ਮੀਂਹ ਦੀ ਵਾਛ

ਹਰਪ੍ਰੀਤ ਪੱਤੋ

ਹਰਪ੍ਰੀਤ ਪੱਤੋ

(ਸਮਾਜ ਵੀਕਲੀ) “ਮੈਂ ਕਿਹਾ ਜੀ! ਆਪਣੀ ਵੀਹੀ ਵਾਲੀ ਕੱਚੀ ਕੰਧ ਐਤਕੀਂ ਆਪਾਂ ਤੋਂ ਮਿੱਟੀ ਨਾਲ ਲਿਪੀ ਨਹੀਂ ਗਈ। ਮੀਹਾਂ ਦੀ ਰੁੱਤ ਆ, ਕਿਤੇ
ਖੁਰ ਕੇ ਡਿੱਗ ਈ ਨਾ ਪਵੇ। ਤੁਸੀਂ ਜਾ ਕੇ ਨਿਗ੍ਹਾ ਮਾਰ ਕੇ ਵੇਖੋ। ਉਸ ਨੂੰ ਪੁਰਾਣੀਆਂ ਪੱਲੀਆਂ ਬੋਰੀਆਂ ਨਾਲ ਢੱਕ ਦੇਈਏ, ਕਿਤੇ ਰਾਤ ਨੂੰ
ਮੀਂਹ ਨਾ ਆ ਜਾਵੇ। ਪਰ ਇਤਬਾਰ ਕੋਈ ਨੀਂ, ਕਦੋਂ ਮੀਂਹ
ਲਹਿ ਪਵੇ”। ਇਹ ਗੱਲ ਸੀਬੋ ਨੇ
ਆਪਣੇ ਘਰ ਵਾਲੇ ਬੰਤੇ ਨੂੰ ਘਰ ਦਾ ਸਮਾਨ ਮੀਂਹ ਦੀ ਬਾਛੜ ਤੋਂ
ਬਚਾਉਣ ਲਈ ਆਸੇ ਪਾਸੇ ਕਰਦੀ ਹੋਈ ਨੇ ਕਹੀ। ਕਿਉਂ ਕਿ ਉਹਨਾਂ ਦੇ ਬਾਰ ਨੂੰ ਕੋਈ ਤਖਤਾ ਵੀ ਨਹੀਂ ਸੀ। ਉਹ ਵੀ ਕਾਨਿਆਂ ਦਾ ਫਿੜਕਾ ਲਾ ਉਪਰ ਪੱਲੀ ਪਾਈ ਹੋਈ ਸੀ। ਸਾਉਣ ਦਾ ਮਹੀਨਾ ਹੋਣ ਕਰਕੇ ਬਾਰਸ਼ ਰੁੱਤੇ ਅਕਸਰ ਕਾਮਿਆਂ ਮਜ਼ਦੂਰਾਂ ਦੇ ਕੱਚੇ ਕੋਠੇ ਡਿਗੂ ਡਿਗੂ ਕਰਦੇ ਚੋਣ ਲੱਗ ਜਾਂਦੇ ਹਨ।
ਬੰਤੇ ਨੇ ਪਹਿਲਾਂ ਹੀ ਆਪਣੇ ਕੱਚੇ ਖੋਲੇ ਦੇ ਗੋਲੇ ਥੱਲੇ ਥੰਮੀ ਲਾਈ ਹੋਈ ਸੀ। ਕਾਮਾਂ ਚਾਹੇ ਲੋਕਾਂ ਦੇ ਲੱਖ ਮਹਿਲ ਬਣਾ ਦੇਵੇ। ਮਜ਼ਦੂਰੀ ਕਰ ਕਰ, ਉਸ ਤੋਂ ਆਪਣਾ ਕੱਚਾ ਕੋਠਾ ਪੱਕਾ ਨੀ ਬਣਦਾ, ਪੱਕਾ ਤਾਂ ਦੂਰ ਦੀ ਗੱਲ ਸਮੇ ਸਿਰ ਕਈ ਵਾਰੀ ਗਾਰੇ ਨਾਲ ਲਿਪਿਆ ਵੀ ਨਹੀਂ ਜਾਂਦਾ।
ਦਿਨ ਦਾ ਛਪਾ ਬਾਹਰ ਘੁਸਮੁੱਸਾ
ਜਿਹਾ ਸੀ। ਬੰਤੇ ਨੇ ਪੱਲੀ ਚੁੱਕ ਬਾਹਰ ਮੂੰਹ ਕੱਢ ਕੇ ਵੇਖਿਆ, ਬਰੀਕ ਕਣੀਆਂ ਡਿੱਗਣ ਲੱਗ ਪਈਆਂ ਸਨ। “ਇਹ ਤਾਂ ਝੜੀ ਭਾਗਵਾਨੇ! ਕੱਚਿਆਂ ਖੋਲਿਆ ਦੀ ਦੁਸ਼ਮਣ ਆ, ਕੰਧਾਂ ਵਿੱਚ ਰਚ ਜਾਂਦੀ ਆ, ਤੇ ਛੱਤਾਂ ਚੋਣ ਲਾ ਦਿੰਦੀ ਆ। ਲ਼ੈ ਮੈਂ ਪੱਲੀਆਂ ਫੜ ਲਿਆਵਾਂ”। ਇਹ ਕਹਿ ਬੰਤਾ ਗੁਆਂਢੀਆਂ ਦੇ ਘਰ ਪੁਰਾਣੀਆਂ ਪੱਲੀਆਂ ਲੈਣ ਲਈ ਚਲਾ ਗਿਆ। ਮੀਂਹ ਹੋਰ ਤੇਜ਼ ਹੋ ਗਿਆ। ਹੁਣ ਵਾਛੜ ਵੀ ਕੱਚੀ ਕੰਧ ਵੱਲੀਂ ਦੀ, ਬੰਤਾ ਕੰਧ ਤੇ ਪੱਲੀ ਪਾਵੇ ਤਾਂ ਕਿਵੇਂ ਪਾਵੇ, ਕੰਧ ਪਿਲ ਪਿਲ ਕਰੇ, ਬੰਤਾ ਅੰਦਰ ਆਇਆ ,”ਭਾਗਵਾਨੇ ਹੁਣ ਕਿਵੇਂ ਕਰੀਏ। ਚੱਲ ਰੱਬ ਦਾ ਆਸਰਾ, ਹੁਣ ਤੂੰ ਜਵਾਕਾਂ ਦਾ ਮੰਜਾਂ ਔਹ ਕੰਧ ਨਾਲ ਲਾ ਦੇ। ਇੱਕ ਤੁਲ ਆਪਾਂ ਇਧਰਲੀ ਕੰਧ ਦੇ ਗੋਲੇ ਥੱਲੇ ਵੀ ਲਾ ਦਿੰਨੇ ਆ”, ਬਾਹਰ ਕਾਫ਼ੀ ਹਨੇਰਾ ਸੀ। ਕੁਝ ਰਾਤ ਤੇ ਕੁਝ ਜ਼ੋਰਦਾਰ ਮੀਂਹ ਕਰਕੇ। ਏਨੇ ਨੂੰ ਧੜੰਮ ਕਰਕੇ ਨਾਲ ਵਾਲੇ ਬਾਰੂ ਕੀ ਕੰਧ ਡਿੱਗਣ ਦੀ ਅਵਾਜ਼ ਆਈ। “ਹੁਣ ਕਿਤੇ ਆਪਣੀ ਵਾਰੀ,,,,,,”ਵਾਹਗੁਰੂ ਵਾਹਗੁਰੂ ਕਰਦੀ ਸੀਬੋ ਕੋਠੇ ਦੇ ਇੱਕ ਖੂੰਜੇ ਵਿੱਚ ਬੈਠ ਗਈ। ਹਨੇਰੀ ਰਾਤ ਉੱਤੋਂ ਮੀਂਹ ਦਾ ਜ਼ੋਰ,
ਦੀਵਾ ਵੀ ਭਕ ਭਕ ਕਰਦਾ।
ਬੁੱਝਣ ਦੇ ਕਰੀਬ ਸੀ। ਸੀਬੋ ਸੋਚਦੀ ਕਿ ਸਾਉਣ ਦਾ ਮਹੀਨਾ ਕਈਆਂ ਲਈ ਖੁਸ਼ੀਆਂ ਤੇ ਕਈਆਂ ਲਈ ਗਮ ਲ਼ੈ ਕੇ ਆਉਂਦਾ। ਖਾਸ ਕਰ ਗਰੀਬਾਂ ਲਈ। ਕੋਈ ਖੁਸ਼ੀਆਂ ਵਿੱਚ ਖਾਂਦਾ ਪੀਂਦਾ ਤੇ ਕਿਸੇ ਦਾ ਸਾਰਾ ਸਾਉਣ ਕੱਚੀਆਂ ਕੰਧਾਂ ਤੇ ਮਾੜੀਆਂ ਛੱਤਾਂ ਵੱਲ ਝਾਕਦਿਆਂ ਦਾ ਲੰਘ ਜਾਂਦਾ।
ਹੁਣ ਬੰਤਾ ਸਾਰੇ ਦਿਨ ਦਾ ਥੱਕਿਆ ਹੋਇਆ ਜਵਾਕਾਂ ਵਾਲੇ ਮੰਜ਼ੇ ਦੇ ਪੈਂਦੀਏ ਜਿਵੇਂ ਸਾਰੇ ਕਾਸੇ ਤੋਂ ਬੇਖ਼ਬਰ ਸੌ ਗਿਆ ਸੀ, ਤੇ ਸੋਚਾਂ ‘ਚ ਡੁੱਬੀ ਸੀਬੋ ਵੀ
ਮੀਂਹ ਦੀ ਬਾਛੜ ਕੱਚੀਆਂ ਕੰਧਾਂ ਭੁੱਲ ਨੀਂਦ ਦੀ ਬੁੱਕਲ ਵਿੱਚ ਸਮਾ ਗਈ ਸੀ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਰਤਨ ਦਾ ਅਸਲੀ ਹੱਕਦਾਰ
Next articleMyth of great Indian Wedding