ਚੱਕਦੇ ਹਾਕੀ ਇੰਡੀਆ

ਕੁਲਦੀਪ ਸਿੰਘ ਸਾਹਿਲ 

(ਸਮਾਜ ਵੀਕਲੀ) ਅੱਜ  ਜਦੋਂ ਪੈਰਿਸ ਵਿੱਚ ਚਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦੀ ਚਰਚਾ ਚਲ ਰਹੀ ਤਾਂ ਇਸ ਖੇਡ ਦੇ ਇਤਿਹਾਸ ਬਾਰੇ ਵੀ ਗੱਲ ਕਰਨੀ ਬਣਦੀ ਹੈ ਕਿ ਇਹ ਖੇਡ ਕਿਵੇਂ ਕਿਸ ਰੂਪ ਵਿੱਚ ਕਦੋਂ ਹੋਂਦ ਵਿੱਚ ਆਈ । ਮਿਸਰ ਦੇ ਇਤਿਹਾਸ ਮੁਤਾਬਿਕ ਆਧੁਨਿਕ ਖੇਡ ਹਾਕੀ ਦੀਆਂ ਜੜ੍ਹਾਂ 4000 ਸਾਲ ਪੁਰਾਣੀਆਂ ਹਨ ਉਹਨਾਂ ਦੇ ਪ੍ਰਾਚੀਨ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸਦੇ ਨਾਲ ਮਿਲਦੀ ਜੁਲਦੀ ਖੇਡ ਮਿਸਰ ਦੇ ਲੋਕ 4000 ਸਾਲ ਪਹਿਲਾਂ ਖੇਡਦੇ ਹੁੰਦੇ ਸਨ, ਇਸੇ ਤਰ੍ਹਾਂ ਇਥੋਪੀਆ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਈਸਾ ਤੋਂ 1000 ਸਾਲ ਪਹਿਲਾਂ ਅਤੇ ਈਰਾਨ ਦੇ ਇਤਿਹਾਸ ਮੁਤਾਬਿਕ ਉਹ ਲੋਕ ਹਾਕੀ ਜਿਹੀ ਖੇਡ ਈਸਾ ਤੋਂ 2000 ਪਹਿਲਾਂ ਵੀ ਖੇਡਦੇ ਰਹੇ ਹਨ। ਆਧੁਨਿਕ ਹਾਕੀ ਇੰਗਲੈਂਡ ਵਿੱਚ ਅਠਾਰਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਹੋਈ ਜਿੱਥੇ ਉਹਨਾਂ ਨੇ ਇਸ ਖੇਡ ਨੂੰ ਸਕੂਲਾਂ ਵਿੱਚ ਸ਼ੁਰੂ ਕਰਵਾਇਆ ਅਤੇ ਪਬਲਿਕ ਸਕੂਲਾਂ ਵਿੱਚ ਇਸ ਖੇਡ ਨੇ ਬਹੁਤ ਤਰੱਕੀ ਕੀਤੀ। ਪਹਿਲੀ ਹਾਕੀ ਐਸੋਸੀਏਸ਼ਨ ਵੀ ਇਗਲੈਂਡ ਵਿੱਚ 1876 ਨੂੰ ਬਣੀ ਜਿੱਥੇ ਉਹਨਾਂ ਨੇ ਇਸ ਖੇਡ ਦੇ ਨਿਯਮ ਬਣਾਉਣ ਦੀ ਸ਼ੁਰੂਆਤ ਕੀਤੀ। ਪਹਿਲਾ ਅੰਤਰਰਾਸ਼ਟਰੀ ਹਾਕੀ ਮੈਚ ਇੰਗਲੈਂਡ ਅਤੇ ਆਇਰਲੈਂਡ ਦਰਮਿਆਨ 1895 ਨੂੰ ਖੇਡਿਆ ਗਿਆ ਇਸ ਤੋਂ ਬਾਅਦ ਤੇਜ਼ੀ ਨਾਲ ਇਸ ਖੇਡ ਨੇ ਅੰਗਰੇਜ਼ਾਂ ਰਾਂਹੀ ਸਮੁੱਚੀ ਦੁਨੀਆਂ ਉੱਤੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਭਾਰਤ ਵਿੱਚ ਵੀ ਇਸ ਖੇਡ ਦਾ ਆਧੁਨਿਕ ਰੂਪ ਭਾਵੇਂ ਅੰਗਰੇਜ਼ ਹੀ ਲੈਕੇ ਆਏ ਸਨ ਪਰ ਪਿਛਲੇ 500 ਸਾਲ ਪਹਿਲਾਂ ਭਾਰਤ ਦੇ ਪਿੰਡਾਂ ਅੰਦਰ ਇਹ ਖੇਡ ਬੱਚਿਆਂ ਵੱਲੋਂ ਬਾਂਸ ਦੇ ਡੰਡਿਆਂ ਅਤੇ ਰਬੜ ਦੀ ਗੇਂਦ ਨਾਲ ਖੇਡੀ ਜਾਣ ਵਾਲੀ ਖਿੱਦੋ ਖੂੰਡੀ ਵਜੋਂ ਜਾਣੀ ਜਾਂਦੀ ਰਹੀ ਹੈ। ਇੰਗਲੈਂਡ ਦੇ ਵਿਲੰਭਡਨ ਕਲੱਬ ਨੇ ਇਸ ਖੇਡ ਨੂੰ ਬ੍ਰਿਟਿਸ਼ ਸਾਮਰਾਜ ਅਤੇ ਯੂਰਪੀਅਨ ਦੇਸ਼ਾਂ ਵਿੱਚ ਫੈਲਾਇਆ, 1890 ਵਿੱਚ ਇੰਗਲਿਸ਼, ਆਇਰਿਸ਼ ਅਤੇ ਵੈਲਸ਼ ਹਾਕੀ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਨਿਯਮ ਬੋਰਡ ਦਾ ਗਠਨ ਕੀਤਾ ਅਤੇ ਰੈਫਰੀਆਂ ਸਬੰਧੀ ਦਿਸ਼ਾ ਨਿਰਦੇਸ਼ ਬਣਾਏ। 1908 ਦੀਆਂ ਲੰਡਨ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਨੂੰ ਸ਼ਾਮਿਲ ਕੀਤਾ ਗਿਆ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ( ਐਫ.ਆਈ.ਐਚ ) ਦੀ ਸ਼ੁਰੂਆਤ 7 ਜਨਵਰੀ 1924 ਨੂੰ ਹੋਈ ਜਿਸਦਾ ਪਹਿਲਾ ਪ੍ਰਧਾਨ ਪਾਲ ਲੇਓਟੀ ਸੀ ਅਤੇ ਇਸਦਾ ਮੁੱਖ ਦਫ਼ਤਰ ਲੂਸਾਨੇ ( ਸਵਿਟਜ਼ਰਲੈਂਡ ) ਵਿੱਚ ਸਥਿਤ ਹੈ। ਬੇਸ਼ੱਕ ਭਾਰਤ ਵਿੱਚ ਇਸ ਖੇਡ ਨੂੰ ਅੰਗਰੇਜ਼ ਲੈਕੇ ਆਏ ਪਰ ਬ੍ਰਿਟਿਸ਼ ਰੈਜੀਮੈਂਟ ਵਿੱਚ ਇਹਨਾਂ ਖੇਡਾਂ ਨੂੰ ਭਾਰਤੀ ਸੈਨਿਕ ਹੀ ਖੇਡਦੇ ਰਹੇ ਅਤੇ ਉਹਨਾਂ ਨੇ ਇਸਨੂੰ ਆਪਣੀ ਖੇਡ ਬਣਾ ਲਿਆ ਮੇਜਰ ਧਿਆਨ ਚੰਦ ਇਸਦੀ ਵਿਲੱਖਣ ਉਦਾਹਰਨ ਹਨ। ਭਾਰਤੀ ਹਾਕੀ ਫੈਡਰੇਸ਼ਨ 1925 ਵਿੱਚ ਬਣੀ ਜਿਸਨੂੰ ਕਿ 2008 ਤੋਂ ਬਾਅਦ “ਹਾਕੀ ਇੰਡੀਆ” ਕਿਹਾ ਜਾਣ ਲੱਗਾ ਅਤੇ ਇਸਦਾ ਮੌਜੂਦਾ ਪ੍ਰਧਾਨ ਸਾਬਕਾ ਉਲੰਪੀਅਨ ਦਲੀਪ ਟੀਰਕੀ ਹਨ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਹਾਕੀ ਦੇ ਆਲਮੀ ਕੱਪ ਦੀ ਸ਼ੁਰੂਆਤ 1971 ਵਿੱਚ ਕੀਤੀ , ਬੇਸ਼ੱਕ ਭਾਰਤ ਨੇ ਇਸ ਖੇਡ ਅੰਦਰ ਸਭ ਤੋਂ ਵੱਧ ਉਲੰਪਿਕ ਸੋਨ ਤਗਮੇ ਜਿੱਤੇ ਹਨ ਪਰ ਉਹ ਵਿਸ਼ਵ ਕੱਪ ਨੂੰ ਸਿਰਫ ਇੱਕ ਵਾਰ ( 1975 ) ਵਿੱਚ ਹੀ ਜਿੱਤ ਪਾਇਆ ਹੈ। ਜੇਕਰ ਭਾਰਤੀ ਹਾਕੀ ਟੀਮ ਦੇ ਓਲਿੰਪਿਕ ਮੁਕਾਬਲਿਆ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਸੰਨ 1928  ਵਿੱਚ ਜੈਪਾਲ ਸਿੰਘ ਮੂੰਡਾ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ ਜਿੱਤਿਆ, 1932 ਵਿੱਚ ਲਾਭ ਸਿੰਘ ਬੁਖਾਰੀ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ ਜਿੱਤਿਆ, 1936 ਵਿੱਚ ਧਿਆਨ ਚੰਦ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ, 1948 ਵਿੱਚ ਕਿਸ਼ਨ ਲਾਲ ਦੀ ਅਗਵਾਈ ਹੇਠ ਸੋਨੇ ਦਾ ਤਗਮਾ, 1952 ਵਿੱਚ ਕੇ.ਡੀ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ ਜਿੱਤਿਆ, 1956  ਵਿੱਚ ਬਲਬੀਰ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ, 1964 ਵਿੱਚ ਚਰਨਜੀਤ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਗਮਾ, 1980 ਵਾਸੂਦੇਵ ਭਾਸਕਰ ਦੀ ਅਗਵਾਈ ਹੇਠ ਸੋਨੇ ਦਾ ਤਗਮਾ ਜਿੱਤਿਆ ਹੁਣ ਤੱਕ ਭਾਰਤ ਦੀ ਹਾਕੀ ਟੀਮ ਨੇ ਓਲਿੰਪਿਕ ਖੇਡਾ ਵਿਚ 8 ਸੋਨੇ ਦੇ ਤਮਗੇ ਜਿੱਤੇ ਹਨ। ਉਲੰਪਿਕ 2024 ਦੇ ਹਾਕੀ ਮੁਕਾਬਲਿਆਂ ਵਿੱਚ ਇਸ ਵਾਰੀ ਫਿਰ ਭਾਰਤੀਆਂ ਦੀ ਨਜ਼ਰ ਸੋਨ ਤਗਮੇ ਤੇ ਟਿਕੀ ਹੋਈ ਹੈ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਇਸ ਉਮੀਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ । 8 ਅਗਸਤ ਨੂੰ ਫਿਰ ਤੋਂ “ਚੱਕਦੇ ਹਾਕੀ ਇੰਡੀਆ” ਨਾਅਰਾ ਗੂੰਜਣ ਦੀ ਉਮੀਦ ‘ਚ ਹਨ ਭਾਰਤੀ ਹਾਕੀ ਪ੍ਰੇਮੀ ।

ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰਿਸ਼ਤਿਆਂ ਵਿੱਚ ਲਚਕਤਾ: ਮਜ਼ਬੂਤ ​​ਰਿਸ਼ਤਿਆਂ ਦੀ ਨੀਂਹ
Next articleਦੁਨੀਆਂ ਰੰਗ ਬਰੰਗੀ