ਦੁਨੀਆਂ ਦਾ ਸਭ ਤੋਂ ਵੱਡਾ ਟੂਰਨਾਮੈਂਟ ਅਤੇ ਭਾਰਤ ਦੀ ਸਥਿਤੀ

( ਪੈਰਿਸ ਉਲੰਪਿਕ 2024 ਤੇ ਵਿਸ਼ੇਸ਼)

ਬਲਵੀਰ ਸਿੰਘ ਬਾਸੀਆਂ 
(ਸਮਾਜ ਵੀਕਲੀ) ਗਲੈਮਰ ਦੀ ਰਾਜਧਾਨੀ ਤੇ ਦੁਨੀਆਂ ਦੀ ਸਭ ਤੋਂ ਵੱਡੀ ਸੈਰਗਾਹ ਵਜੋਂ ਜਾਣੇ ਜਾਂਦੇ ਅਤੇ ਸੇਨ ਨਦੀ ਦੇ ਕੰਢੇ ਵਸੇ 105 ਕਿਲੋਮੀਟਰ ਦੇ ਘੇਰੇ ਚ ਫੈਲੇ ਫਰਾਂਸ ਦੇ ਸਭ ਤੋਂ ਵੱਡੇ ਸ਼ਹਿਰ ਪੈਰਿਸ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਟੂਰਨਾਮੈਂਟ ( 33ਵੀਆਂ  ਉਲੰਪਿਕ ਖੇਡਾਂ)  ਦਾ ਆਗਾਜ 26 ਜੁਲਾਈ 2024 ਨੂੰ ਭਾਰਤੀ ਸਮੇਂ ਮੁਤਾਬਕ  ਸਵੇਰੇ 11:30 ਵਜੇ  ਹੋਣ ਜਾ ਰਿਹਾ ਹੈ।  ਅਗਸਤ 12 , 2024 ਤੱਕ 18 ਦਿਨ ਚੱਲਣ ਵਾਲੇ   ਇਸ ਵਾਰ  ਦੇ ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ ) ਦਾ ਬੱਜਟ ਲੱਗਭਗ 9 ਬਿਲੀਅਨ ਯੂਰੋ ਹੈ। ਇੱਡੇ ਵੱਡੇ ਬਜਟ ਵਾਲੇ  ਟੂਰਨਾਮੈਂਟ ਬਾਰੇ ਜਾਨਣ ਲਈ ਅੱਜ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜਰਾਂ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੇ ਲੱਗੀਆਂ ਹੋਈਆਂ ਹਨ।
ਗੱਲ ਸ਼ੁਰੂ ਕਰਦੇ ਹਾਂ, ਦੁਨੀਆਂ ਦੇ ਇਸ ਵੱਡੇ ਟੂਰਨਾਮੈਂਟ ( ਪੈਰਿਸ ਉਲੰਪਿਕ 2024) ਦੀ, ਜਿਸ ਦੀ ਸ਼ੁਰੂਆਤ 1896 ਵਿੱਚ ਏਥਨਜ ਤੋਂ ਹੋਈ ਤੇ ਹੁਣ ਤੱਕ 28 ਵਾਰ ਇਹ ਟੂਰਨਾਮੈਂਟ (ਉਲੰਪਿਕ ਖੇਡਾਂ) ਹੋ ਚੁੱਕਾ ਹੈ। ਲੀਪ ਦੇ ਸਾਲ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ( ਉਲੰਪਿਕ ਖੇਡਾਂ)  ਪਹਿਲੀ ਤੇ ਦੂਜੀ ਆਲਮੀ ਜੰਗ ਕਾਰਨ ਤਿੰਨ ਵਾਰ ਨਹੀਂ ਹੋ ਸਕਿਆ ਸੀ। ਕਰੋਨਾ ਕਾਲ ਦੌਰਾਨ 2020 ਵਾਲਾ ਇਹ  ਵੱਡਾ ਟੂਰਨਾਮੈਂਟ (ਉਲੰਪਿਕ ਖੇਡਾਂ)  ਜੁਲਾਈ-ਅਗਸਤ 2021  ਵਿੱਚ ਕਰਵਾਇਆ ਗਿਆ। ਇਸ ਲਈ ਇਹ 33ਵਾਂ ਵੱਡਾ ਟੂਰਨਾਮੈਂਟ (ਉਲੰਪਿਕ ਖੇਡਾਂ) ਹੈ। ਇਸ ਵਿੱਚ ਦੁਨੀਆਂ ਭਰ ਦੇ ਲੱਗਭਗ 206 ਦੇਸ਼ਾਂ ਵਿੱਚੋਂ ਦਸ ਹਜ਼ਾਰ ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਜੇਕਰ ਇਸ ਵੱਡੇ ਟੂਰਨਾਮੈਂਟ  (ਉਲੰਪਿਕ ਖੇਡਾਂ ) ਦੇ ਪਿਛਲੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਇਸ ਵਿੱਚ ਆਪਣੀਆਂ ਜਿੱਤਾਂ ਦੀ ਸਰਦਾਰੀ ਵੀ ( ਹੁਣ ਤੱਕ 27 ਵਾਰ ਇਹ ਵੱਡਾ ਟੂਰਨਾਮੈਂਟ (ਉਲੰਪਿਕ ਖੇਡਾਂ) ਖੇਡ ਕੇ) ਅਮਰੀਕਾ ਨੇ ਹੀ ਆਪਣੇ ਕੋਲ ਰੱਖੀ ਹੋਈ ਹੈ, ਜੋ ਵੈਸੇ ਵੀ ਆਪਣੇ ਆਪ ਨੂੰ ਦੁਨੀਆਂ ਦਾ ਸਰਦਾਰ ਕਹਾਉਂਦਾ ਹੈ। ਅਮਰੀਕਾ ਨੇ ਇਸ ਵਿੱਚ ਹੁਣ ਤੱਕ 1051 ਸੋਨੇ, 830 ਚਾਂਦੀ ਅਤੇ 733 ਕਾਂਸੇ ਦੇ ਤੇ ਕੁੱਲ 2614 ਤਗਮੇ ਜਿੱਤੇ ਹਨ। ਇਸ ਦੇ ਮੁਕਾਬਲੇ ਜੇਕਰ ਭਾਰਤ ਦੀ ਸਥਿਤੀ ਦੇਖੀ ਜਾਵੇ ਤਾਂ ਭਾਰਤ ਨੇ ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ) ਦੇ ਇਤਿਹਾਸ ਵਿੱਚ ਹੁਣ ਤੱਕ 25 ਵਾਰ ਭਾਗ ਲੈ ਕੇ ਮਸਾਂ 10 ਸੋਨੇ ਦੇ, 9 ਚਾਂਦੀ ਦੇ ਅਤੇ 16 ਕਾਂਸੇ ਦਿਆਂ ਸਮੇਤ ਕੁੱਲ 35 ਤਗਮੇ ਜਿੱਤੇ ਹਨ। ਸੰਨ 1984 ਲਾਂਸ-ਏਂਜਲਸ,1988 ਸਿਓਲ ਅਤੇ 1992 ਬਾਰਸੀਲੋਨਾਂ ਦੇ  ਇਸ ਵੱਡੇ ਟੂਰਨਾਮੈਂਟ (ਉਲੰਪਿਕ ਖੇਡਾਂ) ਵਿੱਚ ਭਾਰਤ ਨੂੰ ਲਗਾਤਾਰ ਤਿੰਨ ਵਾਰ ਖਾਲੀ ਹੱਥ ਵੀ ਪਰਤਣਾ ਪਿਆ ਸੀ। ਲੱਗਭਗ ਇੱਕ ਕਰੋੜ ਦੀ ਅਬਾਦੀ ਵਾਲਾ ਆਸਟ੍ਰੇਲੀਆ ਵੀ ਹੁਣ ਤੱਕ 497 ਦੇ ਕਰੀਬ ਤਗਮੇ ਜਿੱਤ ਚੁੱਕਾ ਹੈ । ਭਾਰਤ ਨੇ ਹੁਣ ਤੱਕ ਹਾਕੀ ਖੇਡ ਵਿੱਚ 1928 , 1932, 1936 ਅਤੇ 1948 , 1952 ਤੇ 1956 ਤੱਕ ਛੇ ਵਾਰ ਸੋਨਾ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ। ਹੈਲਿੰਸਕੀ ਚ ਹੋਏ ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ) ਵਿੱਚ ਭਾਰਤੀ ਪਹਿਲਵਾਨ ਕੇ ਡੀ ਯਾਦਵ ਨੇ ਵਿਅਕਤੀਗਤ ਤੌਰ ਤੇ ਕਾਂਸੇ ਦਾ ਪਹਿਲਾ ਤਗਮਾ ਜਿੱਤਿਆ। ਸੰਨ 2000 ਦੇ ਸਿਡਨੀ ਚ ਹੋਏ ਇਸ ਟੂਰਨਾਮੈਂਟ ( ਉਲੰਪਿਕ ਖੇਡਾਂ)  ਵਿੱਚ ਭਾਰਤੀ ਭਾਰਤੋਲਕ ਔਰਤ ਕਰਮਨ ਮਲੇਸ਼ਵਰੀ  ਵਿਅਕਤੀਗਤ ਤੌਰ ਤੇ ਕਾਂਸੇ ਦਾ ਤਗਮਾ ਜਿੱਤ ਕੇ  ਪਹਿਲੀ ਭਾਰਤੀ ਤਗਮਾ ਜੇਤੂ ਖਿਡਾਰਨ ਬਣੀ।  ਨਿਸ਼ਾਨੇਬਾਜ ਰਾਜਵਰਧਨ ਰਾਠੌਰ ਪਹਿਲਾ ਚਾਂਦੀ ਦਾ ਤਗਮਾ ਜੇਤੂ ਤੇ ਨਿਸ਼ਾਨੇਬਾਜ ਅਭਿਨਵ ਬਿੰਦਰਾ ਪਹਿਲਾ ਸੋਨ ਤਗਮਾ ਜੇਤੂ ਖਿਡਾਰੀ ਬਣੇ। ਜੇਕਰ ਦੋ ਵਾਰ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਹਨ। ਇਸ ਵਾਰ ਦੇ ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ ) ਵਿੱਚ ਭਾਰਤ ਦੇ 117  ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਇਸ ਭਾਰਤੀ ਖੇਡ ਦਲ ਦਾ ਮੁਖੀ ਨਿਸ਼ਾਨੇਬਾਜ ਗਗਨ ਨਾਰੰਗ ਨੂੰ ਬਣਾਇਆ ਗਿਆ ਹੈ ਅਤੇ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਤੇ ਟੈਨਿਸ ਖਿਡਾਰੀ ਸਰਤ ਕਮਲ ਭਾਰਤੀ ਖੇਡ ਦਲ ਦੇ ਝੰਡਾ ਬਰਦਾਰ ਹੋਣਗੇ।
ਦੁਨੀਆਂ ਭਰ ਦੇ ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ) ਦਾ ਇਸ ਵਾਰ ਉਦਘਾਟਨੀ ਸਮਾਰੋਹ ਖੇਡ ਮੈਦਾਨ ਵਿੱਚ ਨਾ ਹੋ ਕੇ ਸੇਰੀ ਨਦੀ ਦੇ ਕੰਢੇ ਹੋਵੇਗਾ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪੋ-ਆਪਣੇ ਦੇਸ਼ਾਂ ਦੇ ਵਿਰਾਸਤੀ ਪਹਿਰਾਵਿਆਂ( ਜਿਵੇਂ ਭਾਰਤੀ ਔਰਤ ਖਿਡਾਰਨਾਂ ਸਾੜੀ ਪਹਿਨ ਕੇ) ਚ ਸਜ ਕੇ ਤੇ ਕਿਸ਼ਤੀ ਰਾਹੀਂ ਨਦੀ ਨੂੰ ਪਾਰ ਕਰਕੇ ਦੁਨੀਆਂ ਦੇ ਪ੍ਰਸਿੱਧ 324 ਮੀਟਰ ਉੱਚੇ ਆਈਫਲ ਟਾਵਰ ਵੱਲ ਜਾਣਗੇ।  ਇਸ ਵਾਰ ਇੱਕ ਹੋਰ ਗੱਲ ਕਿ ਅਥਲੈਟਿਕਸ ਟਰੈਕ ਇਸ ਵਾਰ ਜਾਮਣੀ ( ਬੈਂਗਣੀ) ਰੰਗ ਦਾ ਹੋਵੇਗਾ।  ਜੇਤੂ ਖਿਡਾਰੀਆਂ ਲਈ ਇਨਾਮ ਰੂਪੀ ਤਗਮਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਵਿਸ਼ੇਸ਼ ਤੌਰ ਤੇ ਆਈਫਲ ਟਾਵਰ ਚ ਵਰਤੇ ਗਏ ਲੋਹੇ ਨੂੰ ਵਰਤ ਕੇ  529 ਗ੍ਰਾਮ ਸੋਨੇ, 525 ਗ੍ਰਾਮ ਚਾਂਦੀ ਅਤੇ 455 ਗ੍ਰਾਮ ਕਾਂਸੇ ਦੇ ਵਿਸ਼ੇਸ਼  ਤਗਮੇ ਤਿਆਰ ਕੀਤੇ ਗਏ ਹਨ।ਇਹ ਕਿਸ ਖਿਡਾਰੀ ਦੇ ਗਲ਼ੇ ਦਾ ਸਿੰਗਾਰ ਬਣਨਗੇ,ਇਹ ਤਾਂ ਆਉਣ ਵਾਲਾ ਸਮਾਂ ਤੇ  ਖਿਡਾਰੀਆਂ ਦੇ ਪੱਟਾਂ ਦਾ ਜੋਰ ਹੀ ਦੱਸੇਗਾ । ਭਾਰਤ ਦੇ ਖੇਡ ਦਲ ਵਿੱਚ ਸ਼ਾਮਲ 20 ਪੰਜਾਬੀ ਖਿਡਾਰੀਆਂ ਤੇ  ਪੰਜਾਬੀਆਂ ਦੀ ਵਿਸ਼ੇਸ਼ ਨਜ਼ਰ ਰਹੇਗੀ।  ਕਿਉਂਕਿ ਹਾਕੀ ਵਿੱਚ ਲਗਾਤਾਰ ਜਿੱਤਾਂ ਦਿਵਾਉਣ ਵਿੱਚ ਜਿੱਥੇ ਪਹਿਲਾਂ ਵੀ ਪੰਜਾਬ ਦੇ ਖਿਡਾਰੀਆਂ ਨੇ ਵੱਡੀ ਭੂਮਿਕਾ ਨਿਭਾਈ ਸੀ, ਉੱਥੇ ਹੁਣ ਵੀ 219 ਕੌਮਾਂਤਰੀ ਮੈਚ ਖੇਡਣ ਵਾਲੇ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਅੱਠ ਪੰਜਾਬੀ ਖਿਡਾਰੀ ਸ਼ਾਮਲ ਹਨ। ਨੀਰਜ ਚੋਪੜੇ ਦੇ ਡੌਲ਼ਿਆਂ ਦੇ ਜੋਰ,  ਨਿਸ਼ਾਨੇਬਾਜ ਅੰਜੁਮ ਮੋਦਗਿਲ, ਅਰਜੁਨ ਬਬੂਟਾ, ਅਰਜਨ ਸਿੰਘ ਚੀਮਾ ਤੇ ਸਿਫਤ ਕੌਰ ਸਮਰਾ ਆਦਿ ਦੀਆਂ ਅੱਖਾਂ  ਨੂੰ, ਮੱਛੀ ਦੀ ਅੱਖ ਕਿੰਨੀ  ਕੁ ਦਿਖਾਈ ਦਿੰਦੀ ਹੈ ? ਇਹ ਦੇਖਣ ਵਾਲੀ ਗੱਲ ਹੋਵੇਗੀ।
ਸ਼ਾਲਾ !  ਇਸ ਵੱਡੇ ਟੂਰਨਾਮੈਂਟ ( ਉਲੰਪਿਕ ਖੇਡਾਂ )  ਦੇ ਬੇਸ਼ਕੀਮਤੀ ਤਗਮੇ ਸਾਡੇ ਦੇਸ਼ ਦੇ ਖੇਡ ਦਲ ਦੇ ਹਰ ਮੈਂਬਰ ਦੇ ਗਲ਼ੇ ਦਾ ਸਿੰਗਾਰ ਬਣਨ । ਇਹੀ ਸਾਡੀ ਸਾਰਿਆਂ ਦੀ ਦਿਲੀ ਰੀਝ ਹੈ।
ਆਮੀਨ 
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਲਿਆ ਜਾਇਜ਼ਾ
Next articleਮਹਿੰਗਾਈ ਕੋਈ ਕੁਦਰਤੀ ਵਰਤਾਰਾ ਨਹੀ; ਇਹ ਹਾਕਮਾਂ ਦੀ ਦੇਣ ਹੈ ?