ਅਹਿਮਦਾਬਾਦ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਆਗੂਆਂ ਨੇ ਪਾਰਟੀ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਵਿਚਲੇ ਆਪਣੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਪੁਲੀਸ ਵੱਲੋਂ ਛਾਪੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਇਹ ਛਾਪੇ ਅਜਿਹੇ ਮੌਕੇ ਮਾਰੇ ਗਏ ਹਨ ਜਦੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਗੁਜਰਾਤ ਫੇਰੀ ’ਤੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਪੁਲੀਸ ਨੂੰ ਕੁਝ ਨਹੀਂ ਮਿਲਿਆ। ਉਧਰ ਅਹਿਮਦਾਬਾਦ ਪੁਲੀਸ ਨੇ ਅਜਿਹੇ ਕਿਸੇ ਛਾਪੇ ਤੋਂ ਇਨਕਾਰ ਕੀਤਾ ਹੈ। ਅਹਿਮਦਾਬਾਦ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕਿਹਾ, ‘‘ਸਾਨੂੰ ਸੋਸ਼ਲ ਮੀਡੀਆ ਜ਼ਰੀਏ ਪਤਾ ਲੱਗਾ ਹੈ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਟੀ ਪੁਲੀਸ ਨੇ ਐਤਵਾਰ ਨੂੰ ‘ਆਪ’ ਦਫ਼ਤਰ ’ਤੇ ਛਾਪਾ ਮਾਰਿਆ ਸੀ। ਸਿਟੀ ਪੁਲੀਸ ਨੇ ਅਜਿਹਾ ਕੋਈ ਛਾਪਾ ਨਹੀਂ ਮਾਰਿਆ।’’
ਕਾਬਿਲੇਗੌਰ ਹੈ ਕਿ ਗੁਜਰਾਤ ਵਿੱਚ ਸਾਲ ਦੇ ਅਖੀਰ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਸ਼ਾਮ ਨੂੰ ਹੀ ਅਹਿਮਦਾਬਾਦ ਪੁੱਜੇ ਸਨ। ਉਨ੍ਹਾਂ ਅੱਜ ਟਾਊਨ ਹਾਲ ਵਿੱਚ ਆਟੋਰਿਕਸ਼ਾ ਡਰਾਈਵਰਾਂ, ਕਾਰੋਬਾਰੀਆਂ, ਵਕੀਲਾਂ ਤੇ ਸੈਨੀਟੇਸ਼ਨ ਕਰਮੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਭਲਕੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ‘ਆਪ’ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਅੱਜ ਦਾਅਵਾ ਕੀਤਾ ਸੀ ਕਿ ਨਵਰੰਗਪੁਰਾ ਪੁਲੀਸ ਸਟਾਫ਼ ਨੇ ਪਾਰਟੀ ਦੀ ਸੂਬਾ ਇਕਾਈ ਦੇ ਦਫ਼ਤਰ ਵਿੱਚ ਐਤਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ‘ਤਲਾਸ਼ੀ-ਕਮ-ਛਾਪੇ’ ਮਾਰੇ ਸਨ। ਪੱਤਰਕਾਰਾਂ ਨੇ ਜਦੋਂ ਇਟਾਲੀਆ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਸਬੂਤ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਦਫ਼ਤਰ ਵਿੱਚ ਸੀਸੀਟੀਵੀ ਨਹੀਂ ਲੱਗੇ। ‘ਆਪ’ ਆਗੂ ਨੇ ਕਿਹਾ, ‘‘ਪਰ ਦਫ਼ਤਰ ਨੇੜਲੇ ਬੈਂਕ ਵਿੱਚ ਲੱਗੇ ਸੀਸੀਟੀਵੀ ਵਿੱਚ ਪੁਲੀਸ ਵਾਲੇ ਜ਼ਰੂਰ ਕੈਦ ਹੋਏ ਹੋਣਗੇ। ਅਹਿਮਦਾਬਾਦ ਪੁਲੀਸ ਮਹਿਜ਼ ਟਵੀਟ ਕਰਕੇ ਨਹੀਂ ਬਚ ਸਕਦੀ। ਇਹ ਸਭ ਕੁਝ ਸੱਤਾਧਾਰੀ ਭਾਜਪਾ ਦੇ ਇਸ਼ਾਰਿਆਂ ’ਤੇ ਕੀਤਾ ਜਾ ਰਿਹੈ। ਅਸੀਂ ਚਾਹੁੰਦੇ ਹਾਂ ਕਿ ਅਹਿਮਦਾਬਾਦ ਪੁਲੀਸ ਸੀਸੀਟੀਵੀ ਤੇ ਦੋ ਪੁਲੀਸ ਮੁਲਾਜ਼ਮਾਂ ਦੀਆਂ ਫੋਨ ਲੋਕੇਸ਼ਨਾਂ ਨੂੰ ਖੰਗਾਲੇ।’’