ਬਿਜਲੀ ਬੋਰਡ ਨੇ ਫਿਰ ਤੋਂ ਕੱਟਿਆ ਨਿਆਸਰਿਆਂ ਦੇ ਆਸਰੇ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ

ਕੁਰਾਲ਼ੀ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਮਾਨਸਿਕ/ਸਰੀਰਕ ਅਪਾਹਜਾਂ ਜਾਂ ਹੋਰ ਕਾਰਨਾਂ ਕਰਕੇ ਲਾਚਾਰ, ਲਾਵਾਰਸ ਤੇ ਬੇਸਹਾਰਾ ਹੋਏ ਨਾਗਰਿਕਾਂ ਦੇ ਸਾਂਝੇ ਘਰ ਰੂਪੀ ਆਸ਼ਰਮ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ ਇੱਕ ਵਾਰ ਫਿਰ ਤੋਂ ਕੱਟ ਦਿੱਤਾ ਗਿਆ ਹੈ। ਸੰਸਥਾ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਨਿਆਸਰਿਆਂ ਲਈ ਆਸਰੇ ਵਜੋਂ ਪ੍ਰਸਿੱਧ ਇਸ ਸੰਸਥਾ ਦਾ ਕੁਨੈਕਸ਼ਨ ਕੁੱਝ ਮਹੀਨੇ ਪਹਿਲਾਂ ਸਮਾਜ ਦਰਦੀ ਸੰਸਥਾਵਾਂ ਅਤੇ ਵਿਅਕਤੀਆਂ ਦੇ ਸਾਂਝੇ ਸਹਿਯੋਗ ਭਰੇ ਰੋਸ ਪ੍ਰਦਰਸ਼ਨ ਅਤੇ ਕੁੱਝ ਸ਼ਾਸਨਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬਹੁਤ ਸਾਰਥਕ ਤੇ ਅਹਿਮ ਭੂਮਿਕਾ ਤੋਂ ਬਾਅਦ ਮੁੜ ਬਹਾਲ ਕੀਤਾ ਗਿਆ ਸੀ| ਹੁਣ ਚੰਦ ਕੁ ਮਹੀਨੇ ਬਾਅਦ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਕੇ ਫਿਰ ਤੋਂ ਸਪਲਾਈ ਠੱਪ ਕਰ ਦਿੱਤੀ ਗਈ ਹੈ। ਪ੍ਰਬੰਧਕਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸੰਸਥਾ ਮੁਖੀ ਦੇ ਵਿਦੇਸ਼ ਗਏ ਹੋਣ ਦਾ ਹਵਾਲਾ ਦਿੰਦੇ ਹੋਏ ਬਿਜਲੀ ਸਪਲਾਈ ਜਾਰੀ ਰੱਖਣ ਲਈ ਅਰਜੀ ਵੀ ਦਿੱਤੀ ਗਈ ਪਰ ਕੁਨੈਕਸ਼ਨ ਕੱਟਣ ਆਏ ਮੁਲਾਜ਼ਮ ਫਿਰ ਵੀ ਕੁਨੈਕਸ਼ਨ ਕੱਟ ਗਏ। ਜਿਸ ਕਾਰਨ ਇੱਥੇ ਸੇਵਾ-ਸੰਭਾਲ਼ ਅਧੀਨ ਰਹਿ ਰਹੇ ਮਰੀਜ਼ਾਂ ਲਈ ਘੋਰ ਸੰਕਟ ਖੜ੍ਹਾ ਹੋ ਗਿਆ ਹੈ। ਅੱਤ ਦੀ ਪੈ ਰਹੀ ਗਰਮੀ ਕਾਰਨ ਮੌਸਮ ਬਹੁਤ ਕਹਿਰਵਾਨ ਹੈ। ਜਿਆਦਾਤਰ ਮਰੀਜ਼ਾਂ ਦੀਆਂ ਪੱਕੀਆਂ ਹੀ ਦਵਾਈਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਪਾਣੀ ਸਪਲਾਈ, ਮੈਡੀਕਲ ਮਸ਼ੀਨਾਂ ਅਤੇ ਹੋਰ ਘਰੇਲੂ ਬਿਜਲਈ ਉਪਕਰਣਾਂ ਨਾਲ਼ ਹੋਣ ਵਾਲ਼ੇ ਕੰਮਾਂ ਸਬੰਧੀ ਭਾਰੀ ਦਿੱਕਤਾਂ ਸ਼ੁਰੂ ਹੋ ਗਈਆਂ ਹਨ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵਿੱਚ ਹੁਣ ਤੱਕ 2100 ਤੋਂ ਵੀ ਵੱਧ ਬੇਸਹਾਰਾ ਨਾਗਰਿਕ ਦਾਖਲ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 450 ਦੇ ਕਰੀਬ ਦਾ ਹੁਣ ਵੀ ਇਲਾਜ ਅਤੇ ਸਾਂਭ-ਸੰਭਾਲ਼ ਜਾਰੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਹੋਰ ਵੀ, ਲਾਚਾਰ ਮਰੀਜ਼ ਦਾਖਲੇ ਲਈ ਭੇਜੇ ਜਾ ਰਹੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਬਜ਼ਾ ਕਰਵਾਉਣ ਵਿਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ – ਆਪ ਵਰਕਰ
Next articleਸਕੂਲ ਮੁਖੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸਿੱਖਿਆ ਸਪਤਾਹ – ਮਹਿੰਦਰ ਪਾਲ ਸਿੰਘ