ਮਹਾਨ ਸਮਾਜ ਸੇਵਕ, ਬੁੱਧੀਜੀਵੀ, ਕੌਮੀ ਚਿੰਤਕ ਅਤੇ ਮਾਨਵਤਾ ਦੇ ਹਮਦਰਦ ਸਨ ਵੈਦ ਡਾ. ਹਰੀ ਸਿੰਘ ਬੱਧਣ

3 ਅਗਸਤ 2024 ਭੋਗ ਤੇ ਵਿਸ਼ੇਸ਼

ਵੈਦ ਡਾ. ਹਰੀ ਸਿੰਘ ਬੱਧਣ

ਕਨੇਡਾ /ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਸੰਸਾਰ ਵਿੱਚ ਚੰਗੇ ਕੰਮਾਂ ਜ਼ਰੀਏ ਜਿਹੜੇ ਇਨਸਾਨ ਆਪਣਾ ਨਾਂਅ ਚਮਕਾ ਲੈਂਦੇ ਹਨ ਪਤਾ ਨਹੀਂ ਕਿਉਂ ਪਰਮਾਤਮਾ ਦੀ ਰਜ਼ਾ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਆਪਣੀ ਆਗੋਸ਼ ਵਿੱਚ ਲੈ ਜਾਂਦੀ ਹੈ । ਸਮੁੱਚੀ ਕਾਇਨਾਤ ਅੰਦਰ ਬਹੁਤ ਘੱਟ ਅਜਿਹੇ ਇਨਸਾਨ ਪੈਦਾ ਹੁੰਦੇ ਹਨ ਜੋ ਦੂਜਿਆਂ ਦੇ ਦੁੱਖ ਦਰਦ, ਤਕਲੀਫਾਂ ,ਖੁਸ਼ੀਆਂ ਗਮੀਆਂ ਨੂੰ ਆਪਣਾ ਸਮਝ ਕੇ ਆਪਣੇ ਪਿੰਡੇ ਤੇ ਹੰਢਾ ਲੈਂਦੇ ਹਨ । ਅੱਜ ਮੈਂ ਜਿਸ ਸ਼ਖਸ਼ੀਅਤ ਦੀ ਗੱਲ ਕਰਨ ਜਾ ਰਿਹਾ ਹਾਂ ਉਹ ਸ਼ਖਸ਼ੀਅਤ ਬਿਲਕੁਲ ਇਹਨਾਂ ਸਤਰਾਂ ਦੇ ਨਜ਼ਦੀਕ ਢੁੱਕਣ ਵਾਲੀ ਸ਼ਖਸ਼ੀਅਤ ਸੀ ਜਾਂ ਇੰਝ ਕਹਿ ਲਓ ਕਿ ਉਸ ਸ਼ਖਸ਼ੀਅਤ ਤੇ ਇਹ ਉੱਪਰ ਲਿਖੇ ਗਏ ਬੋਲ ਇਨ ਬਿਨ ਲਾਗੂ ਹੁੰਦੇ ਹਨ। ਵੈਦ ਹਰੀ ਸਿੰਘ ਇੱਕ ਮਹਾਨ ਸਮਾਜ ਸੇਵਕ, ਬੁੱਧੀਜੀਵੀ, ਦੂਰ ਅੰਦੇਸ਼ੀ, ਕੌਮੀ ਚਿੰਤਕ ਅਤੇ ਮਾਨਵਤਾ ਦੇ ਹਮਦਰਦ ਸਨ ਜੋ ਦੇਸ਼ ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਇਨਸਾਨੀਅਤ ਦੀ ਸੇਵਾ ਭਾਵਨਾ ਪ੍ਰਤੀ ਐਨਾ ਜਜ਼ਬਾ ਰੱਖਦੇ ਸਨ ਕਿ ਉਹਨਾਂ ਦਾ ਭਾਵੇਂ ਕੁਝ ਵੀ ਨੁਕਸਾਨ ਹੋ ਜਾਵੇ ਪਰ ਉਹ ਕਦੇ ਵੀ ਇਨਸਾਨੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨ ਤੋਂ ਪਿੱਛੇ ਨਹੀਂ ਹਟਦੇ ਸਨ। ਮੇਰਾ ਵੈਦ ਹਰੀ ਸਿੰਘ ਨਾਲ ਸ਼ੁਰੂ ਤੋਂ ਪਰਿਵਾਰਕ ਰਿਸ਼ਤਾ ਹੈ, ਅਤੇ ਉਹ ਮੇਰਾ ਜਿਗਰੀ ਯਾਰ ਵੀ ਸੀ।ਕਿਉਂਕਿ ਉਸ ਨਾਲ ਮੇਰਾ ਐਨਾ ਪਿਆਰ ਸ਼ੁਰੂ ਤੋਂ ਸੀ ਕਿ ਅਕਸਰ ਹੀ ਅਸੀਂ ਇੱਕ ਦੂਸਰੇ ਨਾਲ ਸਮਾਜਿਕ ਵਿਸ਼ਿਆਂ ਤੇ ਪਰਿਵਾਰਕ ਸਾਂਝਾਂ ਦੀਆਂ ਗੱਲਾਂ ਕਰਦੇ ਰਹਿੰਦੇ । ਪਤਾ ਨਹੀਂ ਲੱਗ ਸਕਿਆ ਕਿ ਪਰਮਾਤਮਾ ਦੀ ਕੀ ਰਜ਼ਾ ਬਣੀ ਕਿ ਉਸ ਨੂੰ ਇਸ ਫਾਨੀ ਸੰਸਾਰ ਤੋਂ ਸਮੇਂ ਤੋਂ ਪਹਿਲਾਂ ਹੀ ਰੁਖ਼ਸਤ ਹੋਣਾ ਪੈ ਗਿਆ । ਉਸ ਦਾ ਇਸ ਤਰ੍ਹਾਂ ਅਚਾਨਕ ਸੰਸਾਰ ਤੋਂ, ਭਰ ਉਮਰ ਵਿੱਚ ਤੁਰ ਜਾਣਾ ਮੇਰੇ ਅਤੇ ਉਸਦੇ ਚਹੇਤਿਆਂ ਸਨੇਹੀਆਂ ਲਈ ਅਸਿਹ ਅਤੇ ਅਕਹਿ ਹੈ ਜੋ ਮੈਨੂੰ ਅੰਦਰੋਂ ਅੰਦਰੀ ਹੀ ਬੁਰੀ ਤਰ੍ਹਾਂ ਝੰਝੋੜ ਰਿਹਾ ਹੈ। ਉਸ ਨਾਲ ਬਤਾਏ ਦੁਬਈ ਦੇ ਪਲ ਤਸਵੀਰਾਂ ਜ਼ਰੀਏ ਮੇਰੇ ਚੇਤਿਆਂ ਵਿੱਚ ਵਸੇ ਹੋਏ ਨੇ ਜਿਨਾਂ ਨੂੰ ਮੈਂ ਵਾਰ ਵਿਰ ਦੇਖ ਕੇ ਆਪਣੇ ਮਨ ਨੂੰ ਧਰਵਾਸ ਦੇ ਰਿਹਾ ਹਾਂ। ਹਮੇਸ਼ਾ ਸੰਸਾਰੀ ਜੀਵਾਂ ਨੂੰ ਤੰਦਰੁਸਤ ਰਹਿਣ ਲਈ ਸਲਾਹਾਂ ਦੇਣ ਵਾਲਾ ਅਤੇ ਰੋਗੀਆਂ ਨੂੰ ਰੋਗ ਨਵਿਰਤ ਕਰਨ ਲਈ ਦੇਸੀ ਦਵਾਈਆਂ ਦਿੰਦੇ ਵੈਦ ਹਰੀ ਸਿੰਘ ਤੇ ਇੰਝ ਮੌਤ ਦਾ ਕਹਿਰ ਟੁੱਟ ਪਵੇਗਾ ਕਦੇ ਸੋਚਿਆ ਵੀ ਨਹੀਂ ਸੀ ਉਸ ਦੀ ਅਚਾਨਕ ਜੂ ਏ ਈ  ਦੁਬਈ ਵਿਖੇ ਸਿਹਤ ਖਰਾਬ ਹੋਈ, ਜਿਸ ਤੋ ਬਾਅਦ ਉਸਨੂੰ ਤੁਰੰਤ ਪਰਿਵਾਰ ਨੇ ਇੰਡੀਆ ਲੈ ਆਂਦਾ, ਇੱਥੇ ਇਲਾਜ ਅਧੀਨ ਹੀ ਉਸ ਨੂੰ ਹਾਰਟ ਅਟੈਕ ਹੋ ਗਿਆ ,ਜੋ ਉਸ ਦੀ ਹੱਸਦੀ ਵਸਦੀ ਜ਼ਿੰਦਗੀ ਨੂੰ ਪਲਾਂ ਵਿੱਚ ਹੀ ਝੱਪਟ ਕੇ ਲੈ ਗਿਆ। ਵੈਦ ਹਰੀ ਸਿੰਘ ਅਨੇਕਾਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਸੰਸਥਾਵਾਂ ਦਾ ਪ੍ਰਮੁੱਖ ਅਹੁਦੇਦਾਰ  ਰਿਹਾ । ਉਸ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਖ਼ੂਨਦਾਨ ਕੈਂਪ, ਆਰਯੂਵੈਦਿਕ, ਅੱਖਾਂ ਦੇ ਕੈਂਪ ਲਗਾਏ, ਸਕੂਲਾਂ ਦੇ ਬੱਚਿਆਂ ਨੂੰ ਮੁਫਤ ਕਾਪੀਆਂ ਕਿਤਾਬਾਂ ਵੰਡੀਆਂ, ਵੱਡੇ ਵੱਡੇ ਮਾਰੂ ਰੋਗਾਂ ਨਾਲ ਲੜਦੇ ਰੋਗੀਆਂ ਦੀ ਦਿਲੋਂ ਸੇਵਾ ਕੀਤੀ। ਬਾਬਾ ਚੰਡੀ ਦਾਸ ਦਸੂਹੇ ਵਾਲਿਆਂ ਨੇ ਉਸ ਨੂੰ ਆਯੂਰਵੈਦਿਕ ਦੇਸੀ ਦਵਾਈਆਂ ਦੇ ਨੁਕਸਿਆਂ ਨਾਲ ਇੰਝ ਚੰਡਿਆ ਕੇ ਉਸ ਨੇ ਇਸ ਦਾਤ ਨੂੰ ਪ੍ਰਾਪਤ ਕਰਕੇ ਸਮੁੱਚੀ ਮਾਨਵਤਾ ਵਿੱਚ ਤਕਸੀਮ ਕਰ ਦਿੱਤਾ। ਇਸ ਤੋਂ ਇਲਾਵਾ ਪਿੰਡ ਪੱਧਰ ਤੇ ਕਈ ਸਮਾਜ ਸੁਧਾਰਕ ਕੰਮ ਕਰਵਾਏ ਦੁਖੀ ਗਰੀਬਾਂ ਦੀ ਮਦਦ ਕੀਤੀ। ਗੁਰੂ ਕਿਰਪਾ ਕੰਨਿਆਦਾਨ ਸੰਸਥਾ ਦਾ ਓਹ ਸਾਬਕਾ ਬਾਨੀ ਚੇਅਰਮੈਨ ਰਿਹਾ, ਜਿਸ ਤਹਿਤ ਉਸ ਦੀ ਟੀਮ ਨੇ ਅਨੇਕਾਂ ਗਰੀਬ ਲੜਕੀਆਂ ਦੀਆਂ ਸਲਾਨਾ ਸਮਾਗਮਾਂ ਦੌਰਾਨ ਸ਼ਾਦੀਆਂ ਕਰਵਾਈਆਂ। ਦੁਬਈ ਅਜ਼ਮਾਨ ਤੋਂ ਇਲਾਵਾ ਉਸ ਨੇ ਅਬੂਧਾਬੀ, ਮਸਕਟ , ਪੰਜਾਬ ਵਿੱਚ ਵੀ ਦੇਸੀ ਦਵਾਈਆਂ ਦੀਆਂ ਆਪਣੀਆਂ ਵੱਖ ਵੱਖ ਬਰਾਂਚਾਂ ਖੋਲ੍ਹੀਆਂ, ਜਿਨਾਂ ਦੀ ਗਿਣਤੀ ਕੋਈ ਇੱਕ ਦਰਜਨ ਦੇ ਕਰੀਬ ਹੈ । ਓਹ ਅਮਰੀਕਾ, ਕਨੇਡਾ ਇੰਗਲੈਂਡ ਤੋਂ ਇਲਾਵਾ ਹੋਰ ਕਈ ਮੁਲਕਾਂ ਵਿੱਚ ਉਹ ਵੱਖ-ਵੱਖ ਵਿਦਵਾਨਾਂ ਨਾਲ ਗੋਸ਼ਟੀਆਂ ਵਿਚਾਰਾਂ ਕਰਨ ਲਈ ਗਿਆ। ਕਲਾਸ ਵੰਨ ਅਫ਼ਸਰ ਸਾਹਿਬਾਨਾਂ, ਮੰਤਰੀਆਂ, ਨਵਾਬਾਂ, ਰਬਾਬਾਂ, ਅਹਿਲਕਾਰਾਂ ,ਸਮਾਜਿਕ ਚਿੰਤਕਾਂ, ਲੋਕ ਗਾਇਕਾਂ ਗੀਤਕਾਰਾਂ , ਪੱਤਰਕਾਰਾਂ , ਬੁੱਧੀਜੀਵੀਆਂ, ਖੋਜੀਆਂ ਵਿਗਿਆਨੀਆਂ ਨਾਲ ਉਸ ਦੀਆਂ ਸਮੇਂ ਸਮੇਂ ਮੁਲਾਕਾਤਾਂ ਯਾਦਾਂ ਬਣਕੇ ਰਹਿ ਗਈਆਂ। ਰੱਬ ਦੇ ਬਣਾਏ ਹਰ ਇਨਸਾਨ ਦੀ ਸੇਵਾ ,ਉਸ ਦੀ ਕਦਰ ਅਤੇ ਉਸ ਨਾਲ ਪਿਆਰ ਕਰਨ ਦਾ ਸਲੀਕਾ ਜਿਵੇਂ ਉਸ ਨੂੰ ਪਰਮਾਤਮਾ ਨੇ ਖੁਦ ਸਿਖਾਇਆ ਹੋਵੇ। ਉਹ ਕਦੀ ਵੀ ਕਿਸੇ ਦਾ ਸਹਿਜੇ ਕਿਤੇ ਦਿਲ ਨਹੀਂ ਦੁਖਾਉਂਦਾ ਸੀ ਅਤੇ ਸਾਰਿਆਂ ਨੂੰ ਹੀ ਪ੍ਰੇਮ ਪਿਆਰ ਦਾ ਇਹ ਸਬਕ ਦਿੰਦਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿੱਕੇ ਜਿਹੇ ਪਿੰਡ ਸਾਦਾ ਰਾਈਆਂ ਵਿੱਚ ਉਸ ਨੇ ਜਨਮ ਲਿਆ ਅਤੇ ਇੱਥੋਂ ਹੀ ਉਸ ਨੇ ਅੰਤਰਰਾਸ਼ਟਰੀ ਪੱਧਰ ਦੀਆਂ ਮੰਜ਼ਿਲਾਂ ਸਰ ਕੀਤੀਆਂ। ਉਸ ਦੀ ਬੇਟੀ ਅਤੇ ਬੇਟਾ ਕਨੇਡਾ ਵਿੱਚ ਸੈਟਲਡ ਹਨ ਜੋ ਪਿਤਾ ਦੇ ਇਸ ਵਿਛੋੜੇ ਕਾਰਨ ਅੰਤਾਂ ਦੇ ਦੁੱਖ ਵਿੱਚ ਇੰਡੀਆ ਆਏ । ਉਸ ਦੀ ਧਰਮ ਪਤਨੀ, ਛੋਟਾ ਬੇਟਾ ਸਮੁੱਚਾ ਪਰਿਵਾਰ ਅਤੇ ਸਮਾਜ ਨੂੰ ਡਾ. ਹਰੀ ਸਿੰਘ ਦੇ ਜਾਣ ਦਾ ਜੋ ਘਾਟਾ ਪੈ ਗਿਆ ਹੈ ਉਹ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵੈਦ ਹਰੀ ਸਿੰਘ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਸ ਵਿਛੋੜੇ ਦਾ ਭਾਣਾ ਮੰਨਣ ਦਾ ਪਰਮਾਤਮਾ ਬੱਲ ਬਖਸ਼ੇ ਅਤੇ ਇਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ । ਅੱਜ 3 ਅਗਸਤ 2024 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੁਸ਼ਿਆਰਪੁਰ ਸਥਿਤ ਉਸ ਦੇ ਗ੍ਰਹਿ ਸ਼ਿਵਾਲਕ ਐਵਨਿਊ, ਨੇੜੇ ਪ੍ਰੀਤ ਫਾਰਮ ਚੰਡੀਗੜ੍ਹ ਰੋਡ ਗਲੀ ਨੰਬਰ ਤਿੰਨ ਹੁ ਵਿਖੇ ਵੈਦ ਹਰੀ ਸਿੰਘ ਨਮਿੱਤ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਦੇ ਭੋਗ ਪਾਇਆ ਜਾਵੇਗਾ ਅਤੇ ਅੰਤਿਮ ਅਰਦਾਸ , ਸ਼ਰਧਾਂਜਲੀ ਸਮਾਗਮ ਹੋਵੇਗਾ । ਜਿਸ ਵਿੱਚ ਉਸ ਦੇ ਅਨੇਕਾਂ ਚਾਹਵਾਨ, ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸੱਜਣ, ਮਿੱਤਰ ,ਸਨੇਹੀ ਚਿੰਤਕ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਨਿੱਘੀਆਂ ਸ਼ਰਧਾਂਜਲੀਆਂ ਦੇਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਤਿੰਨ ਜੂਨ ਤੋਂ ਭਾਰਤ ਦੇ ਸੂਬਾ ਉੜੀਸਾ ਵਿੱਚ ਸਬਮਰਸੀਬਲ ਪੰਪਾਂ ਦੀ ਜੋ ਛਬੀਲ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਅੱਜ ਤਿੰਨ ਅਗਸਤ ਤੱਕ ਤਿੰਨ ਮਹੀਨੇ ਹੋ ਗਏ ਜੋ ਲਗਤਾਰ ਅੱਜ ਵੀ ਜਾਰੀ ਹੈ। ਭਾਈ ਰਾਮ ਸਿੰਘ ਮੈਗੜਾਂ (ਫਰਾਂਸ)
Next articleਸੁਭਾਅ ਤੇ ਵਿਚਾਰਾਂ ਦਾ ਸੁਮੇਲ ਹੈ, ਦੋਸਤੀ ਦਾ ਰੰਗ