ਭਾਈਚਾਰੇ ਦੇ ਰਿਸ਼ਤੇ ਦੀ ਜਾਣ-ਪਛਾਣ ਕਰਾਉਂਦੀ ਹੈ ‘ ਮਿਲਣੀ ‘

ਬਲਦੇਵ ਸਿੰਘ ਬੇਦੀ
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਵਿਆਹ, ਜੋਕਿ ਦੋ ਪਰਿਵਾਰਾਂ ਨੂੰ ਪਵਿੱਤਰ ਬੰਧਨ ਨਾਲ ਜੋੜਦਾ ਹੈ। ਇਹ ਵਿਆਹ ਹਰ ਧਰਮ ‘ਚ ਆਪੋ ਆਪਣੇ ਸੰਸਕਾਰਾਂ ਅਤੇ ਰਸਮ – ਰਿਵਾਜਾਂ ਨਾਲ ਕੀਤਾ ਜਾਂਦਾ ਹੈ। ਇਹ ਰਸਮਾਂ ਰਵਾਇਤਾਂ ਸਾਡੇ ਅਨਮੋਲ ਸੱਭਿਆਚਾਰ ਨੂੰ ਜੀਉਂਦਾ ਰੱਖਣ ਦਾ ਇਕ ਸਾਧਨ ਵੀ ਹਨ ਕਿਓਂਕਿ ਇਹ ਹੀ ਸਾਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਲੈਕੇ ਜਾਂਦੀਆਂ ਹਨ। ਵਿਆਹ ਦੀਆਂ ਰਸਮਾਂ ਦੋ ਪਰਿਵਾਰਾਂ ਨੂੰ ਮਿਲਾਉਣ ਅਤੇ ਇੱਕ-ਦੂਜੇ ਨੂੰ ਜਾਣਨ-ਪਛਾਣਨ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਜਿਸ ਨਾਲ ਦੋਹਾਂ ਪਰਿਵਾਰਾਂ ‘ਚ ਮਜ਼ਬੂਤੀ ਹੋਰ ਵੱਧਦੀ ਹੈ।

ਵਿਆਹਾਂ ਦੀਆਂ ਰਸਮ ਰਿਵਾਜਾਂ ਵਿੱਚੋ ਇਕ ਰਸਮ ਹੈ ‘ ਮਿਲਣੀ ‘ ਜਿਸ ਤੋਂ ਭਾਵ ਹੈ ‘ਮੇਲ-ਮਿਲਾਪ’ ਕਰਨਾ। ਮਿਲਣੀ ਸਾਡੇ ਵਿਆਹਾਂ ਦੀ ਇੱਕ ਮਹੱਤਵਪੂਰਨ ਰਸਮ ਹੈ। ਇਹ ਦੋ ਪਰਿਵਾਰਾਂ ਵਿੱਚ ਪਿਆਰ, ਸਨਮਾਨ ਅਤੇ ਭਾਈਚਾਰੇ ਦੇ ਰਿਸ਼ਤੇ ਦੀ ਜਾਣ-ਪਛਾਣ ਕਰਾਉਣ ਲਈ ਕੀਤੀ ਜਾਂਦੀ ਹੈ। ਮਿਲਣੀ ਆਮ ਤੌਰ ‘ਤੇ ਵਿਆਹ ਵਾਲੇ ਦਿਨ, ਜਦੋਂ ਲੜਕੇ ਵਾਲੇ ਬਰਾਤ ਲੈਕੇ ਲੜਕੀ ਵਾਲਿਆਂ ਦੇ ਘਰ ਜਾਂ ਵਿਆਹ ਦੇ ਸਥਾਨ ‘ਤੇ ਪਹੁੰਚਦੇ ਹਨ ਉਦੋਂ ਕੀਤੀ ਜਾਂਦੀ ਹੈ। ਮਿਲਣੀ, ਦੋਹਾਂ ਪਰਿਵਾਰਾਂ ਦੇ ਵੱਡੇ ਬਜ਼ੁਰਗ ਅਤੇ ਮਹੱਤਵਪੂਰਨ ਵਿਅਕਤੀ ਇਕ ਦੂਜੇ ਨੂੰ ਗਲਵੱਕੜੀ ਪਾਕੇ ਕਰਦੇ ਹਨ। ਇਹਨਾਂ ਮਿਲਣੀਆਂ ਦੀ ਗਿਣਤੀ ਵੀ ਕਈ ਵਾਰ ਦੱਸ ਤੋਂ ਪੰਦਰਾਂ ਤੱਕ ਪਹੁੰਚ ਜਾਂਦੀ ਸੀ।
ਪੰਜਾਬ ਦੇ ਵਿਆਹਾਂ ‘ਚ ਮਿਲਣੀ ਦੀ ਰਸਮ ਕਰਨ ਵੇਲੇ ਦੋਵੇਂ ਧਿਰ ਆਹਮੋ ਸਾਹਮਣੇ ਖੜ੍ਹੇ ਹੁੰਦੇ ਹਨ। ਭਾਈ ਜੀ ਵਲੋ ਅਰਦਾਸ ਕਰਨ ਉਪਰੰਤ ਲੜਕੇ ਦੇ ਪਿਤਾ ਜਾਂ ਵੱਡੇ ਬਜ਼ੁਰਗ ਨੂੰ ਲੜਕੀ ਦੇ ਪਿਤਾ ਜਾਂ ਪਰਿਵਾਰ ਵਲੋਂ ਕਿਸੇ ਵੱਡੇ ਬਜੁਰਗ ਨਾਲ ਮਿਲਾਇਆ ਜਾਂਦਾ ਹੈ। ਆਮ ਤੌਰ ‘ਤੇ ਇੱਕ ਦੂੱਜੇ ਨੂੰ ਫੁੱਲਾਂ ਦਾ ਹਾਰ ਪਾਕੇ ਗਲਵੱਕੜੀ ਪਾਈ ਜਾਂਦੀ, ਮੂੰਹ ਮਿੱਠਾ ਕੀਤਾ ਜਾਂਦਾ ਹੈ ਅਤੇ ਇੱਕ ਦੂੱਜੇ ਤੋਂ ਨੋਟ ਵਾਰਿਆ ਜਾਂਦਾ, ਲੱਗੀਆ ਨੂੰ ਲਾਗ ਮਿਲਦਾ। ਇਸ ਤੋਂ ਬਾਅਦ ਲੜਕੀ ਪਰਿਵਾਰ ਵੱਲੋ ਆਪਣੀ ਇੱਛਾ ਮੁਤਾਬਿਕ ਲੜਕੇ ਦੇ ਪਿਤਾ ਜਾਂ ਵੱਡੇ ਬਜ਼ੁਰਗ ਨੂੰ ਮਾਨ ਆਦਿ ਵੀ ਦਿੱਤਾ ਜਾਂਦਾ। ਇਸ ਮਿਲਣੀ ਤੋਂ ਬਾਅਦ ਦੋਹਾਂ ਪਰਿਵਾਰਾਂ ਦੇ ਚਾਚੇ,ਤਾਏ,ਮਾਮੇ,ਜੀਜੇ,ਫੁੱਫੜ,ਭਰਾ ਇਕ ਦੂਜੇ ਨਾਲ ਇਸ ਰਸਮ ਨੂੰ ਅਦਾ ਕਰਦੇ ਹਨ। ਇਸ ਤੋਂ ਇਲਾਵਾ ਦੋਹਾਂ ਪਰਿਵਾਰਾਂ ਦੇ ਕੁੜਮ ਵੀ ਆਪੋ ਆਪਣੇ ਕੁੜਮਾ ਨਾਲ ਇਸ ਰਸਮ ਦਾ ਹਿੱਸਾ ਬਣਦੇ ਹਨ।
ਜਿੱਥੇ ਵਿਆਹ ਦੀ ਹਰ ਰਸਮ ਗੀਤਾਂ ਤੋਂ ਬਿਨਾਂ ਅਧੂਰੀ ਹੈ ਉੱਥੇ ਹੀ ਇਸ ਰਸਮ ਵੇਲੇ ਵੀ ਗੀਤ ਦੇ ਰਾਹੀਂ ਔਰਤਾਂ ਖੁਸ਼ੀ ਦਾ ਇਜ਼ਹਾਰ ਕਰਦੀਆਂ ਅਤੇ ਮਿਲਣੀਆਂ ਦੇ ਸਮੇ ” ਮੇਲਾ ਮਿਲਣੀ ਦਾ, ਮਿਲਣੀ ਦਾ,ਮੇਲ ਦਿਓ ਮਹਾਰਾਜ, ਮੇਲਾ ਮਿਲਣੀ ਦਾ…।” ਗੀਤ ਨੂੰ ਗਾਉਂਦੀਆਂ।
ਮਿਲਣੀ ਦਾ ਮਹਤਵ ਦੋ ਪਰਿਵਾਰਾਂ ਨੂੰ ਇਕ ਦੂਜੇ ਦੇ ਪਿਆਰ ਅਤੇ ਸਨਮਾਨ ਨਾਲ ਜੋੜਨਾ ਹੈ। ਇਹ ਰਸਮ ਸਾਂਝ ਵਧਾਉਣ ਦਾ ਮੌਕਾ ਵੀ ਦਰਸਾਉਂਦੀ ਹੈ। ਇਸ ਦੌਰਾਨ ਦੋਹਾਂ ਪਰਿਵਾਰਾਂ ਦੇ ਬਜ਼ੁਰਗ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਹਨ, ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਹਨ। ਇਸ ਰਸਮ ਦੁਆਰਾ, ਵਿਆਹ ਸਿਰਫ ਦੋ ਵਿਅਕਤੀਆਂ ਦਾ ਮੇਲ ਹੀ ਨਹੀਂ ਬਲਕਿ ਦੋ ਪਰਿਵਾਰਾਂ ਦਾ ਮਿਲਾਪ ਵੀ ਬਣ ਜਾਂਦਾ ਹੈ।
ਅੱਜ ਦੇ ਸਮੇਂ ਇਹ ਪੁਰਾਤਨ ਰੀਤ ” ਮਿਲਣੀ ” ਵਿਆਹਾਂ ਚੋਂ ਅਲੋਪ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਰਿਸ਼ਤੇਦਾਰੀਆਂ ‘ਚ ਆਈ ਕੁੜੱਤਣ ਜਾਂ ਮਨ-ਮੁਟਾਵ ਨੇ ਇਸ ਮਿਲਣੀਆਂ ਦੀ ਗਿਣਤੀ ਨੂੰ ਇੱਕ ਸੀਮਿਤ ਦਾਇਰੇ ‘ਚ ਲੈ ਆਉਂਦਾ ਉੱਥੇ ਹੀ ਵਿਆਹਾਂ ‘ਚ ਹੋ ਰਹੇ ਵਾਧੂ ਖਰਚੇ ਅਤੇ ਸਮਾਂ ਬਚਾਉਣ ਲਈ ਵੀ ਇਹ ਸਾਰੇ ਰਸਮ ਰਿਵਾਜ਼ ਖ਼ਤਮ ਹੋ ਰਹੇ ਹਨ। ਇਸ ਤੋਂ ਇਲਾਵਾ ਆਧੁਨਿਕ ਸਮਾਜ ਵਿੱਚ ਬਹੁਤ ਸਾਰੇ ਲੋਕ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਰਹੇ ਹਨ। ਜਿਸ   ਕਾਰਨ ਉਹ ਇਹਨਾਂ ਰਸਮਾਂ ਨੂੰ ਮਹੱਤਤਾ ਨਹੀਂ ਦੇ ਰਹੇ ਅਤੇ ਮਿਲਣੀਆਂ ਵਰਗੀਆਂ ਰਸਮਾਂ ਨੂੰ ਛਡਿਆ ਜਾ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਈ. ਟੀ. ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ – ਗੌਰਮਿੰਟ ਟੀਚਰਜ ਯੂਨੀਅਨ, ਸਰਕਾਰ ਨੇ ਪੈਂਡਿੰਗ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜ਼ਿਮਨੀ ਚੋਣਾਂ ਵਿੱਚ ਜ਼ੋਰਦਾਰ ਵਿਰੋਧ ਹੋਵੇਗਾ -ਆਗੂ
Next articleਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਧੂਮਧਾਮ ਨਾਲ਼ ਮਨਾਇਆ ਗਿਆ ਸਿੱਖਿਆ ਸਪਤਾਹ