ਬਰਸਾਤਾਂ ਤੋਂ ਬਾਅਦ ਡੇਂਗੂ, ਮਲੇਰੀਆ ਦੇ ਕੇਸਾਂ ਦੇ ਵੱਧਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ – ਰਾਮ ਕੁਮਾਰ ਸਿਹਤ ਸੁਪਰਵਾਈਜ਼ਰ
ਮਾਨਸਾ, (ਸਮਾਜ ਵੀਕਲੀ) ਗਰਮੀ ਅਤੇ ਬਰਸਾਤ ਦੇ ਮੌਸਮ ਦੇ ਚਲਦਿਆਂ ਸਿਹਤ ਵਿਭਾਗ ਪੰਜਾਬ ਵੱਲੋਂ ਡੇਂਗੂ , ਮਲੇਰੀਆ ਅਤੇ ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਡਾਕਟਰ ਹਰਦੇਵ ਸਿੰਘ ਸਿਵਲ ਸਰਜਨ ਮਾਨਸਾ ਦੇ ਨਿਰਦੇਸ਼ ਅਨੁਸਾਰ ਅਤੇ ਡਾ ਇੰਦੂ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਖਿਆਲਾ ਕਲਾਂ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਸਕੂਲੀ ਬੱਚਿਆਂ ਨੂੰ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਰਾਮ ਕੁਮਾਰ ਸਿਹਤ ਸੁਪਰਵਾਈਜ਼ਰ ਨੰਗਲ ਕਲਾਂ ਨੇ ਦੱਸਿਆ ਕਿ ਬਰਸਾਤ ਤੋਂ ਬਾਅਦ ਥਾਂ ਥਾਂ ਟੋਇਆਂ ਆਦਿ ਵਿੱਚ ਪਾਣੀ ਖੜ੍ਹਾ ਹੋਣ ਤੋਂ ਬਾਅਦ ਡੇਂਗੂ ਮਲੇਰੀਆ ਫੈਲਾਉਣ ਵਾਲੇ ਮੱਛਰ ਵਧੇਰੇ ਪੈਂਦਾ ਹੋ ਜਾਂਦਾ ਹੈ ਜਿਸ ਨਾਲ ਇਨ੍ਹਾਂ ਬੀਮਾਰੀਆਂ ਦੇ ਕੇਸ ਵਧਣ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ, ਦਫ਼ਤਰਾਂ, ਸਕੂਲਾਂ ਦੇ ਨੇੜੇ ਅਜਿਹੀਆਂ ਥਾਵਾਂ ਦੀ ਭਾਲ ਕਰਕੇ ਇਨ੍ਹਾਂ ਟੋਇਆਂ ਨੂੰ ਮਿੱਟੀ ਨਾਲ ਪੂਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰ ਸ਼ੁਕਰਵਾਰ ਨੂੰ ਕੂਲਰਾਂ ਦਾ ਪਾਣੀ ਕੱਢ ਕੇ ਸੁਕਾ ਕੇ ਭਰਨਾ, ਫਰਿਜ਼ ਦੇ ਪਿੱਛੇ ਲੱਗੀ ਟਰੇਅ ਨੂੰ ਖਾਲੀ ਕਰਨਾ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਢੱਕਣ ਨਾਲ ਬੰਦ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਾਅ ਲਈ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਜਿੰਨਾ ਜਲਦੀ ਹੋ ਸਕੇ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰੇ ਸਿਹਤ ਕੇਂਦਰਾਂ ਵਿੱਚ ਡੇਂਗੂ ਅਤੇ ਮਲੇਰੀਆ ਦੀ ਜਾਂਚ ਅਤੇ ਇਲਾਜ ਮੁਫ਼ਤ ਹੈ। ਇਸ ਮੌਕੇ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਡਾਇਰੀਆ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਲਈ ਹੱਥਾਂ ਦੀ ਸਾਫ਼ ਸਫ਼ਾਈ ਰੱਖਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਥਰੂਮ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ 20 ਤੋਂ 30 ਸਕਿੰਟ ਤੱਕ ਧੋਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਸੁਨੀਲ ਕੱਕੜ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly