ਇਲਜ਼ਾਮ

ਦੀਪ ਸੰਧੂ
 (ਸਮਾਜ ਵੀਕਲੀ)
ਚੰਦ ਕੁ ਤੇਰੇ ਨਾਮ ਕਈ ਇਲਜ਼ਾਮ ਮੇਰੇ ਨਾਮ ਤੇ
ਲੈ ਆਫ਼ਤਾਬ ਹੋ ਗਿਆ ਕੁਰਬਾਨ ਤੇਰੀ ਸ਼ਾਮ ਤੇ
ਲਹਿੰਦੇ ਵੱਲ ਹੋ ਤੁਰੀ ਵਿਲੀਨ ਕਿਰਨ ਸੁੰਘੜ੍ਹਦੀ
ਸੱਜ- ਧੱਜ ਬਰਾਤ ਆਈ ਧਰਤ ਮੇਜਬਾਨ ਤੇ
ਵਾਜ਼ ਨਾ ਦੇਵੀਂ ਅਸਾਂਨੂੰ ਨਾ ਗਿਲਾ-ਸ਼ਿਕਵਾ ਕਰੀਂ
ਤਮਾਮ ਉਮਰ ਭਟਕਦਾ ਆਇਆ ਹਾਂ ਇਸ ਮੁਕਾਮ ਤੇ
ਤੈਨੂੰ ਮਣਸਦਾ, ਪੂਜਦਾ ਬੇਦਾਗ਼ ਦਾਗੀ ਹੋ ਗਿਆ
ਇਬਾਦਤ ਨਾ-ਮਨਜ਼ੂਰ ਏ ਮੌਲਾ ਵੇ ਤੇਰੇ ਧਾਮ ਤੇ
ਦਮਨਕਾਰੀ ਦਮਨ ਦੀ ਹਰ ਹੱਦ ਸਰ ਕਰ ਗਿਆ
ਸਰਪ੍ਰਸਤ ਚੁੱਪ ਰਿਹਾ ਇਨਸਾਨੀਅਤ ਦੇ ਘਾਣ ਤੇ
ਘੇਰ ਕੇ ਬੈਠੇ ਹੋ, ਸਭ, ਘਰ, ਨਾਮ ਪਤਾ ਕਰੀਮ ਦਾ
ਬਖਸ਼ ਦਿਓ, ਤਰਸ ਕਰੋ, ਤਮਾਸ਼ਬੀਨੋ ਰਹਿਮਾਨ ਤੇ
ਜਾਮ ਮਗਰੋਂ ਜਾਮ ਸ਼ਰੇਆਮ ਛਲਕਦਾ ਰਿਹਾ
ਹੰਝੂ ਸੁਕੜ ਮਰ-ਮੁਕ ਗਏ ਮੁਹੱਬਤਾਂ ਦੇ ਨਾਮ ਤੇ

ਰੌਲਾ 

ਦਿਲ-ਦਿਮਾਗ ਦਿਮਾਗ-ਦਿਲੇ ਦਾ ਰੌਲਾ ਹੋਇਆ
ਗਿਆ ਤੇ ਕੁਝ ਨਹੀਂ ਮੈਂ ਹੀ ਕੱਖੋਂ ਹੌਲਾ ਹੋਇਆ
ਉਲਝ ਗਿਆ ਹਾਂ ਗਹਿਰਾ ਤਾਣੇ – ਬਾਣੇ ਅੰਦਰ
ਸਾਫ਼ ਨਕਸ਼ ਵੀ ਜਾਪੇ ਝਾਉਲਾ-ਝਾਉਲਾ ਹੋਇਆ
ਬੇ-ਅਦਬ ਨਹੀਂ, ਤੁਰਿਆ ਹਾਂ ਮਰਿਆਦਾ ਦ੍ਰਿੜ੍ਹ ਦਾ
ਮਾਸਾ – ਤੋਲਾ ਹੁੰਦਿਆਂ ਟਾਲ-ਮਟੌਲਾ ਹੋਇਆ
ਬੋਟੀ ਦੀ ਮੁਰਾਦ ਭਾਲ਼ਦਾ ਇੱਲ ਦੇ ਆਲ੍ਹਣਿਓਂ
ਤਹਿਸ ਨਹਿਸ ਆਸ਼ਿਆਨਾ ਬਾਵਰੋਲਾ ਹੋਇਆ
ਦੀਪ ਸੰਧੂ 
+61 459 966 392
Previous articleਸੁਲਤਾਨਪੁਰ ਵਿਖੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ
Next articleਡਾਰ ਚਿੜੀਆਂ ਦੀ