ਲੇਖਕ ਪਾਠਕ ਸਾਹਿਤ ਸਭਾ ਦਾ ਵਧੀਆ ਉਪਰਾਲਾ – ਅੰਜਨਾ ਮੈਨਨ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਸਭਾ ਦੀ ਪ੍ਰਧਾਨਗੀ ਮੈਡਮ ਅੰਜਨਾ ਮੈਨਨ ਨੇ ਕੀਤੀ ਅਤੇ ਮਾਲਵਿੰਦਰ ਸ਼ਾਇਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਦੀ ਲੇਖਿਕਾ ਕੁਲਵੀਰ ਕੌਰ ਜੋਤੀ ਦਾ ਪਲੇਠਾ ਨਾਵਲ ” ਦੋ ਪੁਲਾਂਘਾਂ ਦੂਰ” ਜਿਹੜਾ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਨੇ ਪ੍ਰਕਾਸ਼ਿਤ ਕਰਵਾਇਆ ਹੈ, ਨੂੰ ਲੋਕ ਅਰਪਣ ਕੀਤਾ ਗਿਆ। ਹਾਜਰ ਸਾਹਿਤਕਾਰਾਂ ਨੇ ਇਸ ਨਾਵਲ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ।
ਸਭਾ ਦੀ ਪ੍ਰਧਾਨਗੀ ਕਰ ਰਹੇ ਮੈਡਮ ਅੰਜਨਾ ਨੇ ਕਿਹਾ ਕਿ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਇਹ ਲੇਖਕ ਪਾਠਕ ਸਾਹਿਤ ਸਭਾ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਜੋਤੀ ਅਤੇ ਨਵੇਂ ਲੇਖਕਾਂ ਨੂੰ ਸਾਹਿਤ ਸਿਰਜਣਾ ਲਈ ਹੋਰ ਉਤਸਾਹ ਮਿਲੇਗਾ। ਵਿਸ਼ੇਸ਼ ਮਹਿਮਾਨ ਮਾਲਵਿੰਦਰ ਸ਼ਾਇਰ ਨੇ ਕਿਹਾ ਕਿ ਸਭਾ ਵਲੋ ਉਹਨਾਂ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਉਣੀਆਂ, ਜਿਹੜੇ ਕਿਸੇ ਕਾਰਨ ਨਹੀਂ ਛਪਵਾ ਸਕਦੇ, ਸਾਹਿਤ ਦੇ ਖੇਤਰ ਵਿੱਚ ਲਿਆਉਣਾ ਸੁਭਾਗਾ ਕਾਰਜ ਹੈ। ਇਸ ਤੇ ਕੁਲਵੀਰ ਨੇ ਸਭਾ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਸਿੱਧੂ, ਜਸਪ੍ਰੀਤ ਕੌਰ ਬੱਬੂ, ਗੇਲਾ ਸਿੰਘ, ਪ੍ਰੋ. ਚਤਿੰਦਰ ਰੁਪਾਲ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਤੇਜਿੰਦਰ ਚੰਡਿਹੋਕ , ਜੈਸਮੀਨ ਕੌਰ, ਕੁਲ ਰੌਨਕ ਸਿੰਘ, ਜਪਿੰਦਰ ਸਿੰਘ, ਪਾਲ ਸਿੰਘ ਲਹਿਰੀ, ਸਿਮਰਜੀਤ ਕੌਰ ਬਰਾੜ ਆਦਿ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly