ਪੁਲਿਸ ਕਮਿਸ਼ਨਰ ਦਫਤਰ ਸਾਹਮਣੇ ਬਸਪਾ ਦਾ ਪ੍ਰਦਰਸ਼ਨ, ਹਮਲਾਵਰ ਖਿਲਾਫ ਕਾਰਵਾਈ ਦੀ ਮੰਗ

ਥਾਣੇ ’ਚ ਦਾਤ ਲੈ ਕੇ ਹਮਲਾ ਕਰਨ ਵਾਲੇ ’ਤੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਬਸਪਾ ਵਰਕਰਾਂ ਵਿੱਚ ਭਾਰੀ ਰੋਸ

ਬਸਪਾ ਵਰਕਰਾਂ ਨੇ ਸੂਬੇ ਦੀ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਦਫਤਰ ਸਾਹਮਣੇ ਸਵੇਰੇ 10 ਵਜੇ ਤੋਂ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬਸਪਾ ਆਗੂਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁਝ ਕੁ ਬੰਦਿਆਂ ਵੱਲੋਂ ਬਸਪਾ ਦੀ ਰਾਸ਼ਟਰੀ ਤੇ ਸੂਬਾਈ ਲੀਡਰਸ਼ਿਪ ਖਿਲਾਫ ਲਗਾਤਾਰ ਸੋਸ਼ਲ ਮੀਡੀਆ ’ਤੇ ਅਪਸ਼ਬਦ ਬੋਲੇ ਜਾ ਰਹੇ ਹਨ, ਪਰ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਵਿੱਚੋਂ ਹੀ ਇੱਕ ਦੋਸ਼ੀ ਨੇ ਬੀਤੀ ਰਾਤ ਇੱਕ ਬਸਪਾ ਸਮਰਥਕ ਰਵੀ ਵਿਰਦੀ ’ਤੇ ਦਾਤ ਨਾਲ ਹਮਲੇ ਦੀ ਕੋਸ਼ਿਸ਼ ਕੀਤੀ। ਜਦੋਂ ਬਸਪਾ ਵਰਕਰ ਆਪਣੀ ਜਾਨ ਬਚਾਉਣ ਲਈ ਥਾਣਾ ਮਕਸੂਦਾਂ ਵਿੱਚ ਵੜਿਆ ਤਾਂ ਉਕਤ ਹਮਲਾਵਰ ਦਾਤ ਲੈ ਕੇ ਥਾਣੇ ਵਿੱਚ ਵੀ ਪਹੁੰਚ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਸਪਾ ਦੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਪਰਮਜੀਤ ਮੱਲ, ਸੀਨੀਅਰ ਆਗੂ ਜਗਦੀਸ਼ ਦੀਸ਼ਾ ਨੇ ਕਿਹਾ ਕਿ ਕੁਝ ਕੁ ਬੰਦਿਆਂ ਵੱਲੋਂ ਸਰਕਾਰੀ ਸ਼ਹਿ ’ਤੇ ਬਸਪਾ ਦੀ ਰਾਸ਼ਟਰੀ ਤੇ ਸੂਬਾਈ ਲੀਡਰਸ਼ਿਪ ਖਿਲਾਫ ਲਗਾਤਾਰ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਪਾਰਟੀ ਆਗੂਆਂ ਵੱਲੋਂ ਪਿਛਲੇ ਕਰੀਬ ਇੱਕ ਸਾਲ ਤੋਂ ਕਈ ਵਾਰ ਜਲੰਧਰ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਉਕਤ ਦੋਸ਼ੀਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਬੀਤੀ ਬੁੱਧਵਾਰ ਰਾਤ ਨੂੰ ਉਕਤ ਦੋਸ਼ੀਆਂ ਵਿੱਚੋਂ ਇੱਕ ਰਜਿੰਦਰ ਰਾਣਾ ਨੇ ਮਕਸੂਦਾਂ ਵਿਖੇ ਬਸਪਾ ਸਮਰਥਕ ਰਵੀ ਵਿਰਦੀ ਨੂੰ ਘੇਰ ਲਿਆ ਅਤੇ ਦਾਤ ਲੈ ਕੇ ਉਸਦੇ ਪਿੱਛੇ ਭੱਜਿਆ। ਜਦੋਂ ਰਵੀ ਵਿਰਦੀ ਆਪਣੀ ਜਾਨ ਬਚਾਉਣ ਲਈ ਲਾਗੇ ਹੀ ਪੈਂਦੇ ਥਾਣਾ ਮਕਸੂਦਾਂ ਵਿੱਚ ਵੜਿਆ ਤਾਂ ਉਕਤ ਦੋਸ਼ੀ ਰਜਿੰਦਰ ਰਾਣਾ ਦਾਤ ਲੈ ਕੇ ਥਾਣੇ ਅੰਦਰ ਵੀ ਵੜ ਗਿਆ। ਇਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਸਨੂੰ ਥਾਣੇ ਅੰਦਰ ਵੀ ਪੁਲਿਸ ਦਾ ਕੋਈ ਖੌਫ ਨਹੀਂ ਸੀ। ਥਾਣਾ ਮਕਸੂਦਾਂ ਦੀ ਪੁਲਿਸ ਨੇ ਉਸ ਤੋਂ ਦਾਤ ਤਾਂ ਫੜ ਲਿਆ, ਪਰ ਪੁਲਿਸ ਨੇ ਢਿਲਾਈ ਵਰਤਦਿਆਂ ਰਜਿੰਦਰ ਰਾਣਾ ਨੂੰ ਉਥੋਂ ਭੇਜ ਦਿੱਤਾ। ਰਵੀ ਵਿਰਦੀ ਵੱਲੋਂ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ ਇੱਕ ਵਿੱਚ ਕੀਤੀ ਗਈ, ਤਾਂ ਉਥੇ ਦੀ ਪੁਲਿਸ ਨੇ ਵੀ ਕਾਰਵਾਈ ਕਰਨ ਤੋਂ ਆਨਾਕਾਨੀ ਕੀਤੀ। ਥਾਣਾ ਇੱਕ ਦੀ ਪੁਲਿਸ ਨੇ ਥਾਣਾ ਮਕਸੂਦਾਂ ਦੀ ਪੁਲਿਸ ਤੋਂ ਉਕਤ ਦੋਸ਼ੀ ਵੱਲੋਂ ਹਮਲੇ ਲਈ ਵਰਤਿਆ ਦਾਤ ਤਾਂ ਬਰਾਮਦ ਕਰ ਲਿਆ ਹੈ, ਪਰ ਦੋਸ਼ੀ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਇਸੇ ਮਾਮਲੇ ਨੂੰ ਲੈ ਕੇ ਬਸਪਾ ਵੱਲੋਂ ਵੀਰਵਾਰ ਸਵੇਰੇ 10 ਵਜੇ ਤੋਂ ਰਾਤ ਤੱਕ ਪੁਲਿਸ ਕਮਿਸ਼ਨਰ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਬਸਪਾ ਦੇ ਜਲੰਧਰ ਸ਼ਹਿਰੀ ਪ੍ਰਧਾਨ ਬਲਵਿੰਦਰ ਰਲ੍ਹ ਤੇ ਜਲੰਧਰ ਨੋਰਥ ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਪੁਲਿਸ ਨੇ ਬਸਪਾ ਲੀਡਰਸ਼ਿਪ ਖਿਲਾਫ ਅਪਸ਼ਬਦ ਬੋਲਣ ਤੇ ਹਮਲਾ ਕਰਨ ਵਾਲਿਆਂ ਖਿਲਾਫ ਬਣਦੀ ਸਖਤ ਕਾਰਵਾਈ ਨਾ ਕੀਤੀ ਤਾਂ ਬਸਪਾ ਵੱਲੋਂ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਤੇ ਇਸ ਧਰਨੇ ਨੂੰ ਸੰਬੋਧਿਤ ਕੀਤਾ।
ਇਸ ਦੌਰਾਨ ਸੀਨੀਅਰ ਬਸਪਾ ਆਗੂ ਸੁਖਵਿੰਦਰ ਬਿੱਟੂ, ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ ਬੱਲ, ਹਰਮੇਸ਼ ਖੁਰਲਾ ਕਿੰਗਰਾ, ਗਿਆਨ ਚੰਦ, ਪ੍ਰਭਜਿੰਦਰ ਸਿੰਘ ਪੱਤੜ, ਕਮਲਦੀਪ ਬਾਦਸ਼ਾਹਪੁਰ, ਹਰਜਿੰਦਰ ਬਿੱਲਾ ਮਹਿਮਦਪੁਰ, ਜਸਵੀਰ ਪੰਡੋਰੀ, ਪਰਮਜੀਤ ਮੰਨਣ, ਹਰੀਸ਼ ਮੰਨਣ, ਰਣਜੀਤ ਸਿੰਘ ਸਰਹਾਲੀ, ਹਰਜਿੰਦਰ ਪਾਲ ਬੰਗਾ, ਖੁਸ਼ੀ ਰਾਮ ਸਰਪੰਚ, ਪਾਲੀ ਹੁਸੈਨਪੁਰ, ਟੀਟੂ ਰੰਧਾਵਾ, ਸ਼ਾਮ ਕਟਾਰੀਆ, ਤਰਸੇਮ ਲਾਲ, ਨਰਿੰਦਰ ਬਿੱਟੂ, ਅਮਨਦੀਪ ਨਵਾਂ ਪਿੰਡ ਨੈਚਾ ਆਦਿ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੁੱਧ ਚਿੰਤਨ
Next articleपुलिस कमिश्नर दफ्तर के सामने बसपा का प्रदर्शन, हमलावर के खिलाफ कार्रवाई की मांग