ਲਾਹੌਰੀ ਰਾਮ ਬਾਲੀ ਦੀ ਸ਼ਰਧਾਂਜਲੀ ਸਭਾ ਅੰਬੇਡਕਰ ਭਵਨ ‘ਚ ਹੋਈ

ਬਾਲੀ ਸਮਾਜਿਕ ਨਿਆਂ ਲਈ ਜ਼ਿੰਦਗੀ ਭਰ ਸੰਘਰਸ਼ ਕਰਨ ਵਾਲਾ ਮਹਾਨ ਯੋਧਾ : ਡਾ. ਅਜਨਾਤ

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਅੰਬੇਡਕਰ ਭਵਨ ਟਰੱਸਟ  (ਰਜਿ.),  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਪੰਜਾਬ ਯੂਨਿਟ ਵੱਲੋਂ ਅੰਬੇਡਕਰੀ ਵਿਚਾਰਧਾਰਾ ਅਤੇ ਅੰਦੋਲਨ ਦੇ ਨਿਧੜਕ, ਜੁਝਾਰੂ ਅਤੇ ਸਿਰਮੌਰ ਚਿੰਤਕ, ਉਘੇ ਲੇਖਕ, ਮਹਾਨ ਬੋਧੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ  ਨਾਮ ਬਾਲੀ ਜੀ ਦੀ ਨਿੱਘੀ  ਯਾਦ ਨੂੰ ਸਮਰਪਿਤ ਪਹਿਲੀ ਸ਼ਰਧਾਂਜਲੀ ਸਭਾ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਆਯੋਜਿਤ ਕੀਤੀ ਗਈ। ਯਾਦ ਰਹੇ ਕਿ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੀਆਂ ਦਰਜਨਾਂ ਪੁਸਤਕਾਂ ਦੇ ਲੇਖਕ ਸ੍ਰੀ ਬਾਲੀ ਜੀ 6 ਜੁਲਾਈ 2023 ਨੂੰ 93 ਸਾਲ ਦੀ ਆਯੂ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ। ਇਸ ਸ਼ਰਧਾਂਜਲੀ ਸਮਾਰੋਹ ਦੀ ਸ਼ੁਰੂਆਤ ਬੁੱਧ ਬੰਦਨਾ ਅਤੇ ਤ੍ਰਿਸ਼ਣ ਦੇ ਪਾਠ ਦੁਆਰਾ ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਦੇ ਸਤਿਕਾਰਤ ਭੰਤੇ  ਪ੍ਰਗਿਆ ਬੋਧੀ ਜੀ ਦੇ ਪ੍ਰਵਚਨਾ ਦੁਆਰਾ ਹੋਈ। ਉਨ੍ਹਾਂ ਨੇ ਤਥਾਗਤ ਬੁੱਧ ਦੀ ਲੋਕ ਕਲਿਆਣਕਾਰੀ, ਤਰਕਸ਼ੀਲ, ਕਰੁਣਾਮਈ ਅਤੇ ਮਾਨਵਵਾਦੀ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਬਾਲੀ ਸਾਹਿਬ ਨੂੰ ਦੁਖੀ ਅਤੇ ਪੀੜਿਤ ਮਨੁੱਖਤਾ ਲਈ ਜ਼ਿੰਦਗੀ ਭਰ ਸੰਘਰਸ਼ ਕਰਨ ਵਾਲਾ ਮਹਾਨ ਮਨੁੱਖ ਦੱਸਿਆ। ਉੱਘੇ ਬੁੱਧੀਜੀਵੀ, ਬੁੱਧਿਸਟ ਅਤੇ ਅੰਬੇਡਕਰੀ ਵਿਚਾਰਧਾਰਾ ਦੇ ਪ੍ਰਮੁੱਖ ਵਿਦਵਾਨ ਡਾ. ਸੁਰਿੰਦਰ ਅਜਨਾਤ ਨੇ ਬਾਲੀ ਸਾਹਿਬ ਨਾਲ ਲਗਭਗ 55 ਸਾਲ ਤੋਂ ਅੰਬੇਡਕਰ ਅੰਦੋਲਨ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨਾਂ ਨੂੰ ਸਮਾਜਿਕ ਨਿਆਂ ਲਈ ਨਿਰੰਤਰ ਜੱਦੋ ਜਹਿਦ ਕਰਨ ਵਾਲਾ ਨਿੱਡਰ  ਯੋਧਾ ਕਿਹਾ । ਡਾ. ਅਜਨਾਤ ਨੇ ਕਿਹਾ ਕਿ ਉਹ ਬਾਲੀ ਸਾਹਿਬ ਦੀਆਂ ਲਿਖਤਾਂ ਅਤੇ ਭਾਸ਼ਣਾਂ ਤੋਂ ਪ੍ਰਭਾਵਿਤ ਹੋ ਕੇ ਨਵਾਂ ਸ਼ਹਿਰ ਵਿਖੇ ਅੰਬੇਡਕਰ ਭਵਨ ਦੇ ਸੰਸਥਾਪਕ ਮਹਾਸ਼ਾ ਕ੍ਰਿਸ਼ਨ ਕੁਮਾਰ ਬੋਧੀ ਸਮੇਤ 1960ਵੇਂ ਦਸ਼ਕ  ਵਿੱਚ ਅੰਬੇਡਕਰੀ ਅੰਦੋਲਨ ਵਿੱਚ ਸ਼ਾਮਿਲ ਹੋਏ ਸਨ। ਸ੍ਰੀ ਲਾਹੌਰੀ ਰਾਮ ਬਾਲੀ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਦੇ ਫਾਊਂਡਰ ਟਰਸਟੀ ਸਨ ਅਤੇ ਡਾ. ਅੰਬੇਡਕਰ ਸਾਹਿਬ ਨਾਲ ਜੁੜੇ ਇਸ ਇਤਿਹਾਸਕ ਸਥਾਨ ਦੀ ਜਮੀਨ ਖਰੀਦਣ ਅਤੇ ਇਸ ਨੂੰ ਅਜੋਕਾ ਰੂਪ ਪ੍ਰਦਾਨ ਕਰਨ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਹੈ।

ਇਸ ਮੌਕੇ ਤੇ ਬਾਲੀ ਸਾਹਿਬ ਦੀ ਯਾਦ ਵਿੱਚ ਜੁੜੀ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਜਿਲਾ ਅਟਾਰਨੀ ਅਤੇ ਪ੍ਰਸਿੱਧ ਵਕੀਲ ਬਲਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਬਾਲੀ ਸਾਹਿਬ ਇੱਕ ਨਿੱਡਰ, ਇਮਾਨਦਾਰ ਅਤੇ ਮਨੁੱਖੀ ਹੱਕਾਂ ਲਈ ਸੰਘਰਸ਼ ਕਰਨ ਵਾਲੇ ਉੱਘੇ ਬੁੱਧੀਜੀਵੀ ਅਤੇ ਸਿਧਾਂਤਾਂ ਤੇ ਚੱਲਣ ਵਾਲੇ ਪ੍ਰਤੀਬਧ ਇਨਸਾਨ ਸਨ। ਐਡਵੋਕੇਟ ਢਿੱਲੋਂ ਨੇ ਅੰਬੇਡਕਰ ਭਵਨ ਟਰੱਸਟ ਨੂੰ ਨਿਸੁਆਰਥ ਭਾਵਨਾ ਅਧੀਨ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਸੇਵਾ ਮੁਕਤ ਅੰਬੈਸਡਰ ਰਮੇਸ਼ ਚੰਦਰ ਨੇ ਕਿਹਾ ਕਿ ਬਾਲੀ ਸਾਹਿਬ ਸਾਡੇ ਸਮਿਆਂ ਦੇ ਪ੍ਰਮੁੱਖ ਪ੍ਰੇਰਨਾ ਸਰੋਤ ਸਨ ਜਿਹੜੇ ਹਮੇਸ਼ਾ ਸਮਾਜਕ ਚੇਤਨਾ ਦੁਆਰਾ ਪੀੜਿਤ ਅਤੇ ਸਤਾਏ ਹੋਏ ਲੋਕਾਂ ਦੇ ਕਲਿਆਣ ਹਿਤ ਜੱਦੋਜਹਿਦ ਕਰਨ ਲਈ ਤਿਆਰ ਰਹਿੰਦੇ ਸਨ। ਉਹਨਾਂ ਦੀਆਂ ਲਿਖਤਾਂ ਅਤੇ ਭਾਸ਼ਣ ਨਿਰਾਸ਼ ਅਤੇ ਮਾਯੂਸ ਲੋਕਾਂ ਵਿੱਚ ਨਵਾਂ ਜਜ਼ਬਾ ਅਤੇ ਉਤਸ਼ਾਹ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਹਾਇਕ ਸਕੱਤਰ ਸ਼੍ਰੀ ਚਿਰੰਜੀ ਲਾਲ ਕੰਗਣੀਵਾਲ ਨੇ ਰਿਪਬਲੀਕਨ ਪਾਰਟੀ ਆਫ ਇੰਡੀਆ ਵੱਲੋਂ ਦਲਿਤਾਂ ਦੀਆਂ ਵਿਸ਼ੇਸ਼ ਮੰਗਾਂ ਮਨਵਾਉਣ ਲਈ 1964 ਵਿੱਚ ਰਿਪਬਲੀਕਨ ਪਾਰਟੀ ਵੱਲੋਂ ਲਾਏ ਗਏ ਰਾਸ਼ਟਰਵਿਆਪੀ ਮੋਰਚੇ ਦਾ ਵਿਸਤਰਿਤ ਵਰਣਨ ਕੀਤਾ। ਯਾਦ ਰਹੇ ਕਿ ਚਿਰੰਜੀ ਲਾਲ ਕੰਗਣੀਵਾਲ ਅਤੇ ਉਨ੍ਹਾਂ ਦੇ ਬਜ਼ੁਰਗਾਂ ਨੇ ਇਸ ਮੋਰਚੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਅਤੇ ਬਾਲੀ ਸਾਹਿਬ ਉਸ ਸਮੇਂ ਆਰਪੀਆਈ ਦੇ ਰਾਸ਼ਟਰੀ ਜਨਰਲ ਸਕੱਤਰ ਸਨ।

ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਨੇ ਸ਼ਰਧਾਂਜਲੀ ਸਮਾਰੋਹ  ਨੂੰ ਸੰਬੋਧਨ ਕਰਦਿਆਂ ਬਾਲੀ ਸਾਹਿਬ ਦੀ ਅਗਵਾਈ ਹੇਠ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰੀਨਿਰਵਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਬਾਲੀ ਸਾਹਿਬ ਪੰਜਾਬ ਦੀ ਇੱਕ ਅਜਿਹੀ ਮਹਾਨ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਅੰਬੇਡਕਰੀ ਵਿਚਾਰਧਾਰਾ ਨੂੰ ਸਮਰਪਿਤ ਕੀਤਾ ਹੋਇਆ ਸੀ। ਬਾਲੀ ਸਾਹਿਬ ਦੀਆਂ ਲਿਖਤਾਂ, ਯਤਨਾ ਅਤੇ ਭਾਰਤ ਤੋਂ ਇਲਾਵਾ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਦੁਆਰਾ ਬਾਬਾ ਸਾਹਿਬ ਦੇ ਸੰਘਰਸ਼ਾਂ ਦੀ ਗੱਲ ਵਿਸ਼ਵ ਭਰ ਵਿੱਚ ਪਹੁੰਚੀ। ਉਨ੍ਹਾਂ ਕਿਹਾ ਕਿ ਅੰਬੇਡਕਰ ਭਵਨ ਵਿੱਚ ਮਿਸ਼ਨ ਲਈ ਕੰਮ ਕਰਦੀਆਂ ਸੰਸਥਾਵਾਂ ਬਾਲੀ ਸਾਹਿਬ ਦੁਆਰਾ ਦਰਸਾਏ ਗਏ ਮਾਰਗ ਤੇ ਚੱਲਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੀਆਂ। ਉਨ੍ਹਾਂ ਤੋਂ ਇਲਾਵਾ ਮੈਡਮ ਸੁਦੇਸ਼ ਕਲਿਆਣ, ਐਡਵੋਕੇਟ ਕੁਲਦੀਪ ਭੱਟੀ, ਬਲਦੇਵ ਰਾਜ ਭਾਰਦਵਾਜ, ਡਾ. ਜੀ. ਸੀ. ਕੌਲ, ਐਡਵੋਕੇਟ ਹਰਭਜਨ ਸਾਂਪਲਾ,  ਐਡਵੋਕੇਟ ਮੋਹਨ ਲਾਲ ਫਿਲੋਰੀਆ ਅਤੇ ਹਰਮੇਸ਼ ਜੱਸਲ ਨੇ ਆਪਣੇ ਭਾਸ਼ਣਾ ਰਾਹੀਂ ਬਾਲੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਸੰਧੂ ਪਰਿਵਾਰ, ਵਰਿਆਣਾ ਵੱਲੋਂ ਅੰਬੇਡਕਰ ਭਵਨ ਟਰੱਸਟ ਨੂੰ ਬਾਲੀ ਸਾਹਿਬ ਦੇ ਚਿੱਤਰ ਦੀ ਪੇਂਟਿੰਗ ਭੇਂਟ ਕੀਤੀ ਗਈ। ਇਸ ਮੌਕੇ ਸਰਬਸ਼੍ਰੀ ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਣ, ਤਿਲਕਰਾਜ, ਕਮਲਸ਼ੀਲ ਬਾਲੀ, ਡਾ.ਚਰਨਜੀਤ ਸਿੰਘ, ਡਾ. ਮਹਿੰਦਰ ਸੰਧੂ,  ਨਿਰਮਲ ਬਿੰਜੀ,  ਬਲਦੇਵ ਰਾਜ ਜੱਸਲ, ਪ੍ਰਿੰਸੀਪਲ ਪਰਮਜੀਤ ਜਸਲ, ਪ੍ਰੋਫੈਸਰ ਬਲਬੀਰ, ਪ੍ਰਿੰਸੀਪਲ ਕੇਐਸ ਫੁੱਲ, ਗੁਰਮੀਤ ਸਾਂਪਲਾ, ਪੁਰਸ਼ੋਤਮ ਸਰੋਏ, ਹਰਭਜਨ ਨਿਮਤਾ, ਹਰੀ ਸਿੰਘ ਥਿੰਦ, ਕ੍ਰਿਸ਼ਨ ਕਲਿਆਣ, ਸਨੀ ਥਾਪਰ, ਚਰਨਜੀਤ ਸਿੰਘ ਆਈਆਰਐਸ, ਮਲਕੀਤ ਸਿੰਘ, ਮਾਸਟਰ ਜੀਤ ਰਾਮ, ਗੌਤਮ ਸੋਫੀ ਪਿੰਡ, ਰਾਮਸਰੂਪ ਬਾਲੀ,  ਈਸ਼ਵਰ ਦਾਸ, ਰਾਮ ਲਾਲ ਦਾਸ, ਵਰਿੰਦਰ ਕੁਮਾਰ, ਜੋਤੀ ਪ੍ਰਕਾਸ਼, ਗੁਰਦਿਆਲ ਜੱਸਲ, ਧਨੀ ਰਾਮ ਸੂਦ, ਗੁਰਦੇਵ ਖੋਖਰ, ਹਰੀ ਰਾਮ ਓ.ਐਸ.ਡੀ., ਮੈਡਮ ਕਵਿਤਾ ਢਾਂਡੇ, ਮੰਜੂ, ਸ਼ਕੁੰਤਲਾ ਨਾਗਰ, ਮੋਨਿਕਾ, ਬਿੰਦੂ ਬੰਗੜ, ਅਤੇ ਹੋਰ ਅਨੇਕਾਂ ਲੋਕ ਬਾਲੀ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਹਾਜ਼ਰ ਹੋਏ।

 ਬਲਦੇਵ ਰਾਜ ਭਾਰਦਵਾਜ 

ਜਨਰਲ ਸਕੱਤਰ

ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

 

 

 

 

 

 

 

 

 

 

Previous articleSAMAJ WEEKLY = 08/07/2024
Next articleਰੂਹ ਤੋਂ ਰੂਹ ਦਾ ਸੁਮੇਲ , ਜੱਫ਼ੀ ਪਾਕੇ ਮਿਲਣਾ