ਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ) ਇਹ ਕਿਤਾਬ ਪੜ ਕੇ ਸਮਝ ਲੱਗੇਗਾ ਕਿ ਦੇਸ਼ ਖਾਲਿਸਤਾਨ ਦੀ ਮੰਗ ਕਿਉਂ ਉੱਠਦੀ ਹੈ?

ਰਸ਼ਪਿੰਦਰ ਕੌਰ ਗਿੱਲ

(ਸਮਾਜ ਵੀਕਲੀ) ਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ) ਕਿਤਾਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫਡਰੇਸ਼ਨ ਭਿੰਡਰਾਂਵਾਲਾ ਦੀ ਲਿਖੀ ਹੋਈ ਹੈ। ਜਾਂ ਇਹ ਕਹਿ ਲੋ ਕਿ ਲੇਖਕ ਨੇ ਸ਼ਹੀਦਾਂ ਦੀ ਖੋਜ ਕਰ ਇਸ ਕਿਤਾਬ ਨੂੰ ਉਨਾਂ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਸਮਰਪਿਤ ਕੀਤਾ ਹੈ। ਇਹ ਕਿਤਾਬ “ਤਵਾਰੀਖ ਸ਼ਹੀਦ-ਏ-ਖਾਲਿਸਤਾਨ” (ਭਾਗ ਤੀਜਾ) ਖਾਲਸਾ ਫਤਹਿਨਾਮਾ ਵੱਲੋਂ ਛਾਪੀ ਗਈ ਹੈ। ਕਿਤਾਬ ਦੇ ਕੁੱਲ 368 ਪੰਨੇ ਹਨ। ਕਿਤਾਬ ਦੇ ਨਾਮ ਅਤੇ ਜਿਲਦ ਵਿੱਚ ਹੀ ਸ਼ਹੀਦ ਸਿਘਾਂ ਦੀ ਕੁਰਬਾਨੀ ਦੀ ਰੁਹਾਨਿਅਤ ਝਲਕਦੀ ਹੈ। ਲੇਖਕ ਨੇ ਸ਼ੁਰੂਆਤ ਵਿੱਚ ਹੀ ਇਸ ਕਿਤਾਬ ਦੀ ਵਿਲੱਖਨਤਾ ਸਪੱਸ਼ਟ ਕਰ ਦਿੱਤੀ ਹੈ ਕਿ ਇਸ ਕਿਤਾਬ ਵਿੱਚ ਉਸਨੇ ਇਤਿਹਾਸ ਦੇ ਅਣਗੋਲੇ ਹੋਏ ਸ਼ਹੀਦ ਸਿੰਘਾਂ ਬਾਰੇ ਜਾਣਕਾਰੀ ਪਾਠਕਾਂ ਲਈ ਇੱਕਠੀ ਕੀਤੀ ਹੈ। ਲੇਖਕ ਨੂੰ ਜਿੰਨਾਂ ਜੁਝਾਰੂ ਸਿੰਘਾਂ ਅਤੇ ਸਿੱਖ ਆਗੂਆਂ ਦੀਆਂ ਅਸੀਸਾਂ ਮਿਲਦੀਆਂ ਹਨ ਉਨਾਂ ਦੇ ਨਾਮ ਵੀ ਦਰਜ ਕੀਤੇ ਗਏ ਹਨ। ਜਿਨਾਂ ਧਰਮ ਹੇਤ ਸੀਸ ਵਾਰੇ ਸਿਰਲੇਖ ਹੇਂਠ ਲੇਖਕ ਨੇ ਜੋ ਬਿਆਨ ਕੀਤਾ ਹੈ ਉਹ ਲੇਖਕ ਦੀ ਇਸ ਕਿਤਾਬ ਨੂੰ ਲੈ ਕੇ ਅਣਥੱਕ ਮਿਹਨਤ ਨੂੰ ਦਰਸਾਉਂਦਾ ਹੈ। ਅਸੀਂ ਜਿੱਤਦੇ ਹਾਂ ਜਾਂ ਸ਼ਹੀਦ ਹੁੰਦੇ ਹਾਂ ਲੇਖ ਵਿੱਚ ਖਾਲਿਸਤਾਨੀ ਚਿੰਤਕ ਅਤੇ ਪੰਥਕ ਲੇਖਕ ਸਰਬਜੀਤ ਸਿੰਘ ਘੁਮਾਣ ਦੇ ਲਫਜਾਂ ਨੇ ਲਾਜਵਾਬ ਕਰ ਦਿੱਤਾ, ਜਦੋਂ ਉਹ ਲਿਖਦੇ ਹਨ ਕਿ “ਕਦੋਂ ਹਰ ਸਿੱਖ ਖਾਲਿਸਤਾਨੀ ਬਣ ਕੇ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰੇਗਾ?” ਪਹਿਲੇ ਦੋ ਲੇਖਾਂ ਵਿੱਚ ਹੀ ਪਾਠਕ ਪੂਰੇ ਕੌਮੀ ਜ਼ਜ਼ਬੇ ਨਾਲ ਭਰ ਕੇ ਕਿਤਾਬ ਦੇ ਅਗਲੇ ਪੰਨੇ ਪਲਟੇਗਾ। ਖਾਲਸਾ ਫਤਹਿਨਾਮਾ ਦੇ ਮੁੱਖ ਸੰਪਾਦਕ ਰਣਜੀਤ ਸਿੰਘ ਜੀ ਨੇ ਜੋ ਲੇਖਕ ਦੀ ਸ਼ਲਾਘਾ ਕੀਤੀ ਹੈ ਉਹ ਬਿਲਕੁਲ ਸਹੀ ਹੈ। ਕਿਉਂਕੀ ਮੈਂ ਖੁਦ ਲੇਖਕ ਨਾਲ ਵਿਚਾਰ ਚਰਚਾ ਕਰਦੀ ਰਹਿੰਦੀ ਹਾਂ ਅਤੇ ਜੋ ਰਣਜੀਤ ਸਿੰਘ ਜੀ ਨੇ ਦੱਸਿਆ ਲੇਖਕ ਬਾਰੇ ਉਹ ਹੂ-ਬ-ਹੂ ਉਦਾਂ ਹੀ ਹਨ। ਰਣਜੀਤ ਸਿੰਘ ਜੀ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਦੇਸ਼ ਖਾਲਿਸਤਾਨ ਅਜ਼ਾਦ ਹੋਇਆ ਤਾਂ ਲੇਖਕ ਦੀਆਂ ਕਿਤਾਬਾਂ ਸਕੂਲਾਂ ਕਾਲਜਾ ਵਿੱਚ ਜਰੂਰ ਪੜਾਈਆਂ ਜਾਣਗੀਆਂ। ਰਘਬੀਰ ਸਿੰਘ ਕੋਹਾੜ ਜੋ ਪ੍ਰਧਾਨ ਹਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਤੋਂ ਦੀਆਂ ਦੁਆਵਾਂ ਵੀ ਲੇਖਕ ਲਈ ਦਰਜ ਕੀਤੀਆਂ ਗਈਆਂ ਹਨ ਇਸ ਕਿਤਾਬ ਵਿੱਚ। ਅਜੋਕੇ ਯੁੱਗ ਦਾ ਹਥਿਆਰ ਕਲਮ ਸਿਰਲੇਖ ਹੇਂਠ ਪਹਿਰੇਦਾਰ ਦੇ ਸੀਨਿਅਰ ਪੱਤਰਕਾਰ ਨਰਿੰਦਰ ਪਾਲ ਸਿੰਘ ਜੀ ਨੇ ਲੇਖਕ ਨੂੰ ਉਲਾਮਾ ਲਾਉਣ ਵਾਲਾ ਲੇਖਕ ਕਹਿ ਕੇ ਨਿਵਾਜਿਆ ਹੈ, ਜੋ ਬਿਲਕੁਲ ਸਹੀ ਢੁੱਕਦਾ ਹੈ। ਤੱਤਕਰੇ ਦੀ ਹਰ ਲਾਇਨ ਸ਼ਹੀਦ ਤੋਂ ਸ਼ੁਰੂ ਹੁੰਦੀ ਦੇਖ ਦਿਲ ਰੋਹ ਨਾਲ ਭਰ ਜਾਂਦਾ ਹੈ। ਪਾਠਕ ਹੁਣ ਤੱਕ ਸਮਝ ਜਾਏਗਾ ਕਿ ਉਹ ਜੋ ਪੜਣ ਜਾ ਰਿਹਾ ਹੈ, ਉਸ ਨਾਲ ਉਹ ਸਿੱਖ ਕੌਮ ਦੀ ਹੋਂਦ ਦੇ ਦਰਸ਼ਨ ਦਿਦਾਰੇ ਕਰਣ ਜਾ ਰਿਹਾ ਹੈ। ਸੰਤ ਜਰਨੈਲ ਸਿੰਘ ਖਾਲਸਾ ਜੀ ਬਾਰੇ ਦੱਸਦੇ ਹੋਏ ਕਿ ਖਾਲਿਸਤਾਨ ਦੀ ਚਾਹਤ ਉਨਾਂ ਦੇ ਰੋਮ-ਰੋਮ ਵਿੱਚ ਸੀ, ਪਾਠਕ ਦੇ ਦਿਲ ਵਿੱਚ ਵੀ ਖਾਲਿਸਤਾਨ ਦੇਸ਼ ਲਈ ਜ਼ਜ਼ਬਾ ਪੈਦਾ ਕਰੇਗਾ। ਖਾਲਸਾ ਰਾਜ ਦਾ ਸੰਕਲਪ ਲੇਖ ਵਿੱਚ ਲੇਖਕ ਸਾਫ ਭਾਸ਼ਾ ਵਿੱਚ ਸਮੁੱਚੀ ਸਿੱਖ ਕੌਮ ਨੂੰ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਵੰਗਾਰ ਰਿਹਾ ਹੈ। ਜਿਵੇਂ-ਜਿਵੇਂ ਕਿਤਾਬ ਦੇ ਪੰਨੇ ਪਲਟਾਈ ਜਾਵਾਂਗੇ ਮਰਜੀਵੜਿਆਂ ਦੀ ਸ਼ਹਾਦਤਾਂ ਦੇ ਕਿੱਸੇ ਪਾਠਕ ਦੀਆਂ ਅੱਖਾਂ ਭਰੀ ਜਾਣਗੇ ਅਤੇ ਦਿਲ ਤੇ ਦਿਮਾਗ ਇਸ ਕਦਰ ਗਮਗੀਨ ਹੋ ਜਾਵੇਗਾ ਕਿ ਇਹ ਸਾਰੀ ਦੁਨੀਆ ਹੀ ਵਿਅਰਥ ਲੱਗਣ ਲੱਗ ਪਏਗੀ। ਸੂਰਮਿਆਂ ਦੇ ਜੀਵਨ ਬਾਰੇ ਪੜ ਕੇ ਪਤਾ ਲੱਗਦਾ ਹੈ ਕਿ ਉਨਾਂ ਸਭ ਉੱਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦਾ ਡੂੰਘਾ ਪ੍ਰਭਾਵ ਸੀ। ਜੋ ਸੰਤ ਜੀ ਦੀ ਲਾਸਾਨੀ ਸ਼ਹਾਦਤ ਤੋਂ ਬਾਦ ਵੀ ਇੰਨਾਂ ਸਿੰਘਾਂ ਦੀ ਖੁਦ ਦੀ ਸ਼ਹਾਦਤਾਂ ਤਕ ਕਾਇਮ ਰਿਹਾ। ਜੋ ਸਵਾਲ ਬਚਪਨ ਤੋਂ ਮੇਰੇ ਦਿਮਾਗ ਵਿੱਚ ਹਮੇਸ਼ਾਂ ਆਉਂਦਾ ਸੀ ਕਿ ਬਲਿਉ ਸਟਾਰ ਅਪਰੇਸ਼ਨ ਕਿਉਂ? ਦਿੱਲੀ ਵਿੱਚ ਸਿੱਖ ਕਤਲੇਆਮ ਕਿਉਂ? 95 ਤੱਕ ਪੰਜਾਬ ਦੇ ਘਰਾਂ ਵਿੱਚ ਸਿਵੇ ਕਿਉਂ ਬੱਲਦੇ ਰਹੇ? ਉਨਾਂ ਸਵਾਲਾਂ ਦੇ ਜਵਾਬ ਕੁਝ ਹੱਦ ਤੱਕ ਇਸ ਕਿਤਾਬ ਵਿੱਚ ਹਨ। ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦਾ ਇੱਕ ਘਿਨੌਣਾ ਚਹਿਰਾ ਇਸ ਕਿਤਾਬ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਅੱਖਰਬੱਧ ਕੀਤਾ ਗਿਆ ਹੈ। ਕਿਉਂ ਸਿੰਘ ਖਾੜਕੂ ਬਣਦੇ ਹਨ? ਉਹ ਸਮਝ ਲੱਗਦਾ ਹੈ। ਕਿਸ ਤਰਾਂ ਇੰਨਾਂ ਖਾੜਕੂ ਸਿੰਘਾਂ ਦਾ ਜ਼ਿੰਦਗੀ ਤੋਂ ਮੋਹ ਟੁੱਟ ਜਾਂਦਾ ਹੈ ਤੇ ਸਿਰਫ ਧਰਮ ਖਾਤਿਰ ਮਰਣ ਅਤੇ ਮਾਰਣ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ ਇਹ ਕਿਤਾਬ ਇੰਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ। ਕਈ ਉਨਾਂ ਸਿੰਘਾਂ ਦੇ ਜੀਵਨ ਬਾਰੇ ਵੀ ਪਤਾ ਲੱਗਦਾ ਹੈ ਜੋ ਜਲਵਤਨੀ ਹੋ ਕੇ ਵੀ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਰਹੇ। ਸਿਰਫ ਇਸ ਉਮੀਦ ਵਿੱਚ ਕਿ ਜੇਕਰ ਅਸੀਂ ਆਪਣੇ ਦੇਸ਼ ਖਾਲਿਸਤਾਨ ਦੀ ਅਜ਼ਾਦੀ ਦਾ ਨਿੱਘ ਨਾ ਮਾਣ ਸਕੇ ਤਾਂ ਸਾਡੀ ਅਗਲੀ ਪੀੜੀ ਜ਼ਰੂਰ ਖਾਲਿਸਤਾਨ ਦੇਸ਼ ਦੀ ਅਜ਼ਾਦ ਫਿਜ਼ਾ ਵਿੱਚ ਸਾਨੂੰ ਯਾਦ ਕਰੇਗੀ। ਸ਼ਹਾਦਤਾਂ ਬਾਰੇ ਪੜਕੇ ਇੱਕ ਗੱਲ ਤਾਂ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ ਕਿ ਖਾਲਿਸਤਾਨ ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਖਤਮ ਨਹੀਂ ਹੋਇਆ। ਹਾਂ ਇਹ ਕਹਿ ਲਓ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਪੈਂਤੜਿਆਂ ਨੂੰ ਸਮਝ ਕੇ ਗੁਰੀਲਾ ਜੰਗ ਹੋ ਰਹੀ ਹੈ। ਜੁਝਾਰੂ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਪੜ ਕੇ ਮੇਰੇ ਵਰਗੇ ਮਾਮੂਲੀ ਸੋਚ ਦੇ ਮਾਨਸ ਮਨ ਭਰ ਲੈਂਦੇ ਹਨ, ਪਰ ਉਨ੍ਹਾਂ ਸ਼ਹੀਦ ਸਿੰਘਾਂ ਦਾ ਸਾਥ ਮਾਨਣ ਵਾਲੇ ਉਨਾਂ ਦੇ ਸੰਘੀ ਸਿੰਘ ਚੜਦੀ ਕਲਾ ਦਾ ਸੰਦੇਸ਼ ਦਿੰਦੇ ਨਜ਼ਰ ਆਉਂਦੇ ਹਨ ਕਿ ਕਿਸੇ ਵੀ ਸਿੰਘ ਦੀ ਸ਼ਹਾਦਤ ਤੋਂ ਬਾਦ ਸੰਘਰਸ਼ ਨਹੀਂ ਰੁਕਣਾ ਚਾਹੀਦਾ। ਇਹ ਸੁਨੇਹਾ ਸਿਰਫ ਸਿੱਖ ਕੌਮ ਅਤੇ ਧਰਮ ਦਾ ਦਰਦ ਰੱਖਣ ਵਾਲੇ ਜੁਝਾਰੂ ਸਿੰਘ ਹੀ ਦੇ ਸਕਦੇ ਹਨ ਜੋ ਕਿ ਇਸ ਕਿਤਾਬ ਵਿੱਚ ਦਰਜ ਹੈ। ਲੇਖਕ ਦੀ ਮਿਹਨਤ ਇਸ ਕਿਤਾਬ ਲਈ ਸਾਫ ਝਲਕ ਰਹੀ ਹੈ। ਲੇਖਕ ਨੇ ਸ਼ਹਾਦਤਾਂ ਦੇ ਸਮੁੰਦਰ ਨੂੰ ਕਿਤਾਬ ਰੂਪੀ ਕੁੱਝੇ ਵਿੱਚ ਇੱਕਤਰ ਕਰਣ ਦੀ ਸਫਲ ਕੋਸ਼ਸ਼ ਕੀਤੀ ਹੈ। ਕਈ ਸ਼ਹੀਦਾਂ ਬਾਰੇ ਪੜ ਕੇ ਪਤਾ ਲੱਗਾ ਕਿ ਸੰਘਰਸ਼ ਦੀ ਜੰਗ ਵਿੱਚ ਉਨਾਂ ਦੇ ਕਦਮ ਉਸ ਸਮੇਂ ਤੁਰੇ ਜਦੋਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਸਿੱਖਾਂ ਦੇ ਕਤਲੇਆਮ ਦੀ ਲੜੀ ਬੰਨ੍ਹ ਦਿੱਤੀ ਸੀ। ਉਨਾਂ ਅੰਦਰ ਰੋਹ ਸੀ ਅਤੇ ਆਪਣੀ ਕੌਮ ਦਾ ਦਰਦ ਸੀ। ਲੇਖਕ ਨੇ ਆਪਣੇ ਚਾਚਾ ਜੀ ਸ਼ਹੀਦ ਕਸ਼ਮੀਰ ਸਿੰਘ ਸ਼ੀਰਾ ਜੀ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ ਵੀ ਇਸ ਕਿਤਾਬ ਵਿੱਚ ਕਲਮਬੱਧ ਕੀਤਾ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਲੇਖਕ ਦਾ ਖੁਦ ਦਾ ਪਰਿਵਾਰ ਵੀ ਇੰਨਾਂ ਮਹਾਨ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਦੌਰ ਦਾ ਪਾਂਧੀ ਰਿਹਾ ਹੈ। ਇਸ ਲਈ ਹੀ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਇਹ ਕਿਤਾਬ ਤਵਾਰੀਖ ਖਾਲਿਸਤਾਨ ਦਾ ਤੀਜਾ ਭਾਗ ਲਿਖਣ ਤੱਕ ਕਾਮਯਾਬ ਹੋਏ ਹਨ, ਕਿਉਂਕਿ ਇੰਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਾ ਅਤੇ ਸ਼ਹੀਦ ਸਿੰਘਾਂ ਬਾਰੇ ਜਾਣਕਾਰੀ ਹਾਂਸਲ ਕਰਨਾ ਕੋਈ ਸੌਖਾ ਕੰਮ ਨਹੀਂ। ਲੇਖਕ ਇਸ ਲਈ ਹੀ ਕਾਮਯਾਬ ਹੋ ਸਕਿਆ ਕਿਉਂਕਿ ਉਸ ਦੇ ਖੁਦ ਅੰਦਰ ਇੰਨਾਂ ਸ਼ਹੀਦ ਸਿੰਘਾਂ ਦੀ ਖਿੱਚ ਹੈ ਅਤੇ ਪਰਿਵਾਰਕ ਪਿਛੋਕੜ ਵੀ। ਸ਼ਹੀਦਾਂ ਦੇ ਜੀਵਨ ਬਾਰੇ ਪੜ ਕੇ ਪਤਾ ਲੱਗਦਾ ਹੈ ਕਿ ਕਿਸ ਤਰਾਂ ਜੁਝਾਰੂ ਯੋਧੇ ਸਰਕਾਰ ਅਤੇ ਪੁਲਿਸ ਤੋਂ ਤਾਂ ਬੇਖੌਫ ਸਨ, ਪਰ ਮੌਤ ਨੂੰ ਵੀ ਮਖੌਲਾਂ ਕਰਦੇ ਸਨ। ਇਹ ਰੂਹਾਂ ਵਿਰਲੀਆਂ ਹੀ ਹੁੰਦੀਆਂ ਹਨ। ਹਰ ਕਿਸੇ ਵਿੱਚ ਇੰਨੀਂ ਜੁਰ੍ਹੱਤ ਹੋਣੀ ਸੰਭਵ ਨਹੀਂ। ਇਸ ਲਈ ਹੀ ਪੁਲਿਸ ਪ੍ਰਸ਼ਾਸਨ ਖੁਦ ਇੰਨਾਂ ਯੋਧਿਆਂ ਤੋਂ ਕੰਬਦਾ ਸੀ ਅਤੇ ਹੁਣ ਵੀ ਕੰਬਦਾ ਹੈ। ਇਸੇ ਲਈ ਤਾਂ ਸਰਕਾਰਾਂ ਅਤੇ ਪੁਲਿਸ ਕਨੂੰਨ ਨੂੰ ਛਿੱਕੇ ਟੰਗ ਕੇ ਇੰਨਾਂ ਜੁਝਾਰੂਆਂ ਦਾ ਸ਼ਿਕਾਰ ਖੇਡਦੀਆਂ ਹਨ ਅਤੇ ਇੰਨਕਾਉਂਟਰ ਕਰਕੇ ਕਤਲ ਕਰਦੀਆਂ ਹਨ। ਕਿਤਾਬ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਹਾਦਤਾਂ ਸਿਰਫ ਜੁਝਾਰੂ ਸਿੰਘਾਂ ਨੇ ਹੀ ਨਹੀਂ ਦਿੱਤੀਆਂ ਬਲਕਿ ਉਨਾਂ ਦੇ ਪਰਿਵਾਰਾਂ ਨੇ ਵੀ ਬਰਾਬਰ ਘਾਲਣਾ ਕੀਤੀ ਹੈ। ਪੁਲਿਸ ਦੇ ਤਸ਼ਦੱਦ ਝੱਲੇ ਹਨ, ਜੇਲ੍ਹਾਂ ਕੱਟੀਆਂ ਹਨ ਅਤੇ ਆਪਣੇ ਘਰ ਦੇ ਚਿਰਾਗ ਦੇ ਬੁੱਝਣ ਤੋਂ ਬਾਦ ਵੀ ਸੰਤਾਪ ਝੱਲੇ ਹਨ। ਕਿਤਾਬ ਪੜ ਕੇ ਸਮਝ ਨਹੀਂ ਆਉਂਦੀ ਕਿ ਸਿੱਖ ਕੌਮ ਕਿਸ ਤਰਾਂ ਇੰਨਾਂ ਸ਼ਹੀਦਾਂ ਅਤੇ ਇੰਨਾਂ ਦੇ ਪਰਿਵਾਰਾਂ ਦਾ ਮੁੱਲ ਚੁੱਕਾ ਪਾਏਗੀ? ਇਸ ਕਿਤਾਬ ਵਿੱਚ ਇਹ ਵੀ ਸਪੱਸ਼ਟ ਕੀਤਾ ਲੇਖਕ ਨੇ ਕਿ ਕੁਝ ਯੋਧੇ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਜੀ ਨਾਲ ਜੁੜੇ ਹੋਏ ਸਨ ਤਾਂ ਖਾੜਕੂ ਬਣੇ ਸਨ। ਪਰ ਕੁਝ ਯੋਧੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਤੇ ਹੋ ਰਹੇ ਹਮਲਿਆਂ ਤੋਂ ਨਿਰਾਸ਼ ਹੋ ਕੇ ਖਾੜਕੂ ਬਣੇ ਸਨ। ਪਰ ਕੁਝ ਯੋਧੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੱਕ ਦੇ ਅਧਾਰ ਤੇ ਬਾਰ-ਬਾਰ ਸਤਾਏ ਜਾਣ ਤੇ ਖਾੜਕੂ ਬਣੇ ਸਨ। ਇਹ ਪੜ ਕੇ ਵੀ ਹੈਰਾਨੀ ਹੋਈ ਕਿ ਪੁਲਿਸ ਨੇ ਕਈ ਬੇਦੋਸ਼ਿਆਂ ਨੂੰ ਵੀ ਸਿੱਖ ਹੋਣ ਦੀ ਸਜ਼ਾ ਦਿੱਤੀ। ਉਨਾਂ ਨੂੰ ਖਾੜਕੂ ਕਹਿ ਕਿ ਸ਼ਹੀਦ ਕਰ ਦਿੱਤਾ ਗਿਆ। ਇੰਨ੍ਹਾਂ ਜ਼ਾਲਮ ਸਰਕਾਰਾਂ ਅਤੇ ਜ਼ਾਲਮ ਪੁਲਿਸ ਅਫਸਰਾਂ ਨੇ ਉਨ੍ਹਾਂ ਨੂੰ ਵੀ  ਨਹੀਂ ਬਖਸ਼ਿਆ ਜੋ ਸਿਰਫ ਗੁਰੂ ਘਰ ਦੇ ਪਾਠੀ ਦੀ ਸੇਵਾ ਨਿਭਾ ਰਹੇ ਸੀ ਜਾਂ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਜਾਂ ਫਿਰ ਬੱਸ ਵਿੱਚੋਂ ਉਤਾਰ ਕੇ ਗੋਲੀਆਂ ਮਾਰ ਸ਼ਹੀਦ ਕਰ ਦਿੱਤਾ। ਪੁਲਿਸ ਦਾ ਇਹ ਘਟੀਆਪਣ ਸਿਰਫ ਉੱਚੇ ਅਹੁੱਦੇ ਲੈਣ ਖਾਤਿਰ ਜਾਂ ਕੁਝ ਪੈਸਿਆਂ ਖਾਤਿਰ ਸੀ। ਪਾਠਕਾਂ ਸਿਰਫ ਲਾਹਨਤਾਂ ਹੀ ਇੰਨ੍ਹਾਂ ਜ਼ਾਲਮਾਂ ਨੂੰ ਪਾਏਗਾ। ਕਿਤਾਬ ਦੇ ਆਖ਼ਰ ਵਿੱਚ ਲੇਖਕ ਨੇ ਸਪੱਸ਼ਟ ਕੀਤਾ ਕਿ ਸਿੱਖ ਕੌਮ ਕਿਉਂ ਦੇਸ਼ ਖਾਲਿਸਤਾਨ ਲੋਚਦੀ ਹੈ? ਸੱਚੀਂ ਕਿਤਾਬ ਪੜਣ ਵਾਲੀ ਹੈ। ਸ਼ਹੀਦ ਜੁਝਾਰੂ ਸਿੰਘਾਂ ਦੀ ਸੋਚ, ਉਨਾਂ ਦਾ ਜਜ਼ਬਾ, ਉਨਾਂ ਦੀਆਂ ਕੁਰਬਾਨੀਆਂ ਪੜ ਕੇ ਹਰ ਪਾਠਕ ਖੁਦ ਨੂੰ ਸਵਾਲ ਜ਼ਰੂਰ ਕਰੇਗਾ ਕਿ ਉਹ ਖੁੱਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਦੇ ਇਸ ਸੰਘਰਸ਼ ਵਿੱਚ ਕਿੱਥੇ ਖੜਾ ਹੈ? ਉਸਨੇ ਨੇ ਖੁਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਕਿੰਨਾਂ ਕੁ ਯੋਗਦਾਨ ਪਾਇਆ ਹੈ? ਜਾਂ ਕਿੰਨਾਂ ਕੁ ਯੋਗਦਾਨ ਉਹ ਪਾ ਸਕਦਾ ਹੈ? ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫਡਰੇਸ਼ਨ ਭਿੰਡਰਾਂਵਾਲਾ ਇੱਕ ਨਾਮੀ ਖੋਜਕਾਰ ਅਤੇ ਇਤਿਹਾਸਕਾਰ ਹਨ। ਬਹੁਤ ਹੀ ਛੋਟੀ ਜਿਹੀ ਉਮਰ ਵਿੱਚ ਗਿਆਨ ਦਾ ਭੰਡਾਰ ਆਪਣੇ ਆਪ ਵਿੱਚ ਸਮਾਈ ਬੈਠੇ ਹਨ ਭਾਈ ਸਾਹਿਬ। ਭਾਈ ਰਣਜੀਤ ਸਿੰਘ ਜੀ ਨਾਲ ਮਿਲਣਾ ਅਤੇ ਵਿਚਾਰਾਂ ਦੀ ਸਾਂਝ ਮੇਰੀ ਅਕਸਰ ਹੁੰਦੀ ਰਹਿੰਦੀ ਹੈ। ਬਹੁਤ ਹੀ ਮਿਲਾਪੜੇ ਅਤੇ ਸਤਿਕਾਰਤ ਸ਼ਖਸਿਅਤ ਹਨ। ਸਿੱਖੀ, ਸਿੱਖ ਕੌਮ ਅਤੇ ਸਿੱਖ ਇਤਿਹਾਸ ਲਈ ਬਹੁਤ ਹੀ ਜ਼ਿਆਦਾ ਸੁਚੇਤ ਹਨ ਭਾਈ ਸਾਹਿਬ। ਸ਼ਹੀਦ ਸਿੰਘਾਂ ਦੀ ਜਾਣਕਾਰੀ ਇੱਕਠੀ ਕਰਕੇ ਪਾਠਕਾਂ ਤੱਕ ਅਤੇ ਅਗਲੀ ਪੀੜੀ ਤੱਕ ਪਹੁੰਚਾਉਣ ਦੇ ਮਹਾਨ ਕਾਰਜ ਲਈ ਭਾਈ ਰਣਜੀਤ ਸਿੰਘ ਜੀ ਨੂੰ ਮੈਂ ਦੁਆਵਾਂ ਦਿੰਦੀ ਹਾਂ।


ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਯਾਤਰੀਆਂ ਨਾਲ ਭਰਿਆ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 61 ਲੋਕਾਂ ਦੀ ਮੌਤ
Next articleਜਰਖੜ ਹਾਕੀ ਅਕੈਡਮੀ ਹਾਕੀ ਇੰਡੀਆ ਦੀ ਕੌਮੀ ਅਕੈਡਮੀਜ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ