ਰਿਸ਼ਤਿਆਂ ਦਾ ਬਜ਼ਾਰ

ਰਮਿੰਦਰ ਰੰਮੀ

(ਸਮਾਜ ਵੀਕਲੀ) 

ਪਤਾ ਨਹੀਂ ਕਿਉਂ ਇੱਕ ਦਿਨ
ਨਿਕਲ ਤੁਰੀ ਮੈਂ ਬਾਹਰ
ਤੇ ਜਾ ਪਹੁੰਚੀ
ਰਿਸ਼ਤਿਆਂ ਦੇ ਬਜ਼ਾਰ ਵਿਚ
ਸੋਚਿਆ ਪਤਾ ਕਰਾਂ ਕਿ
ਅੱਜ -ਕੱਲ੍ਹ ਕਿੱਥੋਂ ਮਿਲਦੀ ਹੈ
ਇਨਸਾਨੀਅਤ

ਬਹੁਤ ਭਟਕੀ ਇਨਸਾਨੀਅਤ
ਨਾ ਮਿਲੀ ਕਿਤੋਂ
ਜਿਸਨੂੰ ਪੁੱਛਾਂ , ਇਹੀ ਜਵਾਬ ਮਿਲੇ
ਜਾ ਬੀਬੀ ਵਾਪਿਸ ਮੁੜ ਜਾ
ਅੱਜ ਕੱਲ ਲੋਕਾਂ ਦੀਆਂ
ਜ਼ਮੀਰਾਂ ਮਰ ਚੁੱਕੀਆਂ ਹਨ
ਤੇ ਇਨਸਾਨੀਅਤ ਕਿੱਥੇ ਰਹੀ

ਨਹੀਂ ਮੰਨੀ ਮੈਂ ਤੇ ਤੁਰੀ ਗਈ
ਕੀ ਦੇਖਦੀ ਹਾਂ ਇਕ ਜਗਹ
ਬਹੁਤ ਭੀੜ ਸੀ
ਜ਼ਰਾ ਰੁੱਕ ਗਈ ਮੈਂ
ਦੇਖਿਆ ਮੰਡੀ ਲੱਗੀ ਹੋਈ ਸੀ
ਪੈਸਿਆਂ ਦੇ ਬਜ਼ਾਰ ਦੀ

ਬੋਲੀ ਲੱਗੀ ਸੀ ਜਿੱਥੇ
ਪੈਸੇ ਦੇ ਕੇ ਕਿਤਾਬਾਂ ਲਿਖਣ ,
ਖ੍ਰੀਦਣ ਤੇ ਵੇਚਣ ਵਾਲਿਆਂ ਦੀ
ਦੰਗ ਰਹਿ ਗਈ ਮੈਂ ਉਹ
ਅਹਿਸਾਸ ਵੇਚ ਰਹੇ ਹਨ ਆਪਣੇ
ਅਹਿਸਾਸਾਂ ਦੀ ਵੀ ਕਦੀ
ਕੋਈ ਕੀਮਤ ਹੁੰਦੀ ਹੈ

ਮਨ ਮਸੋਸ ਰਹਿ ਗਈ ਮੈਂ
ਅੱਗੇ ਤੁਰੀ ਕੀ ਦੇਖਦੀ ਹਾਂ ਮੈਂ ਫਿਰ
ਮਾਣ ਸਨਮਾਨ , ਔਹਦੇ ਵੀ
ਵੇਚੇ ਜਾ ਰਹੇ ਹਨ
ਪੈਸੇ ਦੇ ਕੇ , ਚਾਪਲੂਸੀ ਕਰਕੇ
ਸਿਫ਼ਾਰਸ਼ ਕਰਕੇ
ਇਨਸਾਨ ਦੀ ਆਪਣੀ
ਕਾਬਲੀਅਤ ਦੀ ਕਦਰ ਹੀ ਨਹੀਂ ਕੋਈ

ਉਹੋ ਦੁਖੀ ਹੋ ਅੱਗੇ ਵਧੀ ਫਿਰ
ਸ਼ਾਇਦ ਕਿਤੋਂ ਸੱਚਾ ਪਿਆਰ ਮਿਲ ਜਾਏ
ਉਹ ! ਭੁਲੇਖੇ ਵਿਚ ਸੀ ਮੈਂ ਤਾਂ
ਅੱਜ ਕੱਲ ਕਿਸੇ ਵੀ ਰਿਸ਼ਤੇ ਵਿਚ
ਸੱਚਾ ਪਿਆਰ ਰਿਹਾ ਹੀ ਨਹੀਂ
ਸੱਭ ਰਿਸ਼ਤੇ ਨਾਤੇ ਮਤਲਬੀ ਹੋ ਗਏ ਨੇ

ਕਿੱਥੇ ਗੁਆਚ ਗਈ ਇਨਸਾਨੀਅਤ
ਕਿਤੇ ਤੇ ਹੋਏਗੀ
ਤੁਰਦੇ ਤੁਰਦੇ ਜਾ ਪਹੁੰਚੀ
ਬਸਤੀ ਇੱਕ ਵਿਚ
ਗਰੀਬ ਗੁਰਬੇ ਮਜ਼ਦੂਰ
ਰਹਿੰਦੇ ਸਨ ਜਿੱਥੇ
ਮੈਨੂੰ ਦੇਖ ਉਹਨਾਂ ਨੂੰ
ਜਿਵੇਂ ਚਾਅ ਹੀ ਚੜ੍ਹ
ਗਿਆ ਹੋਏ

ਨਾ ਜਾਣ , ਨਾ ਪਹਿਚਾਣ
ਫਿਰ ਵੀ ਐਨਾ ਮੋਹ ਤੇ ਸਤਿਕਾਰ
ਵਿੱਛ ਵਿੱਛ ਜਾਵਣ ਉਹ
ਮੇਰੇ ਅੱਗੇ ਪਿੱਛੇ
ਮੰਜੇ ਤੇ ਬਿਠਾ ਸੁੱਖ ਸਾਂਦ ਪੁੱਛੀ
ਜੋ ਸਰਦਾ ਬਣਦਾ ਸੀ
ਖਾਣ ਪੀਣ ਨੂੰ ਦਿੱਤਾ
ਕਈ ਤਰਾਂ ਦੇ ਸਵਾਲ
ਮੈਨੂੰ ਉਹਨਾਂ ਕੀਤੇ
ਜਿਹਨਾਂ ਦੇ ਠੀਕ ਜਵਾਬ
ਨਾ ਦੇ ਸਕੀ ਮੈਂ

ਮੂੰਹ ਆਪਣਾ ਛੁਪਾਉਂਦੀ
ਫਿਰਾਂ ਮੈਂ ਉਹਨਾਂ ਤੋਂ
ਇੱਕ ਦੂਸਰੇ ਦੇ ਦੁੱਖ ਸੁਖ
ਵਿਚ ਸਾਥ ਦੇਣ ਵਾਲੇ
ਸਾਥ ਨਿਭਾਉਣ ਵਾਲੇ
ਕਿੰਨਾ ਮੋਹ ਪਿਆਰ ਸੀ
ਉਹਨਾਂ ਸੱਭਨਾ ਵਿਚ

ਕਿਉਂਕਿ ਉਹਨਾਂ ਦੀਆਂ ਜ਼ਮੀਰਾਂ
ਮਰੀਆਂ ਹੋਈਆਂ ਨਹੀਂ ਸਨ
ਜੱਗਦੀਆਂ ਜ਼ਮੀਰਾਂ ਵਾਲੇ ਸਨ ਉਹ ਲੋਕ
ਜਿਸ ਇਨਸਾਨੀਅਤ ਨੂੰ ਮੈਂ ਜਗ੍ਹਾ ਜਗ੍ਹਾ
ਤਲਾਸ਼ ਕਰ ਰਹੀ ਸੀ
ਰਿਸ਼ਤਿਆਂ ਦੇ ਬਜ਼ਾਰ ਵਿਚ
ਮਿਲ ਗਈ ਅੱਜ ਉਹ ਮੈਨੂੰ
ਗਰੀਬਾਂ ਦੀ ਬਸਤੀ ਵਿਚ ।
ਜਿੱਥੇ ਪਿਆਰ , ਸਤਿਕਾਰ
ਤੇ ਸਕੂਨ ਹੀ ਸਕੂਨ ਸੀ ।

 ( ਰਮਿੰਦਰ ਰੰਮੀ )

Previous articleਤੀਆਂ ਦਾ ਸੱਚ / ਇਲਤੀ ਨਾਮਾ !
Next articleਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ “ਭਗਤ” ਵਾਲਾ ਪੱਤਰ ਰੱਦ ਕਰਨ ਦਾ ਫੈਸਲਾ