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਤਾਵਰਨ ਦੀ ਸੰਭਾਲ ਸਬੰਧੀ ਜਾਗਰੂਕਤਾ ਵਧਾਉਣ ਲਈ ਵਾਤਾਵਰਨ ਐਕਟ (5) 1986 ਤਹਿਤ ਜ਼ਿਲ੍ਹੇ ਵਿੱਚ ਵਿਸ਼ੇਸ਼ ਸੈਮੀਨਾਰ ਕਰਵਾਏ ਗਏ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚਾਈਨਾ ਡੋਰ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣਾ ਅਤੇ ਇਨ੍ਹਾਂ ਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਸਬੰਧੀ ਵੁੱਡਲੈਂਡ ਓਵਰਸੀਜ਼ ਇੰਟਰਨੈਸ਼ਨਲ ਸਕੂਲ ਅਤੇ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸੈਮੀਨਾਰ ਕਰਵਾਏ ਗਏ। ਇਹ ਸੈਮੀਨਾਰ ਸ਼ਿਵ ਕੁਮਾਰ, ਕਾਰਜਕਾਰੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਦੇ ਨਿਰਦੇਸ਼ਾਂ ‘ਤੇ ਕਰਵਾਇਆ ਗਿਆ। ਇਸ ਦੌਰਾਨ ਐਸ.ਡੀ.ਓ ਜਤਿੰਦਰ ਕੁਮਾਰ ਅਤੇ ਵੀਰੇਸ਼ ਓਹਰੀ ਨੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਦਿੱਤੀ।
ਸੈਮੀਨਾਰ ਦੌਰਾਨ ਐਸ.ਡੀ.ਓ ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਖ਼ਤਰਿਆਂ ਬਾਰੇ ਦੱਸਿਆ, ਜੋ ਨਾ ਸਿਰਫ਼ ਵਾਤਾਵਰਨ ਲਈ ਹਾਨੀਕਾਰਕ ਹੈ ਸਗੋਂ ਮਨੁੱਖੀ ਜੀਵਨ ਅਤੇ ਜੰਗਲੀ ਜੀਵਾਂ ਲਈ ਵੀ ਖ਼ਤਰਨਾਕ ਸਾਬਤ ਹੁੰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਨਾ ਸਿਰਫ਼ ਗੈਰ-ਕਾਨੂੰਨੀ ਹੈ ਸਗੋਂ ਇਹ ਕਈ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣ ਅਤੇ ਚਾਈਨਾ ਡੋਰ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕਦਮ ਚੁੱਕਣ। ਐਸ.ਡੀ.ਓ ਵੀਰੇਸ਼ ਓਹਰੀ ਨੇ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਪਲਾਸਟਿਕ ਸਾਡੇ ਵਾਤਾਵਰਨ ਲਈ ਗੰਭੀਰ ਖਤਰਾ ਹੈ। ਸਿੰਗਲ ਯੂਜ਼ ਪਲਾਸਟਿਕ ਸੜਦਾ ਨਹੀਂ ਹੈ ਅਤੇ ਜ਼ਮੀਨ ਅਤੇ ਪਾਣੀ ਦੋਵਾਂ ਨੂੰ ਪ੍ਰਦੂਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਪਲਾਸਟਿਕ ਦਾ ਬਦਲ ਲੱਭਣਾ ਚਾਹੀਦਾ ਹੈ ਅਤੇ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਚਾਹੀਦਾ ਹੈ। ਇਸ ਮੌਕੇ ਵੁੱਡਲੈਂਡ ਓਵਰਸੀਜ਼ ਸਕੂਲ ਦੀ ਡੀਨ ਸਰਬਜੀਤ ਕੌਰ ਗਿੱਲ, ਪ੍ਰਿੰਸੀਪਲ ਪੂਜਾ ਧੀਮਾਨ, ਵਧੀਕ ਡਾਇਰੈਕਟਰ ਅੰਗਦ ਗਿੱਲ, ਆਈ.ਕੇ.ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਵਾਈ.ਐਸ. ਬਰਾੜ, ਐਚ.ਓ.ਡੀ ਰਿੰਕੂ ਵਾਲੀਆ, ਅਕਾਦਮਿਕ ਕੋਆਰਡੀਨੇਟਰ ਡਾ.ਸੁਨੀਲ ਵੀ ਹਾਜ਼ਰ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਵੁੱਡਲੈਂਡ ਓਵਰਸੀਜ਼ ਸਕੂਲ ਦੀ ਪ੍ਰਿੰਸੀਪਲ ਪੂਜਾ ਧੀਮਾਨ ਅਤੇ ਆਈ.ਕੇ.ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ ਡਾ: ਵਾਈ.ਐਸ. ਬਰਾੜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ, ਜੋ ਭਵਿੱਖ ਵਿੱਚ ਸਾਫ਼ ਸੁਥਰੇ ਅਤੇ ਹਰਿਆ ਭਰਿਆ ਸਮਾਜ ਸਿਰਜਣ ਵਿੱਚ ਸਹਾਈ ਹੋਣਗੇ। ਵੁੱਡਲੈਂਡ ਓਵਰਸੀਜ਼ ਸਕੂਲ ਦੀ ਡੀਨ ਸਰਬਜੀਤ ਕੌਰ ਗਿੱਲ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਚ.ਓ.ਡੀ ਰਿੰਕੂ ਵਾਲੀਆ ਨੇ ਕਿਹਾ ਕਿ ਸੰਸਥਾ ਅਜਿਹੇ ਯਤਨਾਂ ਵਿੱਚ ਹਮੇਸ਼ਾ ਉਤਸ਼ਾਹ ਨਾਲ ਹਿੱਸਾ ਲਵੇਗੀ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਵਿੱਚ ਮਦਦ ਕਰੇਗੀ। ਇਸ ਦੌਰਾਨ ਸਕੂਲ ਅਤੇ ਕੈਂਪਸ ਵਿੱਚ ਬੂਟੇ ਵੀ ਲਗਾਏ ਗਏ। ਇਸ ਮੌਕੇ ਦੋਵਾਂ ਸੰਸਥਾਵਾਂ ਦੇ ਕਰੀਬ 1 ਹਜ਼ਾਰ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੇ ਸਕੂਲ ਅਤੇ ਕੈਂਪਸ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ। ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਅਹਿਮ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਜਾਦੀ ਦਿਵਸ ਮੌਕੇ ਸੰਬੰਧੀ ਰੈਡ ਕਰਾਸ ਦੀਆਂ ਗਤੀਵਿਧੀਆ ਵਾਰੇ ਜਾਣਕਾਰੀ ਸਾਂਝੀ ਕੀਤੀ
Next articleਵਾਟਰ ਸਪਲਾਈ ਅਤੇ ਸੀਵਰ ਲਾਈਨਾਂ ਦੇ ਪ੍ਰੌਜੈਕਟਾਂ ਲਈ 1088.45 ਲੱਖ ਰੁਪਏ ਦੇ ਮਤੇ ਪਾਸ