ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਮੁੰਦਰੀ ਕੰਢੇ ਵੱਸੇ ਸ਼ਹਿਰ ਸਾਉਥਪੋਰਟ ਚ ਪਿਛਲੇ ਹਫਤੇ ਵਾਪਰੀ ਛੁਰੇਬਾਜੀ ਦੀ ਘਟਨਾ,ਜਿਸ ਵਿੱਚ ਤਿੰਨ ਬੱਚਿਆਂ ਦੀ ਮੌਤ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਸਨ।ਇਸ ਘਟਨਾ ਦੇ ਸਬੰਧ ਚ ਫੈਲੀ ਇਕ ਅਫਵਾਹ ਕਾਰਨ ਇਥੋਂ ਦੀ”ਇੰਗਲਿਸ਼ ਡਿਫੈਂਸ ਲੀਗ”ਜਥੇਬੰਦੀ ਵੱਲੋਂ ਇਕ ਭਾਈਚਾਰੇ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਦਿਆਂ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਪ੍ਰਦਰਸ਼ਨ ਅਤੇ ਭੰਨ ਤੋੜ ਕਰਕੇ ਨਸਲੀ ਹਿੰਸਾ ਫੈਲਾਈ ਜਾ ਰਹੀ ਹੈ।ਇਸੇ ਸਬੰਧ ਚ ਲੈਸਟਰ ਚ ਉਕਤ ਜਥੇਬੰਦੀ ਵੱਲੋਂ ਪ੍ਰਦਰਸ਼ਨ ਕਰਕੇ ਨਸਲੀ ਟਿੱਪਣੀਆਂ ਕਰਦਿਆਂ ਨਾਹਰੇਬਾਜੀ ਕੀਤੀ ਗਈ, ਜਿਸ ਦੇ ਵਿਰੋਧ ਚ ਇਥੋਂ ਦੀਆਂ ਸ਼ਾਂਤੀ ਪਸੰਦ ਜਥੇਬੰਦੀਆਂ ਜਿਨ੍ਹਾਂ ਚ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਵੀ ਇਨ੍ਹਾਂ ਹਿੰਸਾਕਾਰੀ ਘਟਨਾਵਾਂ ਦੇ ਵਿਰੋਧ ਚ ਆਵਾਜ਼ ਬੁਲੰਦ ਕੀਤੀ ਗਈ।ਇਸ ਮੌਕੇ ਤੇ ਲੈਸਟਰ ਟਾਊਨ ਸੈਂਟਰ ਚ ਇਕੱਤਰ ਹੋਈਆਂ ਦੋਵਾਂ ਧਿਰਾਂ ਦਾ ਆਪਸੀ ਟਕਰਾਅ ਹੁੰਦਾ ਵਾਲ ਵਾਲ ਬਚਿਆ।ਇਸ ਮੌਕੇ ਤੇ ਹਾਜਰ ਵੱਡੀ ਗਿਣਤੀ ਚ ਪੁਲਿਸ ਫੋਰਸ ਵੱਲੋਂ ਸਥਿਤੀ ਤੇ ਕਾਬੂ ਪਾਉਂਦਿਆਂ ਕੁਝ ਹਿੰਸਾਕਾਰੀਆਂ ਨੂੰ ਹਿਰਾਸਤ ਚ ਵੀ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਬਰਤਾਨੀਆ ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਹਿੰਸਾ ਫੈਲਾਅ ਰਹੀਆਂ ਅਜਿਹੀਆਂ ਨਸਲਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਸ ਗਿੱਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਚ ਉਨ੍ਹਾਂ ਦੀ ਜਥੇਬੰਦੀ ਇੰਡੀਅਨ ਵਰਕਰਜ ਐਸੋਸੀਏਸ਼ਨ ਅਤੇ ਹੋਰ ਅਮਨ ਪਸੰਦ ਜਥੇਬੰਦੀਆਂ ਵੱਲੋਂ ਹਿੰਸਾ ਫੈਲਾਅ ਰਹੀਆਂ ਜਥੇਬੰਦੀਆਂ ਦੇ ਵਿਰੋਧ ਚ ਲੈਸਟਰ ਦੇ ਟਾਊਨ ਸੈਂਟਰ ਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਥੇ ਮੌਜੂਦ ਵੱਡੀ ਗਿਣਤੀ ਚ ਹਿੰਸਾਕਾਰੀਆ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਮਨਸ਼ਾ ਨਾਲ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਮੌਕੇ ਤੇ ਮੌਜੂਦ ਵੱਡੀ ਗਿਣਤੀ ਚ ਪੁਲਿਸ ਫੋਰਸ ਵੱਲੋਂ ਕੁਝ ਹਿੰਸਾਕਾਰੀਆ ਨੂੰ ਹਿਰਾਸਤ ਚ ਲੈਣ ਕੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਦੋ ਦੇ ਕਰੀਬ ਹਿੰਸਾਕਾਰੀਆਂ ਨੂੰ ਹਿਰਾਸਤ ਚ ਲੈਣ ਕੇ ਸਥਿਤੀ ਤੇ ਕਾਬੂ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਅਜੇ ਵੀ ਹਿੰਸਕ ਕਾਰਵਾਈਆਂ ਜਾਰੀ ਹਨ, ਜਿਸ ਤੋਂ ਤੰਗ ਆ ਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਿੰਸਾਕਾਰੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly