ਮਿੱਡ-ਡੇ-ਮੀਲ ਵਰਕਰਾਂ ਨੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਸਕੂਲਾਂ ਅੰਦਰ ਵਿਦਿਆਰਥੀਆਂ ਲਈ ਖਾਣਾ ਖਾਣਾ ਬਣਾਉਣ ਵਾਲੀਆਂ ਕੁੱਕ ਬੀਬੀਆਂ ਦੀ ਜੱਥੇਬੰਦੀ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਦਿਆਂ ਸੂਬਾ ਕਮੇਟੀ ਦੇ ਫੈਸਲੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਹੁਸ਼ਿਆਰਪੁਰ ਵਿਖੇ ਜੱਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵਰਕਰਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ, ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਵਿੱਦਿਆ ਮੰਤਰੀ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਤਾਂ ਅਜੇ ਤੱਕ ਜੱਥੇਬੰਦੀ ਨੂੰ ਕੋਈ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਹੈ ਅਤੇ ਵਿੱਦਿਆ ਮੰਤਰੀ ਵਲੋਂ ਵੀ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਣ ਜੱਥੇਬੰਦੀ ਵਲੋਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਇੰਦਰਜੀਤ ਵਿਰਦੀ, ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਪ੍ਰੈਸ ਸਕੱਤਰ ਵਿਕਾਸ ਸ਼ਰਮਾ, ਪੈਨਸ਼ਨਰ ਆਗੂ ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੱਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਕੈਂਸਲ ਕੀਤੀਆਂ ਜਾ ਰਹੀਆਂ ਹਨ। ਜਿਸਤੋਂ ਇਹ ਸਪੱਸ਼ਟ ਹੈ, ਕਿ ਪੂਰੀ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਕੌਰ ਮਾਹਿਲਪੁਰ, ਅਮਰਜੀਤ ਕੌਰ ਚੱਬੇਵਾਲ, ਸੀਮਾ ਰਾਣੀ ਹੁਸ਼ਿਆਰਪੁਰ, ਰਣਜੀਤ ਕੌਰ ਤਲਵਾੜਾ, ਜਤਿੰਦਰ ਕੌਰ ਬੁਲ੍ਹੋਵਾਲ, ਮਨਜੀਤ ਕੌਰ ਗੜ੍ਹਸ਼ੰਕਰ, ਇੰਦਰਜੀਤ ਕੌਰ ਭੂੰਗਾ, ਸੁਰਿੰਦਰ ਕੌਰ ਮਾਹਿਲਪੁਰ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਿਡ ਡੇ ਮੀਲ ਵਰਕਰਾਂ ਨੂੰ ਪੂਰੇ ਸਕੇਲਾਂ ਤੇ ਰੈਗੂਲਰ ਕੀਤਾ ਜਾਵੇ। ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਵਰਕਰਾਂ ਨੂੰ ਸਕਿੱਲਡ ਵਰਕਰ ਮੰਨਦਿਆਂ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂਦਾ ਜਾਵੇ। ਵਰਕਰਾਂ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਸਮੇਂ ਸਿਰ ਦਿੱਤੀਆਂ ਜਾਣ। ਜਿਹਨਾਂ ਸਕੂਲਾਂ ਵਿਚ ਵੱਧ ਬੱਚੇ ਹਨ, ਉੱਥੇ ਹੋਰ ਵਰਕਰਾਂ ਰੱਖੀਆਂ ਜਾਣ ਅਤੇ ਹਟਾਈਆਂ ਵਰਕਰਾਂ ਨੂੰ ਮੁੜ ਰੱਖਿਆ ਜਾਵੇ। ਬੱਚਿਆਂ ਦੇ ਖਾਣੇ ਲਈ ਵਰਤੇ ਬਰਤਨਾਂ ਦੀ ਸਫਾਈ ਲਈ ਹੈਲਪਰ ਰੱਖੀ ਜਾਵੇ। ਹਰੇਕ ਮਿਡ-ਡੇ-ਮੀਲ ਵਰਕਰ ਦਾ ਮੁਫਤ ਬੀਮਾ ਕੀਤਾ ਜਾਵੇ। ਵਰਕਰਾਂ ਕੋਲੋਂ ਮਿਡ-ਡੇ-ਮੀਲ ਤੋਂ ਬਿਨਾ ਹੋਰ ਕੋਈ ਕੰਮ ਨਾ ਲਿਆ ਜਾਵੇ। ਮਿਡ-ਡੇ-ਮੀਲ ਵਰਕਰ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਨੌਕਰੀ ਲਈ ਉਸਦੇ ਪਰਿਵਾਰਿਕ ਮੈਂਬਰ ਨੂੰ ਪਹਿਲ ਦਿੱਤੀ ਜਾਵੇ। ਰੈਲੀ ਉਪਰੰਤ ਧਰਨਾਕਾਰੀਆਂ ਵਲੋਂ ਕੈਬਨਿਟ ਮੰਤਰੀ ਜਿੰਪਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਅਤੇ ਸ਼ਿਮਲਾ ਪਹਾੜੀ ਚੌਂਕ ਨੂੰ ਜਾਮ ਕੀਤਾ ਗਿਆ। ਇਸ ਮੌਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਮੌਕੇ ਤੇ ਪਹੁੰਚ ਕੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ ਵਲੋਂ ਮੰਗ ਪੱਤਰ ਪ੍ਰਾਪਤ ਕਰਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੈਨ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ
Next articleਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਕੈਟਲ ਪੌਂਡ ਦੀ ਖਾਲੀ ਜ਼ਮੀਨ ਵਿੱਚ 500 ਤੋਂ ਵੱਧ ਬੂਟੇ ਲਗਾਏ ਗਏ