ਖੇਡਾਂ ਸਾਡੀ ਰੂਹ ਦੀ ਖੁਰਾਕ

(ਸਮਾਜ ਵੀਕਲੀ)  ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਖੇਡਾਂ ਸਾਡੀ ਰੂਹ ਦੀ ਖੁਰਾਕ ਹਨ। ਖੇਡਾਂ ਹਮੇਸ਼ਾ ਹੀ ਥਕੇਵੇਂ ਅਤੇ ਅਕੇਵੇਂ ਨੂੰ ਦੂਰ ਕਰਨ ਲਈ ਖੇਡੀਆਂ ਜਾਂਦੀਆਂ ਰਹੀਆਂ ਹਨ। ਇਕ ਸਮਾਂ ਸੀ ਜਦੋਂ ਖੇਡਾਂ ਇੱਕ ਮਨੋਰੰਜਨ ਦਾ ਸਾਧਨ ਹੁੰਦੀਆਂ ਸਨ। ਆਪਣੇ ਦਿਲਪ੍ਚਾਵੇ ਅਤੇ ਵਿਹਲੇ ਸਮੇਂ ਦੇ ਖ਼ਲਾਅ ਦੀ ਪੂਰਤੀ ਕਰਨ ਦੇ ਲਈ ਅਕਸਰ ਰਾਜਿਆਂ ਮਹਾਰਾਜਿਆਂ ਦੁਆਰਾ ਵੀ ਖੇਡ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਸਨ। ਖੇਡਾਂ ਪ੍ਰਤੀ ਇਹ ਰੌਚਕਤਾ ਆਧੁਨਿਕ ਯੁੱਗ ਵਿੱਚ ਪਹਿਲਾਂ ਤੋਂ ਵੀ ਅਗਲੇਰੇ ਪੱਧਰ ਤੇ ਪਹੁੰਚ ਗਈ ਹੈ । ਅੱਜ ਦੇ ਯੁੱਗ ਵਿੱਚ ਰਾਜੇ ਮਹਾਰਾਜੇ ਤਾਂ ਨਹੀਂ ਹਨ ਪਰ ਵੱਖ ਵੱਖ ਦੇਸ਼ਾਂ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾਂਦੇ ਹਨ । ਅੱਜ ਖੇਡਾਂ ਕੇਵਲ ਮਨੋਰੰਜਨ ਦਾ ਹੀ ਨਹੀਂ ਸਗੋਂ ਕਿਸੇ ਵੀ ਦੇਸ਼ ਦੀ ਸ਼ਾਨ ਦਾ ਵੀ ਪ੍ਰਤੀਕ ਹਨ। ਇਹ ਕਿਸੇ ਵੀ ਦੇਸ਼ ਦੇ ਨੌਜਵਾਨ ਪੀੜੀ ਦੇ ਸਿਹਤਮੰਦ ਹੋਣ ਦਾ ਪ੍ਰਤੀਕ ਹਨ। ਇਸ ਜਾਣਕਾਰੀ ਤੋਂ ਕੋਈ ਵੀ ਅਭਿਜ ਨਹੀਂ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਰ ਦੇਸ਼ ਆਪਣੇ ਨੌਜਵਾਨਾਂ ਵਿੱਚ ਮੌਜੂਦ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਾ ਹੈ। ਅਵਲ ਰਹਿਣ ਵਾਲੇ ਨੌਜਵਾਨ ਹਮੇਸ਼ਾ ਹੀ ਖੇਡਾਂ ਤੋਂ ਦੂਰ ਰਹਿਣ ਵਾਲਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਖਿਡਾਰੀ ਬਾਕੀ ਨੌਜਵਾਨਾਂ ਦੇ ਨੂੰ ਇੱਕ ਦਿਸ਼ਾ ਪ੍ਰਦਾਨ ਕਰਦੇ ਹਨ ਕਿ ਕਿਸ ਤਰ੍ਹਾਂ ਇੱਕ ਇਨਸਾਨ ਖੇਡਾਂ ਵਿੱਚ ਵੀ ਆਪਣੀ ਪਹਿਚਾਣ ਬਣਾ ਸਕਦਾ ਔਹੈ ਤੇ ਕਿਸ ਤਰ੍ਹਾਂ ਖੇਡਾਂ ਕਿਸੇ ਦੇ ਲਈ ਰੁਜ਼ਗਾਰ ਦਾ ਸਾਧਨ ਬਣ ਸਕਦੀਆਂ ਹਨ। ਇਹ ਗੱਲ ਖੇਡਾਂ ਦੇ ਸੰਦਰਭ ਵਿੱਚ ਕਿੰਨੀ ਸਹੀ ਹੈ ਕਿ ਇੱਕ ਪੰਥ ਦੋ ਕਾਜ ਭਾਵ ਖੇਡਾਂ ਨਾਲ ਤੁਸੀਂ ਸਰੀਰ ਨੂੰ ਤਾਂ ਤੰਦਰੁਸਤ ਰੱਖੋਗੇ ਹੀ ਸਗੋਂ ਇਹ ਤੁਹਾਡੇ ਲਈ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦੀਆਂ ਹਨ । ਸੋ ਖੇਡਾਂ ਹਰ ਇੱਕ ਲਈ ਇੱਕ ਨਸ਼ਾ ਹੋਣੀਆਂ ਚਾਹੀਦੀਆਂ ਹਨ, ਇੱਕ ਜਨੂੰਨ ਹੋਣੀਆਂ ਚਾਹੀਦੀਆਂ ਹਨ। ਇੱਕ ਵੀ ਦਿਨ ਖੇਡ ਨਾ ਖੇਡੀ ਜਾਵੇ ਤਾਂ ਇੰਜ ਲੱਗੇ ਜਿਵੇਂ ਜਿੰਦਗੀ ਦਾ ਇੱਕ ਦਿਨ ਬਰਬਾਦ ਹੋ ਗਿਆ ਹੋਵੇ । ਅੱਜ ਦੇ ਸਮੇਂ ਮਨੁੱਖੀ ਜ਼ਿੰਦਗੀ ਵਿੱਚ ਖੇਡਾਂ ਦੀ ਉਨੀ ਹੀ ਲੋੜ ਹੈ ਜਿੰਨੀ ਕਿ ਉਸਨੂੰ ਜਿਉਂਦੇ ਰਹਿਣ ਲਈ ਰੋਟੀ ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ। ਇਹ ਵਿਅਕਤੀ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਦੇ ਲਈ ਵੀ ਬਹੁਤ ਜਰੂਰੀ ਹਨ । ਇਹ ਸਰੀਰ ਨੂੰ ਸੁਡੌਲ, ਚੁਸਤ ਅਤੇ ਤੰਦਰੁਸਤ ਬਣਾਉਂਦੀਆਂ ਹਨ ਜੇ ਜ਼ਿਦਗੀ ਵਿੱਚ ਅਰੋਗ ਰਹਿਣਾ ਹੈ ਤਾਂ ਵਿਅਕਤੀ ਨੂੰ ਆਪਣੀ ਜਿੰਦਗੀ ਵਿੱਚ ਖੇਡਾਂ ਨੂੰ ਇੱਕ ਖਾਸ ਸਥਾਨ ਦੇਣਾ ਹੋਵੇਗਾ। ਖੇਡਣ ਦੇ ਲਈ ਕੋਈ ਉਮਰ ਨਹੀਂ ਹੁੰਦੀ ਸਗੋਂ ਖੇਡਾਂ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਦਾ ਇਲਾਜ ਹਨ ਇਹ ਖੇਡਾਂ । ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਾਂ ਇਹ ਹੋਰ ਵੀ ਜਰੂਰੀ ਹਨ। ਕਿਉਂਕਿ ਇਹ ਮਨੁੱਖ ਨੂੰ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਪੱਖੋਂ ਵੀ ਤਰੋ ਤਾਜ਼ਾ ਤੇ ਸ਼ਾਂਤ ਰਖਦੀਆਂ ਹਨ। ਇਹ ਚਿੰਤਨ ਸ਼ਕਤੀ ਨੂੰ ਵਧਾਉਂਦੀਆਂ ਹਨ । ਮਾਨਸਿਕ ਵਿਕਾਰਾਂ ਨੂੰ ਦੂਰ ਕਰਦੀਆਂ ਹਨ ਤੇ ਮਨ ਅੰਦਰਲੇ ਨਾਕਾਰਾਤਮਕ ਵਿਚਾਰਾਂ ਤੇ ਸੋਚਾਂ ਨੂੰ ਖ਼ਤਮ ਕਰਕੇ ਸਾਕਾਰਾਤਮਕ ਵਿਚਾਰਾਂ ਤੇ ਸੋਚਾਂ ਨੂੰ ਜਨਮ ਦਿੰਦੀਆਂ ਹਨ। ਸਰੀਰਕ ਪੱਖੋਂ ਇਹ ਖੇਡਾਂ ਸਰੀਰ ਨੂੰ ਤੰਦਰੁਸਤ ਤੇ ਅਰੋਗ ਬਣਾਉਂਦੀਆਂ ਹਨ । ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੀਆਂ ਹਨ । ਇਸ ਤੋਂ ਇਲਾਵਾ ਜਦੋਂ ਖੇਡਾਂ ਇੱਕ ਟੀਮ ਦੇ ਰੂਪ ਵਿੱਚ ਖੇਡੀਆਂ ਜਾਂਦੀਆਂ ਹਨ ਤਾਂ ਇਹ ਵਿਅਕਤੀ ਦੀ ਸ਼ਖਸ਼ੀਅਤ ਨੂੰ ਹੋਰ ਵੀ ਨਿਖਾ਼ਰਦੀਆਂ ਹਨ। ਇਹ ਵਿਅਕਤੀ ਦੇ ਅੰਦਰ ਸਹਿਨਸ਼ੀਲਤਾ, ਸਹਿਯੋਗ, ਸਹਾਇਤਾ ਦੇ ਲਈ ਤਤਪਰ ਰਹਿਣ, ਅਨੁਸ਼ਾਸਨ ਵਿੱਚ ਰਹਿਣ, ਨਿਯਮਾਂ ਨੂੰ ਮੰਨਣ, ਸਹਿਜਤਾ, ਸਬਰ-ਸੰਤੋਖ ਤੇ ਸਾਕਾਰਾਤਮਕਤਾ ਵਰਗੇ ਗੁਣਾਂ ਨੂੰ ਜਨਮ ਦਿੰਦੀਆਂ ਹਨ । ਉਸ ਦੇ ਅੰਦਰੋਂ ਧੋਖਾ ਕਰਨ ਦੀ ਪ੍ਰਵਿਰਤੀ ਖਤਮ ਕਰਦੀਆਂ ਹਨ । ਖੇਡਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੀ ਖੇਡਾਂ ਨੂੰ ਅੱਜ ਸਕੂਲਾਂ ਵਿੱਚ ਵੀ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਤਾਂ ਜੋ ਬਚਪਨ ਤੋਂ ਹੀ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ, ਕਿਉਂਕਿ ਖੇਡਾਂ ਹੀ ਹਨ ਜੋ ਵਿਅਕਤੀ ਦੇ ਸਰਬਪੱਖੀ ਵਿਕਾਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੋੜਨ ਦੇ ਲਈ ਸਰਕਾਰਾਂ ਨੂੰ ਵੀ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
 ਗੁਰਿੰਦਰ ਸਿੰਘ ਬਰਾੜ ਡੀ.ਪੀ. ਈ 
 ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਸ 
 ਪਰਸ ਰਾਮ ਨਗਰ, ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੈਬਨਿਟ ਮੰਤਰੀ ਸ੍ਰ. ਬਲਕਾਰ ਸਿੰਘ ਵੱਲੋਂ ਕਪੂਰਥਲਾ ਵਿੱਚ ਆਏ ਡਾਇਰੀਆ ਦੇ ਕੇਸਾਂ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਦੌਰਾ
Next articleਬੀਸੀਐਸ ਨੇ ਬੇਬੇ ਨਾਨਕੀ ਕਾਲਜ ਮਿਠੜਾ ‘ਚ 100 ਤੋਂ ਵੱਧ ਫਲਦਾਰ ਪੌਦੇ ਲਗਾਏ, ਧਰਤੀ ਦੀ ਤਪਸ਼ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਵਾਂਗੇ-ਅਟਵਾਲ