ਸਾਉਣ

ਅਮਨਦੀਪ ਕੌਰ

(ਸਮਾਜ ਵੀਕਲੀ)

ਚਾਰੇ ਪਾਸੇ ਸਾਉਣ ਮਾਹੀਆ
ਛੰਮ ਛੰਮ ਵਰ੍ਹਦਾ
ਪੇਕੇ ਜਾਣ ਨੂੰ ਤਾਂ
ਮੇਰਾ ਚਿੱਤ ਬੜਾ ਕਰਦਾ
ਮਿਲ਼ ਸਖੀਆਂ ਨੂੰ ਮਨ ਪਰਚਾਉਣਾ

ਮਾਹੀਆ ਵੇ ਮੈਨੂੰ ਜਾ ਲੈਣਦੇ,
ਸਾਉਣ ਐਤਕੀਂ ਮੈਂ ਪੇਕੇ ਹੈ ਮਨਾਉਣਾ,

ਥੋੜ੍ਹੇ ਦਿਨ ਰੋਟੀ ਟੁੱਕ
ਆਪੇ ਤੂੰ ਪਕਾ ਲਵੀਂ,
ਜੇ ਪੱਕੀਆਂ ਨਾ ਤੈਥੋਂ
ਫੇਰ ਢਾਬੇ ਉੱਤੋਂ ਖਾ ਲਵੀਂ
ਕੋਈ ਬਹੁਤਾ ਵੀ ਜੀ ਖਰਚਾ ਨੀ ਆਉਣਾ

ਮਾਹੀਆ ਵੇ ਮੈਨੂੰ ਜਾ ਲੈਣਦੇ
ਸਾਉਣ ਐਤਕੀਂ ਮੈਂ ਪੇਕੇ ਹੈ ਮਨਾਉਣਾ

ਸਾਰੀਆਂ ਹੀ ਸਖੀਆਂ ਨੇ
ਰਲ਼ ਤੀਆਂ ਲਾਉਣੀਆਂ
ਅੰਬਰਾਂ ਦੇ ਤੀਕ ਅਸੀਂ
ਪੀਂਘਾਂ ਵੀ ਚੜ੍ਹਾਉਣੀਆਂ
ਨਾਲੇ ਨੱਚਣਾ ਤੇ ਨਾਲ ਅਸੀਂ ਗਾਉਣਾਂ

ਮਾਹੀਆ ਵੇ ਮੈਨੂੰ ਜਾ ਲੈਣਦੇ
ਸਾਉਣ ਐਤਕੀਂ ਮੈਂ ਪੇਕੇ ਹੈ ਮਨਾਉਣਾ

ਮੂੰਹ ਹਨੇਰੇ ਉੱਠ ਕੇ ਤੂੰ
ਗੋਹਾ ਕੂੜਾ ਕਰ ਲਈ
ਚਾਰ ਕੂ ਦਿਨਾਂ ਦੀ ਬੱਸ
ਤੰਗੀ ਮਾਹੀਆ ਜਰ ਲਈ
ਏਸੇ ਗੱਲੋਂ ਬੀਬਾ ਰਾਣਾ ਤੂੰ ਕਹਾਉਣਾ

ਮਾਹੀਆ ਵੇ ਮੈਨੂੰ ਜਾ ਲੈਣਦੇ
ਸਾਉਣ ਐਤਕੀਂ ਮੈਂ ਪੇਕੇ ਹੈ ਮਨਾਉਣਾ

ਤਲੀ਼ ਉੱਤੇ ਰੱਖ ਕੈਸ਼
ਪੰਜ ਕੂ ਹਜਾਰ ਵੇ
ਭਾਬੀਆਂ ਦੇ ਨਾਲ
ਮੈਂ ਵੀ ਜਾਊਂਗੀ ਬਜਾਰ ਵੇ
ਸੂਟ ਕੱਢਵਾਂ ਜਿਹਾ ਦੀਪ ਨੇ ਸਵਾਉਣਾ

ਮਾਹੀਆ ਵੇ ਮੈਨੂੰ ਜਾ ਲੈਣਦੇ
ਸਾਉਣ ਐਤਕੀਂ ਮੈਂ ਪੇਕੇ ਹੈ ਮਨਾਉਣਾ

ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596 

Previous articleਸੰਸਥਾ ਵੱਲੋਂ ਸ਼ਹੀਦ ਉੱਧਮ ਸਿੰਘ ਨੂੰ ਸ਼ਰਧਾਂਜਲੀ , ਰੁੱਖ ਲਗਾ ਕੇ ਕੁਦਰਤ ਨਾਲ਼ ਜੁੜਣ ਦਾ ਦਿੱਤਾ ਸੰਦੇਸ਼
Next articleਇੰਗਲੈਂਡ ਚ ਵੱਸਦੇ ਪਿੰਡ ਪਲਾਹੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 429ਵਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ