ਆਪਣਾ ਸੁਭਾਅ ਖੁਸ਼ਮਿਜ਼ਾਜ਼ ਬਣਾਈਏ

ਸੰਜੀਵ ਸਿੰਘ ਸੈਣੀ
ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ) ਖੂਬਸੂਰਤ ਜ਼ਿੰਦਗੀ ਦਾ ਸਾਰੇ ਹੀ ਇਨਸਾਨ ਆਪੋ ਆਪਣੇ ਤਰੀਕੇ  ਨਾਲ ਆਨੰਦ ਲੈਂਦੇ ਹਨ। ਹੱਸਮੁੱਖ ਚਿਹਰੇ ਨੂੰ ਹਰ ਇਨਸਾਨ ਪਸੰਦ ਕਰਦਾ ਹੈ। ਅਸੀਂ ਦੇਖਦੇ ਹੀ ਹਾਂ ਕਿ ਕਈ ਇਨਸਾਨ ਸਾਨੂੰ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਮਿਲਦੇ ਹਨ । ਅਜਿਹੇ ਇਨਸਾਨ ਮਿਲਦੇ ਹੀ ਇੰਨੇ ਵਧੀਆ ਤਰੀਕੇ ਨਾਲ ਕਿ ਸਾਹਮਣੇ ਵਾਲੇ ਦੀ ਰੂਹ ਵੀ ਖੁਸ਼ ਹੋ ਜਾਂਦੀ ਹੈ। ਉਹਨਾਂ ਦੇ ਚਿਹਰੇ ਤੇ ਜੋ ਖੁਸ਼ੀ ਹੁੰਦੀ ਹੈ ਉਹ ਸਾਡੀ ਜਿੰਦਗੀ ਵਿੱਚ ਸਾਨੂੰ ਹਮੇਸ਼ਾ ਹੀ ਪ੍ਰੇਰਣਾ ਦਿੰਦੀ ਰਹਿੰਦੀ ਹੈ ਕਿ ਉਹ ਇਨਸਾਨ ਜੋ ਸਾਨੂੰ ਮਿਲਿਆ ਸੀ  ਉਸਦਾ ਹੱਸਮੁਖ ਸੁਭਾਅ ਸੀ। ਕਈ ਵਾਰ ਅਜਿਹੇ ਇਨਸਾਨ ਦੀ ਸਾਨੂੰ ਮਿਲਣ ਲਈ ਬਾਰ ਬਾਰ ਤਾਂਘ ਬਣੀ ਰਹਿੰਦੀ ਹੈ।

    ਚਿੰਤਾਵਾਂ ਨਾਲ ਅੱਜ ਦਾ ਇਨਸਾਨ ਘਿਰਿਆ ਹੋਇਆ ਹੈ। ਕਿਸੇ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੈ ।ਕਿਸੇ ਨੂੰ ਬੱਚਿਆਂ ਦੇ ਵਧੀਆ ਭਵਿੱਖ ਦੀ ਚਿੰਤਾ ਹੈ। ਕਿਸੇ ਨੂੰ ਪੈਸੇ ਦੀ ਚਿੰਤਾ ਹੈ। ਅਜੋਕਾ ਇਨਸਾਨ  ਵਰਤਮਾਨ ਵਿੱਚ ਰਹਿਣਾ ਭੁੱਲ ਗਿਆ ਹੈ। ਚਿੰਤਾਵਾਂ ਕਰਕੇ ਸਾਰਾ ਦਿਨ ਉਹ ਆਪਣਾ ਖ਼ਰਾਬ ਕਰ ਰਿਹਾ ਹੈ ।ਜਿੰਦਗੀ ਨੂੰ ਸਿਰਫ਼ ਕੱਟਦਾ ਹੀ ਹੈ ,ਹੱਸ ਖੇਡ ਕੇ ਬਸਰ ਨਹੀਂ ਕਰਦਾ।ਕਈ ਅਜਿਹੇ ਇਨਸਾਨ ਹੁੰਦੇ ਹਨ, ਜਿਨਾਂ ਦਾ ਚਿਹਰਾ ਹਮੇਸ਼ਾ ਹੀ ਹਾਸੇ ਨਾਲ ਭਰਿਆ ਰਹਿੰਦਾ ਹੈ ,ਉਹਨਾਂ ਦੇ ਚਿਹਰੇ ਤੇ ਹਮੇਸ਼ਾ ਰੌਣਕ ਰਹਿੰਦੀ ਹੈ। ਉਹਨਾਂ ਦੀ ਛੋਟੀ ਜਿਹੀ ਮੁਸਕਾਨ ਦੂਜਿਆਂ ਦੇ ਚਿਹਰੇ ਤੇ ਰੌਣਕ ਲਿਆ ਦਿੰਦੀ ਹੈ। ਉਦਾਸ ਚਿਹਰਾ ਜਦੋਂ ਅਜਿਹੀ ਰੂਹ ਨੂੰ ਮਿਲਦਾ ਹੈ ਤਾਂ ਉਸਦੇ ਚਿਹਰੇ ਤੇ ਵੀ ਖੁਸ਼ੀ ਆ ਜਾਂਦੀ ਹੈ ।ਉਸਦਾ ਫਿਰ ਆਪਣਾ ਦੁੱਖ ਵੀ ਭੁੱਲ ਜਾਂਦਾ ਹੈ। ਹੱਸਮੁੱਖ ਲੋਕ ਹਮੇਸ਼ਾ ਜ਼ਿੰਦਗੀ ਦਾ ਲੁਤਫ਼ ਉਠਾਉਂਦੇ ਰਹਿੰਦੇ ਹਨ। ਜਦੋਂ ਕੋਈ ਇਨਸਾਨ ਹੱਸਮੁੱਖ ਚਿਹਰੇ ਕੋਲ ਦੀ ਲੰਘ ਰਿਹਾ ਹੁੰਦਾ ਹੈ, ਚਾਹੇ ਉਸ ਕੋਲ ਸਮਾਂ ਵੀ ਘੱਟ ਹੋਵੇ ਉਸ ਇਨਸਾਨ ਨੂੰ ਜਰੂਰ ਮਿਲਦਾ ਹੈ। ਚਾਰ ਬੰਦਿਆਂ ਵਿੱਚ ਉਸਦੀ ਸਿਫਤਾਂ ਵੀ ਕਰਦਾ ਹੈ ਕਿ ਯਾਰ ਫਲਾਣਾ ਇਨਸਾਨ ਤਾਂ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ।ਦੇਖੋ ਪਰੇਸ਼ਾਨੀਆਂ ਤਾਂ ਸਭ ਦੀ ਜ਼ਿੰਦਗੀ ਵਿੱਚ ਹਨ ।ਅਸੀਂ ਕਿਸ ਤਰਾਂ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੈ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਜਿੰਨਾ ਚਿਰ ਜਿੰਦਗੀ ਹੈ ਦੁੱਖ- ਸੁੱਖ ਆਉਂਦੇ ਜਾਂਦੇ ਰਹਿਣੇ ਹਨ। ਹਮੇਸ਼ਾ ਸਥਾਈ ਦੁੱਖ ਨੇ ਵੀ ਨਹੀਂ ਰਹਿਣਾ ਹੈ। ਹਮੇਸ਼ਾ ਖੁਸ਼ ਰਹਿਣ ਵਾਲਾ ਬੰਦਾ  ਨਾਂਹ ਪੱਖੀ ਵਿਚਾਰਾਂ ਤੋਂ ਦੂਰ ਰਹਿੰਦਾ ਹੈ। ਨਕਾਰਾਤਮਕ ਵਿਚਾਰ ਕਦੇ ਵੀ ਅਜਿਹੇ ਇਨਸਾਨ ਦੇ ਦਿਮਾਗ ਵਿੱਚ ਨਹੀਂ ਆਉਂਦੇ। ਸਰਕਰਾਤਮਕ ਸੋਚ ਨਾਲ ਆਪਣੀ ਮੰਜ਼ਿਲ ਵੱਲ ਵੱਧਦਾ ਰਹਿੰਦਾ ਹੈ।
ਅਜਿਹਾ ਕੋਈ ਇਨਸਾਨ ਨਹੀਂ ਜਿਸ ਦੀ ਜ਼ਿੰਦਗੀ ਵਿੱਚ ਕਦੇ ਵੀ ਉਤਾਰ ਚੜਾਅ ਨਾ ਆਏ ਹੋਣ। ਅਜਿਹੇ ਇਨਸਾਨ ਸਹਿਜ, ਸਬਰ, ਸਹਿਨਸ਼ੀਲਤਾ ਨਾਲ ਆਪਣਾ ਦੁੱਖ ਕੱਟਦੇ ਹਨ। ਜੋ ਇਨਸਾਨ ਹੱਸਮੁੱਖ ਚਿਹਰੇ ਵਾਲਿਆਂ ਦੇ ਨਾਲ ਰਹਿੰਦੇ ਹਨ,ਉਹ ਇਨਸਾਨ ਵੀ ਫਿਰ ਦੁੱਖਾਂ ਨੂੰ ਕੁਝ ਸਮਝਦੇ ਹੀ ਨਹੀਂ ਹਨ। ਹਰ ਵਕ਼ਤ ਚਿਹਰੇ ਤੇ ਚਿੰਤਾ ਹੋਣ ਕਾਰਨ ਉਸ ਇਨਸਾਨ ਨੂੰ ਚਾਹੇ ਦੁਨੀਆਂ ਦੀ ਕਿੰਨੀ ਵੀ ਖੁਸ਼ੀਆਂ ਕਿਉਂ ਨਾ ਮਿਲ ਜਾਣ ਉਹ ਕਦੇ ਵੀ ਅੰਦਰੋਂ ਖੁਸ਼ ਨਹੀਂ ਰਹਿ ਸਕਦਾ। ਹੱਸ ਮੁੱਖ ਚਿਹਰਾ ਆਪਣੀ ਖੁਸ਼ਬੂ ਨਾਲ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਵੀ ਮਹਿਕਾ ਦਿੰਦਾ ਹੈ। ਪਾਰਕਾਂ ਵਿੱਚ ਦੇਖਦੇ ਹਾਂ ਕਿ ਜੋ ਗੁਲਾਬ ਦਾ ਫੁੱਲ ਖਿਲਿਆ ਹੁੰਦਾ ਹੈ ਉਸ ਦੀ ਖੁਸ਼ਬੂ ਨਾਲ ਸਾਰਾ ਵਾਤਾਵਰਣ ਮਹਿਕ ਉੱਠਦਾ ਹੈ। ਵਾਤਾਵਰਣ ਵਿੱਚ ਬਹੁਤ ਚੰਗੀ ਖੁਸ਼ਬੂ ਹੁੰਦੀ ਹੈ। ਹਰ ਇਨਸਾਨ ਫ਼ਿਰ ਅਜਿਹੀ ਖੁਸ਼ਬੂ ਦਾ ਲੁਤਫ਼ ਜਰੂਰ ਉਠਾਉਂਦਾ ਹੈ। ਉਦਾਸ ਰਹਿਣ ਵਾਲੇ  ਇਨਸਾਨ ਦਾ ਜੀਵਨ ਹੋਰ ਮੁਸ਼ਕਿਲਾਂ ਭਰਿਆ ਹੋ ਜਾਂਦਾ ਹੈ ।ਉਸਦੇ ਸੁਭਾਅ ਵਿੱਚ ਚਿੜਚਣਾਪਨ ਬਹੁਤ ਜਿਆਦਾ ਆ ਜਾਂਦਾ ਹੈ। ਉਸ ਨੂੰ ਕਿਸੇ ਨਾਲ ਵੀ ਗੱਲ ਕਰਨਾ ਚੰਗਾ ਨਹੀਂ ਲੱਗਦਾ ਹੈ। ਜੇ ਇਨਸਾਨ ਕੋਈ ਉਸ ਨਾਲ ਗੱਲ ਕਰਦਾ ਹੈ ਤਾਂ ਕਈ ਵਾਰ ਤਾਂ ਅਜਿਹਾ ਇਨਸਾਨ ਲੜਾਈ ਝਗੜਾ ਕਰਨ ਤੇ ਵੀ ਉਤਰ ਆਉਂਦਾ ਹੈ। ਅਜਿਹੇ ਇਨਸਾਨ ਦਾ ਪਰਿਵਾਰ ਵਿੱਚ ਸਤਿਕਾਰ ਘੱਟ ਜਾਂਦਾ ਹੈ ,ਕਿਉਂਕਿ ਅਜਿਹੇ ਇਨਸਾਨ ਰਿਸ਼ਤਿਆਂ ਦੀ ਕਦਰ ਕਰਨੀ ਭੁੱਲ ਜਾਂਦਾ ਹੈ।
ਦੇਖੋ ਚਿਹਰੇ ਦੀ ਸੁੰਦਰਤਾ ਤਾਂ ਇੱਕ ਦਿਨ ਉਮਰ ਦੇ ਨਾਲ ਢਲਦੀ ਹੀ ਰਹਿੰਦੀ ਹੈ। ਪਰ ਜੋ ਬੰਦੇ ਦਾ ਸੁਭਾਅ ਹੁੰਦਾ ਹੈ ਉਹ ਹਮੇਸ਼ਾ ਹੀ ਦੂਜਿਆਂ ਨੂੰ ਆਪਣੀ ਤਰਫ਼ ਆਕਰਸ਼ਿਤ ਕਰਦਾ ਹੈ ।ਸੁਭਾਅ ਬਦਲਣਾ ਬਹੁਤ ਜਰੂਰੀ ਹੁੰਦਾ ਹੈ। ਉਦਾਸ ਰਹਿਣ ਵਾਲੇ ਇਨਸਾਨ ਦਾ ਜਦੋਂ ਮੁਸੀਬਤਾਂ ਨਾਲ ਟਾਕਰਾ ਹੁੰਦਾ ਹੈ ਤਾਂ ਉਹ ਪਹਿਲਾਂ ਹੀ ਢਹਿ ਢੇਰੀ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ। ਚਿਹਰੇ ਤੇ ਹਮੇਸ਼ਾ ਉਦਾਸੀ ਰਹਿਣ ਕਰਕੇ ਅਜਿਹੇ ਇਨਸਾਨ ਦਾ ਸਕੇ ਸਬੰਧੀ ਰਿਸ਼ਤੇਦਾਰ ਵੀ ਸਾਥ ਦੇਣਾ ਛੱਡ ਦਿੰਦੇ ਹਨ। ਜੋ ਅੱਜ ਕੱਲ ਦਾ ਜਮਾਨਾ ਹੈ ਇਸ ਵਿੱਚ ਤਾਂ ਜੇ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਤਾਂ ਹੀ ਲੋਕ ਤੁਹਾਨੂੰ ਰਾਮ ਸਲਾਮ ਕਰਦੇ ਹਨ ਨਹੀਂ ਤਾਂ ਅਕਸਰ ਕਹਿੰਦੇ ਹਨ ਕਿ ਯਾਰ ਇਹ ਤਾਂ ਇਨਸਾਨ ਹਰ ਵੇਲੇ ਰੋਂਦਾ ਹੀ ਰਹਿੰਦਾ ਹੈ। ਇਸ ਨਾਲ ਤਾਂ ਕੀ ਗੱਲ ਕਰਨੀ ਹੈ।
ਖੁਸ਼ ਮਿਜਾਜ਼ ਚਿਹਰਾ ਹਮੇਸ਼ਾ ਦੂਜਿਆਂ ਦੇ ਦਿਲ ਵਿੱਚ ਆਪਣੀ ਵਧੀਆ ਥਾਂ ਬਣਾ ਲੈਂਦਾ ਹੈ। ਹਮੇਸ਼ਾ ਸਕਾਰਾਤਮਕ ਸੋਚ ਸਬਰ, ਸਹਿਣਸ਼ੀਲਤਾ ਨਾਲ ਹੀ ਮੁਸੀਬਤਾਂ ਦਾ ਟਾਕਰਾ ਕਰੋ ,ਜਿੰਨਾ ਵੀ ਹੋ ਸਕੇ ਲੋੜਵੰਦਾਂ ਦੀ ਮਦਦ ਕਰੋ ਜੋ ਇਨਸਾਨ ਤੁਹਾਡੀ ਮਾੜੇ ਸਮੇਂ ਵਿੱਚ ਮਦਦ ਕਰਦਾ ਹੈ ਉਸ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੋ। ਜਿੰਦਗੀ ਦਾ ਪੈਂਡਾ ਤੈਅ ਕਰਦੇ ਹੋਏ ਹਮੇਸ਼ਾ ਆਪਣੇ ਆਪ ਨੂੰ ਵੀ ਖੁਸ਼ ਰੱਖੀਏ। ਆਲਾ ਦੁਆਲਾ ਆਪਣੇ ਆਪ ਮਹਿਕ ਜਾਏਗਾ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਡੀਆ ਬੁੱਕ ਵਰਲਡ’ ਵੱਲੋਂ ਨਵੀਂ ਲੋਕੇਸ਼ਨ ਖੋਲ੍ਹੀ ਗਈ, ਮੰਤਰੀ ਰਵੀ ਕਾਹਲੋਂ ਨੇ ਨਿਭਾਈ ਉਦਘਾਟਨ ਦੀ ਰਸਮ
Next articleਬੁੱਧ ਚਿੰਤਨ