ਬੁੱਧ ਬਾਣ

ਘਰਾਣਾ ਰੰਗ ਵਿੱਚ ਰੰਗਿਆ ਪੰਜਾਬ: ਪੰਜਾਬ ਯੂਨੀਵਰਸਿਟੀ ਦੇ ਬਾਰ੍ਹਾਂਮਾਸੀ ਗੁਲਦਸਤੇ

ਬੁੱਧ ਸਿੰਘ ਨੀਲੋਂ 

ਬੁੱਧ  ਸਿੰਘ  ਨੀਲੋੰ

(ਸਮਾਜ ਵੀਕਲੀ) ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪੰਜਾਬ ਸਰਕਾਰ ਆਪਣਾ ਚੰਡੀਗੜ੍ਹ ਵਾਲਾ ਸਕੱਤਰੇਤ ਬੰਦ ਕਰਕੇ ਬੈਠ ਗਈ ਕਿ ਸਾਡੇ ਨੱਕ ਦਾ ਸੁਆਲ ਹੈ। ਪੁਰਾਣੇ ਘਰਾਣਿਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਉਮੀਦਵਾਰ ਬਣਨ ਜਾਂ ਹਮਾਇਤੀ ਬਣਨ ਦਾ ਰੁਝਾਨ ਭਾਰੀ ਹੋ ਗਿਆ, ਜਿਸ ਨੂੰ ਦਲਬਦਲੀ ਕਹਿੰਦੇ ਹਨ। ਸਿਧਾਂਤ ਅਤੇ ਨੈਤਿਕਤਾ ਦੀਆਂ ਗੱਲਾਂ ਕਰਨ ਵਾਲੇ ਸਮਝ ਗਏ ਕਿ ਉਨ੍ਹਾਂ ਦੀ ਥਾਂ ਇਸ ਅਖਾੜੇ ਵਿੱਚ ਨਹੀਂ ਹੈ। ਇਹ ਸੁਆਲ ਪੁੱਛਿਆ ਜਾਂਦਾ ਹੈ ਕਿ ਅਜਿਹਾ ਟਪੂਸੀ ਮਾਰਕਾ ਪਾਠਕ੍ਰਮ ਕਿੱਥੇ ਪੜ੍ਹਾਇਆ ਜਾਂਦਾ ਹੈ? ਇਹ ਕਿੱਥੋਂ ਪੜ੍ਹ ਕੇ ਆਏ ਹਨ ਜਿਨ੍ਹਾਂ ਦਾ ਦੀਨ-ਈਮਾਨ ਹੀ ਅਹੁਦਾ, ਰੁਤਬਾ, ਪੈਸਾ ਅਤੇ ਅਸਰ-ਰਸੂਖ ਹੈ ? ਇਸ ਦਾ ਮਤਲਬ ਤਾਂ ਇਹੋ ਹੋਇਆ ਕਿ ਪੜ੍ਹਨ ਵਾਲੇ ਅਦਾਰੇ ਤੋਂ ਆਸ ਕੀਤੀ ਜਾਂਦੀ ਹੈ ਕਿ ਇਹ ਸਮਾਜ ਜਾਂ ਸਿਆਸਤ ਵਿੱਚ ਨੇਕਦਿਲੀ ਜਾਂ ਸਿਧਾਂਤਕ ਸਮਝ ਦਾ ਪਸਾਰਾ ਕਰਦੇ ਹਨ ਜੋ ਅੱਗੇ ਸਮਾਜ ਵਿੱਚ ਫੈਲਦੀ ਹੈ।
ਅਗਲੀ ਗੱਲ ਕਰਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ। ਇੱਥੇ ਵਾਈਸ ਚਾਂਸਲਰ ਆਪਣੀ ਤਿੰਨ ਸਾਲਾਂ ਦੀ ਮਿਆਦ ਪੂਰੀ ਕਰਕੇ ਚਲੇ ਗਏ ਤਾਂ ਸਰਕਾਰ ਨੇ ਨਵਾਂ ਇੰਤਜ਼ਾਮ ਕਰਨ ਦੀ ਥਾਂ ਜ਼ਿੰਮੇਵਾਰੀ ਅਫ਼ਸਰਸ਼ਾਹੀ ਨੂੰ ਦੇ ਦਿੱਤੀ। ਉੱਚ-ਸਿੱਖਿਆ ਦੇ ਸਕੱਤਰ ਕੇ.ਕੇ. ਯਾਦਵ ਨੂੰ ਆਪਣੇ ਚੰਡੀਗੜ੍ਹ ਦਫ਼ਤਰ ਤੋਂ ਵਿਹਲ ਨਹੀਂ ਅਤੇ ਪੰਜਾਬ ਦਾ ਸਭ ਤੋਂ ਵੱਧ ਵਿਦਿਆਰਥੀਆਂ ਵਾਲਾ ਉੱਚ ਸਿੱਖਿਆ ਦਾ ਅਦਾਰਾ ਬੇਮੁਹਾਰ ਹੋ ਗਿਆ। ਵਾਈਸ ਚਾਂਸਲਰ ਦੀ ਭਰਤੀ ਹੋਣੀ ਹੈ। ਇਸ਼ਤਿਹਾਰ ਵਿੱਚ ਯੋਗਤਾ ਦੇ ਵੇਰਵੇ ਹਨ ਅਤੇ ਬਾਹਰ ਜੁਗਾੜਬੰਦੀ ਅਤੇ ਧਿਰਬੰਦੀ ਦੇ ਚਰਚੇ ਹਨ। ਸਭ ਸਹਿਮਤ ਹਨ ਕਿ ਵਿਦਿਅਕ ਯੋਗਤਾ ਤਾਂ ਕਾਗ਼ਜ਼ੀ ਮਾਮਲਾ ਹੈ ਪਰ ਫ਼ੈਸਲਾ ਧਿਰਬੰਦੀ ਨਾਲ ਹੋਣਾ ਹੈ।
ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੀ ਤਿੰਨ ਸਾਲ ਦੀ ਮਿਆਦ ਪੂਰੀ ਹੁੰਦੀ ਦੇਖ ਕੇ ਆਪਣੇ ਜੁਗਾੜ ਬੈਠਾਉਣ ਦੀ ਕਾਰਵਾਈ ਜ਼ੋਰਾਂ ਨਾਲ ਸ਼ੁਰੂ ਹੋ ਗਈ। ਕੁੱਝ ਲੋਕਾਂ ਨੇ ‘ਸਿਹਤ ਦੇ ਕਾਰਨਾਂ’ ਕਾਰਨ ਅਸਤੀਫ਼ੇ ਦੇ ਦਿੱਤੇ। ਕੁਝ ਦੀ ਸਾਲ-ਦੋ ਸਾਲ ਦੀ ਮਿਆਦ ਪੂਰੀ ਹੋ ਗਈ। ਨਤੀਜੇ ਵਜੋਂ ਸਾਰੇ ਅਹਿਮ ਅਹੁਦੇ ਖਾਲੀ ਹਨ। ਡੀਨ ਅਕਾਦਮਿਕ ਮਾਮਲੇ ਦੀ ਮਿਆਦ ਪੂਰੀ ਹੋ ਰਹੀ ਹੈ ਪਰ ਉਨ੍ਹਾਂ ਕੋਲ ਵਾਧੂ ਭਾਰ ਵਜੋਂ ਰਜਿਸਟਰਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਦੇ ਅਹੁਦੇ ਵੀ ਹਨ। ਮੌਜੂਦਾ ਵਾਈਸ ਚਾਂਸਲਰ ਨੇ ਨਵੇਂ ਵਾਈਸ ਚਾਂਸਲਰ ਦੀ ਭਰਤੀ ਤੱਕ ਰਹਿਣਾ ਹੈ ਪਰ ਇਸ ਨੇ ਨਿਯੁਕਤੀਆਂ ਇੱਕ ਸਾਲ ਲਈ ਕੀਤੀਆਂ ਹਨ। ਕੁੱਝ ਪ੍ਰੋਫੈਸਰਾਂ ਦੇ ਨਾਮ ਅਹੁਦਿਆਂ ਦੀ ਚਿੱਠੀਆਂ ਜਾਰੀ ਹੋਈਆਂ ਹਨ ਪਰ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੂੰ ‘ਅਹੁਦਾ ਦੇਣ ਤੋਂ ਪਹਿਲਾਂ ਪੁੱਛਿਆ ਨਹੀਂ ਗਿਆ’। ਬਾਜ਼ਾਰ ਗਰਮ ਹੈ ਕਿ ਇਨ੍ਹਾਂ ਦੀ ਨਜ਼ਰ ਕਿਸੇ ਹੋਰ ਅਹੁਦੇ ਉੱਤੇ ਸੀ ਪਰ ਮਿਲਿਆ ਉਮੀਦ ਨਾਲੋਂ ਛੋਟਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਜਿਨ੍ਹਾਂ ਨੂੰ ਆਸ ਤੋਂ ਵੱਡਾ ਅਹੁਦਾ ਮਿਲਿਆ ਹੈ, ਉਨ੍ਹਾਂ ਨੇ ਉਸੇ ਦਿਨ ਦਫ਼ਤਰਾਂ ਦੇ ਜਿੰਦੇ ਤੱਕ ਬਦਲ ਦਿੱਤੇ। ਯੂਨੀਵਰਸਿਟੀ ਦਾ ਕਲੰਡਰ ਦੱਸਦਾ ਹੈ ਕਿ ਕਿਹੜੇ ਅਹੁਦੇ ਲਈ ਕੀ ਯੋਗਤਾ ਦਰਕਾਰ ਹੈ ਪਰ ਫ਼ੈਸਲਾ ਧਿਰਬੰਦੀ ਅਤੇ ਘਰਾਣਿਆਂ ਨਾਲ ਹੋਣਾ ਹੈ। ਇਹ ਭੁਲੇਖਾ ਖਾਣ ਦੀ ਗ਼ਲਤੀ ਨਾ ਕਰਨਾ ਕਿ ਪਟਿਆਲਾ ਦੇ ਘਰਾਣਿਆਂ ਬਾਰੇ ਸਾਰੀ ਗੱਲਬਾਤ ਸੰਗੀਤ ਜਾਂ ਰਿਆਸਤੀ ਰਜਬਾੜਿਆਂ ਦੇ ਘਰਾਣਿਆਂ ਬਾਰੇ ਹੁੰਦੀ ਹੈ। ਇਸ ਗ਼ਲਤੀ ਕਰਨ ਦਾ ਮਤਲਬ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਕੁਨਬਾਪ੍ਰਸਤੀ ਦਾ ਬੋਝ ਬਾਦਲ ਪਰਿਵਾਰ ਉੱਤੇ ਪਾ ਦੇਣਾ। ਬਾਗ਼ੀ ਆਗੂ ਵੀ ਤਾਂ ਆਪਣੇ ਕੁਨਬੇ ਹੀ ਚੁੱਕੀ ਫਿਰਦੇ ਹਨ।
ਪੰਜਾਬੀ ਯੂਨੀਵਰਸਿਟੀ ਵਿੱਚ ਜਿੰਨੀਆਂ ਵੀ ਚਿੱਠੀਆਂ ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ਵਿੱਚੋਂ ਜਾਰੀ ਹੋਈਆਂ ਹਨ ਉਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਘਰਾਣਿਆਂ ਦੀ ਫਹਿਰਿਸਤ ਬਣਾਈ ਜਾ ਸਕਦੀ ਹੈ। ਡੀਨ ਵਿਦਿਆਰਥੀ ਭਲਾਈ ਦਾ ਅਹੁਦਾ ਉੱਪਲ ਪਰਿਵਾਰ ਨੂੰ ਮਿਲਿਆ ਹੈ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਰਾਬਤੇ ਵਾਲਾ ਅਹੁਦਾ ਲਹਿਲ ਪਰਿਵਾਰ ਨੂੰ ਮਿਲਿਆ ਹੈ। ਕੰਟਰੋਲਰ ਪ੍ਰਿਿਖਆਵਾਂ ਦਾਐ ਅਹੁਦਾ ਸਰਦਾਰਾਂ ਦੇ ਪਰਿਵਾਰ ਨੂੰ ਮਿਲਿਆ ਹੈ। ਅਧਿਆਪਕਾਂ ਨੂੰ ਯੂ.ਜੀ.ਸੀ. ਦੇ ਤਰੱਕੀਆਂ ਲਈ ਲੋੜੀਂਦੇ ਕੋਰਸ ਕਰਵਾਉਣ ਵਾਲੀ ਕੁਰਸੀ ਕਿਸੇ ਆਈ.ਏ.ਐੱਸ. ਪਰਿਵਾਰ ਦੇ ਰਿਸ਼ਤੇਦਾਰ ਨੂੰ ਮਿਲੀ ਹੈ। ਬਾਕੀ ਓਅਹੁਦੇ ਮੌਜੂਦਾ ਡੀਨ ਅਕਾਦਮਿਕ ਮਾਮਲੇ ਦੇ ਧੜੇ ਨੂੰ ਮਿਲੇ ਹਨ ਜਾਂ ਉਨ੍ਹਾਂ ਦੇ ਆਪਣੇ ਸੂਬੇ ਉੱਤਰ ਪ੍ਰਦੇਸ਼ ਤੋਂ ਆਏ ਬੰਦਿਆਂ ਦੇ ਹਿੱਸੇ ਆਏ ਹਨ।
ਇਸ ਵੇਲੇ ਇਹ ਬਾਜ਼ਾਰ ਗਰਮ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਫ਼ਿਰਕੀ ਕੌਣ ਘੁਮਾ ਰਿਹਾ ਹੈ। ਕੁਝ ਸਮਝਦੇ ਹਨ ਕਿ ਇਹ ਮੁੱਖ ਮੰਤਰੀ ਦਫ਼ਤਰ ਦੇ ਝਾੜੂਬਰਦਾਰ ਘੁਮਾ ਰਹੇ ਹਨ। ਇਹ ਪਤਾ ਨਹੀਂ ਲੱਗਿਆ ਕਿ ਮੁੱਖ ਮੰਤਰੀ ਆਪ ਇਸ ਫ਼ਿਰਕੀ ਤੋਂ ਕਿੰਨਾ ਜਾਣੂ ਹਨ। ਇਹ ਸਾਫ਼ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਘਰਾਣੇ ਗੁਲਦਸਤੇ ਲੈ ਕੇ ਸਰਕਾਰੀ/ਸਿਆਸੀ ਦਰਬਾਰ ਵਿੱਚ ਰਿਸ਼ਤਾ ਗੰਢਣ ਦੀਆਂ ਸਹੁੰਆਂ ਖਾ ਰਹੇ ਹਨ। ਨਾਲ ਉਨ੍ਹਾਂ ਨੂੰ ਸੰਸਾ ਖਾ ਰਿਹਾ ਹੈ ਕਿ ਉਹ ਦਿੱਤਾ ਅਹੁਦਾ ਕਬੂਲ ਕਰ ਲੈਣ ਜਾਂ ਉਮੀਦ ਮੁਤਾਬਕ ਉੱਚੇ ਅਹੁਦੇ ਦੀ ਆਸ ਰੱਖਣ। ਕੁਝ ਸਲਾਹ ਦਿੰਦੇ ਹਨ ਕਿ ਕਿਤੇ ਦਿੱਤਾ ਅਹੁਦਾ ਵੀ ਹੱਥੋਂ ਨਾ ਜਾਵੇ। ਇਹ ਬਹਿਸ ਨਾਲ ਹੀ ਤਾਂ ਪਤਾ ਲੱਗਦਾ ਹੈ ਕਿ ਘਰਾਣਿਆਂ ਅਤੇ ਧਿਰਬੰਦੀਆਂ ਦੀ ਸਿਆਸਤ ਕਰਨ ਵਾਲੇ ਸਿਆਸੀ ਆਗੂ ਕਿੱਥੋਂ ਪੜ੍ਹੇ ਹਨ। ਉਂਝ ਪੰਜਾਬੀ ਯੂਨੀਵਰਸਿਟੀ ਤਾਂ ਇਹ ਦਾਅਵਾ ਕਰਦੀ ਹੈ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸਮੇਤ ਤਕਰੀਬਨ ਇੱਕ ਦਰਜਣ ਵਿਧਾਇਕ ਇੱਥੋਂ ਪੜ੍ਹੇ ਹਨ। ਇਨ੍ਹਾਂ ਦੇ ਪੜ੍ਹਾਇਆ ਤੋਂ ਹੁਣ ਕੀ ਆਸ ਰੱਖੀਏ? ਪੰਜਾਬੀਆਂ ਦੀ ਆਸ ਤਾਂ ਅਦਾਰੇ ਨਾਲ ਵਿਿਦਿਆਰਥੀਆਂ ਅਤੇ ਵਿਿਦਅਕ ਮਿਆਰ ਰਾਹੀਂ ਹੀ ਜੁੜਦੀ ਹੈ। ਇਹ ਦੋਵੇਂ ਗੱਲਾਂ ਤਾਂ ਵਾਈਸ ਚਾਂਸਲਰ ਲਗਾਉਣ ਅਤੇ ਅੰਦਰਲੇ ਅਹੁਦਿਆਂ ਦੀ ਵੰਡ ਵਿੱਚੋਂ ਗ਼ੈਰ-ਹਾਜ਼ਰ ਹਨ। ਭਾਵੇਂ ਪਟਿਆਲਾ ਦਾ ਪੁਰਾਣਾ ਰਿਆਸਤੀ ਘਰਾਣਾ ਇਸ ਵੇਲੇ ਜ਼ਿਆਦਾ ਅਸਰ-ਰਸੂਖ਼ ਨਹੀਂ ਰੱਖਦਾ ਪਰ ਉਹ ਇਸ ਪੱਖੋਂ ਤਾਂ ਖ਼ੁਸ਼ ਹੋਣਗੇ ਕਿ ਉਨ੍ਹਾਂ ਦਾ ਰੰਗ ਯੂਨੀਵਰਸਿਟੀ ਰਾਹੀਂ ਪੰਜਾਬ ਅਤੇ ਸਰਕਾਰ ਰਾਹੀਂ ਅਦਾਰਿਆਂ ਨੂੰ ਖ਼ੂਬ ਚੜ੍ਹਿਆ ਹੈ। ਦਲਿਤ ਵਿਦਿਆਰਥੀਆਂ ਦੀ ਇਸ ਯੂਨੀਵਰਸਿਟੀ ਨੂੰ ਕੁੱਝ ਕੁ ਘਰਾਣੇ ਗੁੜ ਦੀ ਬੋਰੀ ਨੂੰ ਚਿੰਬੜੇ ਕੀੜੇ ਮਕੌੜੇ ਹੀ ਨਹੀਂ ਸਗੋਂ ਸਰਾਲਾਂ ਹਨ , ਜਿਹੜੇ ਸਾਹ ਬੰਦ ਕਰਨ ਦੀ ਤਾਕਤ ਰੱਖਦੇ ਹਨ। ਬੋਰੀ ਚਿੰਬੜੇ ਇਹਨਾਂ ਮਹਾਂ ਵਿਦਵਾਨਾਂ ਅਗਲੇ ਦਿਨਾਂ ਵਿੱਚ ਚਰਚਾ ਕਰਦੇ ਹਾਂ।

ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਪੁਸਤਕ “ਰਤੇ ਇਸਕ ਖੁਦਾਇ” ਲੋਕ ਅਰਪਣ
Next articleਬੁੱਧ ਬਾਣ