ਭੈਣਾਂ ਦੇ ਪਿਆਰ ਤੋਂ ਵੱਧ ਨਹੀਂ ਕੋਈ ਕੀਮਤੀ ਗਹਿਣਾਂ

ਵਿਆਹਾਂ ਸ਼ਾਦੀਆਂ ਮੌਕੇ ਇੱਕਠੀਆਂ ਹੋਈਆਂ ਭੈਣਾਂ
 ਕਵਿਤਾ ਬੇਦੀ
(ਸਮਾਜ ਵੀਕਲੀ) ਰਿਸ਼ਤਿਆਂ ਦੀ ਬੁਨਿਆਦ ਹਮੇਸ਼ਾ ਮੋਹ, ਮਹੁੱਬਤ ਅਤੇ ਸਨੇਹ ਨਾਲ ਹੀ ਜੁੜੀ ਹੁੰਦੀ ਹੈ ਅਤੇ ਸੱਚਾ ਪਿਆਰ ਬਿਨਾਂ ਕਿਸੇ ਸ਼ਰਤ ਦੇ ਹੁੰਦਾ ਹੈ ਜੋ ਸਾਨੂੰ ਇਹ ਸਿਖਾਉਂਦਾ ਹੈ ਕਿ ਕਿਵੇਂ ਪਿਆਰ ਨਾਲ ਹਰ ਰਿਸ਼ਤੇ ਨੂੰ ਨਿਭਾਇਆ ਜਾਵੇ। ਜਿਸ ਦੇ ਨਾਲ ਸਾਡੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣ ਦੇ ਨਾਲ ਸਾਡੇ ਜੀਵਨ ਨੂੰ ਖ਼ੁਸ਼ਹਾਲ ਬਣਾਉਂਦੇ ਹਨ।
ਬਚਪਨ ਦੀਆਂ ਸਾਂਝਾਂ ਸਾਡੇ ਰਿਸ਼ਤਿਆਂ ਦੀਆਂ ਨੀਹਾਂ ਨੂੰ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ। ਕਿਉਂਕਿ ਬਚਪਨ ਦੀਆਂ ਯਾਦਾਂ ਸਾਨੂੰ ਕਿਸੇ ਨੂੰ ਵੀ ਨਹੀਂ ਭੁੱਲਦੀਆਂ। ਇਹਨਾਂ ਬਚਪਨ ਦੇ ਰਿਸ਼ਤਿਆਂ ਵਿੱਚੋਂ ਹੀ ਇੱਕ ਹੈ ਭੈਣਾਂ ਦਾ ਰਿਸ਼ਤਾ ਭਾਵ ਇੱਕ ਭੈਣ ਦਾ ਦੂਜੀ ਭੈਣ ਨਾਲ ਰਿਸ਼ਤਾ। ਇਹ ਰਿਸ਼ਤਾ ਸੱਭਿਆਚਾਰਿਕ ਅਤੇ ਜਾਤਕ ਪੱਧਰ ਤੇ ਵੀ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਸਿਰਫ ਖੂਨ ਦਾ ਹੀ ਨਹੀਂ, ਬਲਕਿ ਪਿਆਰ, ਸਨਮਾਨ ਅਤੇ ਭਰੋਸੇ ਦੇ ਧਾਗਿਆਂ ਨਾਲ ਬੁਣਿਆ ਹੁੰਦਾ ਹੈ ਇਹ ਰਿਸ਼ਤਾ। ਭੈਣਾਂ ਵਿੱਚ ਇੱਕ ਅਜਿਹਾ ਬੰਧਨ ਹੁੰਦਾ ਹੈ ਜੋ ਉਨ੍ਹਾਂ ਨੂੰ ਇਕ ਦੂਜੇ ਦੇ ਜ਼ਿੰਦਗੀ ਦੇ ਹਰ ਪਲ ਵਿੱਚ ਸਾਥੀ ਬਣਾਉਂਦਾ ਹੈ। ਚਾਹੇ ਓਹ ਬਚਪਨ ਦੇ ਨਿੱਕੇ ਨਿੱਕੇ ਲੜਾਈ ਝਗੜੇ ਤੇ ਰੁੱਸਣਾ ਮਨਾਉਣਾ ਹੋਵੇ ਜਾਂ ਫੇਰ ਬੁਢਾਪੇ ‘ਚ ਸੁੱਖ ਦੁੱਖ ਦੀ ਸਾਂਝ ਹੋਵੇ, ਹਰ ਉਮਰ ‘ਚ ਇੱਕ ਭੈਣ ਆਪਣੀ ਭੈਣ ਲਈ ਹਮੇਸ਼ਾਂ ਨਾਲ ਖੜੀ ਮਿਲਦੀ ਹੈ।
ਭੈਣਾਂ ਦੇ ਰਿਸ਼ਤੇ ਵਿੱਚ ਬਚਪਨ ਦੀਆਂ ਸਾਂਝੀਆਂ ਯਾਦਾਂ ਖਾਸ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਬਚਪਨ ਦੀਆਂ ਖੇਡਾਂ , ਸੱਤਵੇਂ ਆਸਮਾਨ ਨੂੰ ਛੂਹਣ ਵਾਲੇ ਖੁਸ਼ੀ ਦੇ ਮੌਕੇ ਅਤੇ ਹਨ੍ਹੇਰੇ ਪਲਾਂ ਵਿੱਚ ਇੱਕ ਦੂੱਜੇ ਦਾ ਸਾਥ, ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਬਨਾਉਂਦਾ ਹੈ। ਇਹ ਯਾਦਾਂ ਜ਼ਿੰਦਗੀ ਦੇ ਹਰ ਪਲ ਵਿੱਚ ਉਨ੍ਹਾਂ ਨੂੰ ਹੌਸਲਾ ਦੇਂਦੀਆਂ ਹਨ। ਭੈਣਾਂ ਦੇ ਰਿਸ਼ਤੇ ਵਿੱਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ। ਛੋਟੀ-ਮੋਟੀ ਗੱਲਾਂ ‘ਤੇ ਝਗੜਾ ਅਤੇ ਨਾਰਾਜ਼ਗੀ ਵੀ ਹੁੰਦੀ ਹੈ, ਪਰ ਇਹਨਾਂ ਝਗੜਿਆਂ ਵਿੱਚ ਵੀ ਪਿਆਰ ਲੁੱਕਿਆ ਹੁੰਦਾ ਹੈ। ਜਦੋਂ ਜ਼ਿੰਦਗੀ ਵਿੱਚ ਕਿਸੇ ਸੰਘਰਸ਼ ਦਾ ਸਾਹਮਣਾਂ ਹੁੰਦਾ ਹੈ, ਤਾਂ ਭੈਣਾਂ ਹੀ ਇਕ ਦੂਜੇ ਲਈ ਹੌਸਲਾ ਬਣ ਕੇ ਖੜ੍ਹੀਆਂ ਰਹਿੰਦੀਆਂ ਹਨ। ਕਈ ਵਾਰ ਵੱਡੀਆਂ ਭੈਣਾਂ ਛੋਟੀਆ ਭੈਣਾਂ ਲਈ ਰੋਲ ਮਾਡਲ ਬਣਦੀਆਂ ਹਨ ਅਤੇ ਉਹਨਾਂ ਦੀਆਂ ਚੰਗੀਆਂ ਆਦਤਾਂ, ਸੰਸਕਾਰ ਤੇ ਸਫਲਤਾਵਾਂ ਛੋਟੀ ਭੈਣ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਵੱਡੀਆਂ ਭੈਣਾਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੀ ਸਿੱਖ ਦੇਂਦੀਆਂ ਹਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਨਾਲ ਛੋਟੀਆ ਭੈਣਾਂ ਵੀ ਅੱਗੇ ਵਧਦੀਆਂ ਹਨ।
ਭੈਣਾਂ ਇੱਕ ਦੂਜੇ ਦੀ ਸੰਭਾਲ ਅਤੇ ਮਿਲਣ ਵਰਤਣ ਨਾਲ ਪਲਦੀਆਂ ਹਨ। ਵੱਡੀ ਭੈਣ ਛੋਟੀ ਨੂੰ ਮਾਂ ਵਾਂਗ ਪਿਆਰ ਕਰਦੀ ਹੈ ਅਤੇ ਉਸਦੀ ਸੰਭਾਲ ਕਰਦੀ ਹੈ, ਜਦਕਿ ਛੋਟੀ ਭੈਣ ਵੱਡੀ ਦੀ ਇੱਜ਼ਤ ਕਰਦੀ ਹੈ ਅਤੇ ਉਸ ਤੋਂ ਮਾਂ ਦੀ ਮਮਤਾ ਦੇ ਨਿੱਘ ਦਾ ਆਨੰਦ ਲੈਂਦੀ ਹੈ। ਇਸ ਰਿਸ਼ਤੇ ਤੋਂ ਸਾਨੂੰ ਮਮਤਾ ਅਤੇ ਰਿਸ਼ਤੇ ਦੀ ਸੰਭਾਲ ਦਾ ਮਹੱਤਵ ਪਤਾ ਲੱਗਦਾ ਹੈ। ਭੈਣਾਂ ਦਾ ਰਿਸ਼ਤਾ ਬਿਨਾਂ ਕਿਸੇ ਮੁੱਲ ਤੋਂ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜਿਸ ਨੂੰ ਕਈ ਵਾਰ ਇੱਕੋ ਘਰ ਵਿਆਹੇ ਜਾਣ ਤੇ ਦਰਾਣੀ ਜਠਾਣੀ ਦੇ ਰਿਸ਼ਤੇ ‘ਚ ਵੀ ਵੇਖਿਆ ਜਾਂਦਾ ਹੈ।
ਬਚਪਨ ਤੋਂ ਬੁਢ਼ਾਪੇ ਤੱਕ, ਇਹ ਪਿਆਰ ਕਦੇ ਘਟਦਾ ਨਹੀਂ। ਇਹ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਪਿਆਰ ਕਿਵੇਂ ਹੁੰਦਾ ਹੈ ਅਤੇ ਕਿਵੇਂ ਇਸ ਨੂੰ ਨਿਭਾਇਆ ਜਾਵੇ। ਭੈਣਾਂ ਜਿੰਦਗੀ ਦੇ ਬਾਗ਼ ‘ਚ ਉਸ ਫੁੱਲ ਦੀ ਤਰ੍ਹਾਂ ਰਹਿੰਦੀਆਂ, ਜਿਸ ਦੀ ਮਹਿਕ ਪੇਕੇ ਅਤੇ ਸਹੁਰੇ ਘਰ ਚੋਹਾਂ ਪਾਸੇ ਹੀ ਫੈਲਦੀ ਹੈ। ਵਿਆਹ, ਸ਼ਾਦੀ ਜਾਂ ਫੇਰ ਹੋਰ ਖੁਸ਼ੀ ਦੇ ਮੌਕੇ ਇਹਨਾਂ ਭੈਣਾਂ ਨਾਲ ਹੀ ਫ਼ਬਦੇ ਹਨ। ਬਹੁਤ ਸਾਰੇ ਕਾਰਜ ਇਹਨਾਂ ਦੇ ਆਉਣ ਨਾਲ ਹੀ ਪੂਰੇ ਹੁੰਦੇ ਹਨ।
ਭੈਣਾਂ ਦਾ ਰਿਸ਼ਤਾ ਸਾਡੇ ਜੀਵਨ ਨੂੰ ਕਈ ਮਹੱਤਵਪੂਰਨ ਸਿੱਖਿਆਵਾਂ ਦਿੰਦਾ ਹੈ ਅਤੇ ਇਹ ਸਿੱਖਿਆਵਾਂ ਸਾਡੇ ਲਈ ਇੱਕ ਮਾਰਗਦਰਸ਼ਕ ਬਣਦੀਆਂ ਹਨ। ਇਹ ਭੈਣਾਂ ਦਾ ਰਿਸ਼ਤਾ ਸਾਡੇ ਰਿਸ਼ਤਿਆਂ ਦੀ ਤੰਦ ਨੂੰ ਹੋਰ ਵੀ ਮਜ਼ਬੂਤ ਅਤੇ ਖ਼ੁਸ਼ਹਾਲ ਬਣਾ ਇਕ ਹੋਰ ਮਾਸੀ ਦੇ ਰਿਸ਼ਤੇ ਦੀ ਨੀਂਹ ਵੀ ਰੱਖਦਾ ਹੈ।
 ਕਵਿਤਾ ਬੇਦੀ
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੀ. ਪੀ. ਐੱਫ ਅਡਵਾਂਸ ਦੇ ਬਿੱਲ ਅਪ੍ਰੈਲ ਮਹੀਨੇ ਤੋਂ ਰੁਲ਼ ਰਹੇ ਨੇ ਖਜ਼ਾਨਾ ਦਫਤਰਾਂ ਵਿੱਚ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
Next articleਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਯੰਤੀ ਸਮਾਰੋਹ ਮਨਾਇਆ ਗਿਆ