ਸੰਤ ਬਾਬਾ ਸੁਚਾ ਸਿੰਘ ਜੀ ਦੀ 22ਵੀਂ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਬਰਸੀ ਸਮਾਗਮ ਦੌਰਾਨ 25 ‘ਤੇ 27 ਨੂੰ ਆਯੋਜਿਤ ਕੀਤੇ ਜਾਣਗੇ ਵਿਸ਼ੇਸ਼ ਰਾਗ ਦਰਬਾਰ- ਸੰਤ ਅਮੀਰ ਸਿੰਘ ਜੀ

ਲੁਧਿਆਣਾ, (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਅੱਜ ਜਾਣਕਾਰੀ ਦੇਂਦਿਆਂ ਹੋਇਆਂ ਕਿਹਾ ਕਿ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਤੇ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਅਤੇ ਜਵੱਦੀ ਟਕਸਾਲ ਦੇ ਬਾਨੀ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 22ਵੀਂ ਬਰਸੀ ਸਮਾਗਮ ਨੂੰ ਪੂਰੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਉਣ ਹਿੱਤ ਚੱਲ ਰਹੀਆਂ ਸਾਰੀਆਂ ਪ੍ਰਬੰਧਕ ਤਿਆਰੀਆਂ ਮੁਕੰਮਲ ਹੋ ਗਈਆਂ ਹਨ, ਖਾਸ ਕਰਕੇ ਬਰਸੀ ਸਮਾਗਮ ਅੰਦਰ ਸ਼ਮੂਲੀਅਤ ਕਰਨ ਲਈ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੇ ਰਹਿਣ ਲਈ ਵਿਸ਼ੇਸ਼ ਤੌਰ ਤੇ ਉਚਿੱਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 15 ਅਗਸਤ ਤੋਂ 27 ਅਗਸਤ ਤੱਕ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਆਯੋਜਿਤ ਕੀਤੇ ਜਾ ਰਹੇ ਬਰਸੀ ਸਮਾਗਮਾਂ ਦੌਰਾਨ ਮਿਤੀ 25 ਅਗਸਤ ਨੂੰ ਦੁਪਹਿਰ ਤੋਂ 27 ਅਗਸਤ ਰਾਤ ਨੂੰ ਵਿਸ਼ੇਸ਼ ਤੌਰ ਤੇ ਰਾਗ ਦਰਬਾਰ ਆਯੋਜਿਤ ਕੀਤੇ ਜਾਣਗੇ । ਜਿੰਨ੍ਹਾਂ ਵਿੱਚ ਵੱਖ-ਵੱਖ ਅਕੈਡਮੀਆਂ ਦੇ ਵਿਦਿਆਰਥੀ ਅਤੇ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਤੰਤੀ ਸਾਜ਼ਾਂ ਰਾਹੀਂ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਆਪਣੀ ਗੱਲਬਾਤ ਦੌਰਾਨ ਸੰਤ ਅਮੀਰ ਸਿੰਘ ਜੀ ਨੇ ਦੱਸਿਆ ਕਿ 15 ਤੋਂ 24 ਅਗਸਤ ਤੱਕ ਰੋਜ਼ਾਨਾ ਰਾਤ ਨੂੰ 8 ਵਜੇ ਤੋਂ 9.15 ਤੱਕ ਨਾਮ ਸਿਮਰਨ ਅਭਿਆਸ ਸਮਾਗਮ ਆਯੋਜਿਤ ਕੀਤਾ ਜਾਵੇਗਾ। 24 ਅਗਸਤ ਨੂੰ ਸ਼ਾਮ 6 ਤੋਂ 7 ਵਜੇ ਤੱਕ ਲੜੀਵਾਰ ਗੁਰ ਇਤਿਹਾਸ ਕਥਾ, 7 ਤੋਂ 8 ਰਹਿਰਾਸ ਸਾਹਿਬ ਦਾ ਪਾਠ,ਆਰਤੀ ਉਪਰੰਤ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਤੋਂ ਸਿਖਲਾਈ ਪ੍ਰਾਪਤ ਕਰਕੇ ਗਏ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਨਗੇ। ਇਸੇ ਤਰ੍ਹਾਂ 25 ਅਗਸਤ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਅਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਮ ਸਿਮਰਨ ਸਮਾਗਮ ਹੋਵੇਗਾ ਉਪਰੰਤ ਵੱਖ-ਵੱਖ ਅਕੈਡਮੀਆਂ ਦੇ ਵਿਦਿਆਰਥੀਆਂ ਦਾ ਤੰਤੀ ਸਾਜਾਂ ਨਾਲ ਰਾਗ ਦਰਬਾਰ ਕਰਵਾਇਆ ਜਾਵੇਗਾ। ਰਾਤ ਦੇ ਦੀਵਾਨ ਅੰਦਰ ਗੁਰਮਤਿ ਰਾਗੀ ਸਭਾ ਲੁਧਿਆਣਾ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 26 ਅਗਸਤ ਨੂੰ ਸਵੇਰੇ 11 ਵਜੇ ਤੋਂ 12.30 ਵਜੇ ਤੱਕ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਉਪਰੰਤ 1.30 ਤੱਕ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਆਪਣੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕਰਨਗੇ। ਉਪਰੰਤ ਦਾਸ ਵੱਲੋਂ ਸੰਗਤਾਂ ਨੂੰ ਨਾਮ ਸਿਮਰਨ ਅਭਿਆਸ ਕਰਵਾਇਆ ਜਾਵੇਗਾ ਅਤੇ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਕਤ ਸਮਾਗਮ ਅੰਦਰ ਲੁਧਿਆਣਾ ਸ਼ਹਿਰ ਦੀਆਂ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਆਪਣੇ ਜੱਥਿਆਂ ਨਾਲ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੀਆਂ।
ਇਸੇ ਤਰ੍ਹਾਂ 27 ਅਗਸਤ ਨੂੰ ਸਵੇਰੇ 10.30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ਼ਾਮ 4.30 ਵਜੇ ਤੱਕ ਗੁਰਮਤਿ ਸਮਾਗਮ ਤੇ ਸੰਤ ਸਮਾਗਮ ਕਰਵਾਇਆ ਜਾਵੇਗਾ, ਜਿੰਨ੍ਹਾਂ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸਿੰਘ ਸਾਹਿਬਾਨ, ਸੰਤ ਮਹਾਂਪੁਰਖ ਅਤੇ ਗੁਰੂ ਘਰ ਦੇ ਮਹਾਨ ਕੀਰਤਨੀਏ ਤੇ ਢਾਡੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਨ ਕਰਵਾਉਣਗੇ ਅਤੇ ਸ਼ਾਮ ਨੂੰ ਵਿਸ਼ੇਸ਼ ਰਾਗ ਦਰਬਾਰ ਸਜਾਇਆ ਜਾਵੇਗਾ। ਜਿਸ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਨਗੇ। ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਇਨ੍ਹਾਂ ਬਰਸੀ ਸਮਾਗਮਾਂ ਦੇ ਨਾਲ ਹੀ 26 ਅਗਸਤ ਨੂੰ ਸਵੇਰੇ 10 ਤੇ 2 ਵਜੇ ਤੱਕ ਅੱਖਾਂ, ਦੰਦਾਂ ਅਤੇ ਫਰੀ ਸਿਹਤ ਚੈਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਸੰਗਤਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਕਰਦਿਆਂ ਹੋਇਆਂ ਕਿਹਾ ਕਿ ਉਹ ਹੁੰਮ ਹੁੰਮਾ ਕੇ ਆਯੋਜਿਤ ਕੀਤੇ ਜਾ ਰਹੇ ਬਰਸੀ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ  ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਨੂੰ ਆਪਣਾ ਸਤਿਕਾਰ ਅਰਪਿਤ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਗਲਾਸਕੋ (ਯੂ. ਕੇ) ‘ਚ ਕਰਵਾਏ ਜਾ ਰਹੇ ਅੱਜ 11 ਅਗਸਤ ਦੇ ਕਵੀ ਦਰਬਾਰ ‘ਚ ਚੜਦੇ ਪੰਜਾਬ ਵਲੋਂ ਹੋਣਗੇ ਸ਼ਾਮਲ
Next articleਬੰਗਲਾਦੇਸ਼ ‘ਚ ਰੁਕ ਨਹੀਂ ਰਹੀ ਹਿੰਦੂਆਂ ਦੀ ਨਸਲਕੁਸ਼ੀ, ਢਾਕਾ ਤੋਂ ਅਮਰੀਕਾ ਤੱਕ ਹਿੰਸਾ ਖਿਲਾਫ ਪ੍ਰਦਰਸ਼ਨ; ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹੈ