ਫਿਲੌਰ-ਨਗਰ-ਅੱਪਰਾ ਮੁੱਖ ਮਾਰਗ ‘ਤੇ ਤੂੜੀ ਨਾਲ ਲੱਦੀ ਟਰਾਲੀ-ਟਰੈਕਟਰ ਪਲਟਿਆ, ਪੂਰਾ ਦਿਨ ਜਾਮ ਲੱਗਣ ਕਾਰਣ ਲੋਕ ਹੋਏ ਪ੍ਰੇਸ਼ਾਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨ ਸਵੇਰ ਦੇ ਸਮੇਂ ਜਦੋਂ ਬੱਚਿਆਂ ਦੇ ਸਕੂਲ ਜਾਣ ਦਾ ਸਮਾਂ ਸੀ ਤਾਂ ਉਸੇ ਵਕਤ ਫਿਲੌਰ-ਨਗਰ-ਅੱਪਰਾ ਮੁੱਖ ਮਾਰਗ ‘ਤੇ ਤੂੜੀ ਨਾਲ ਲੱਦੀ ਹੋਏ ਟਰਾਲੀ ਇੱਕ ਟਾਇਰ ਖੁੱਲ ਜਾਣ ਕਾਰਣ ਟਰੈਕਟਰ ਟਰਾਲੀ ਸੜਕ ‘ਤੇ ਪਲਟ ਗਿਆ | ਜਿਸ ਕਾਰਣ ਕੰਮਾਂ ਕਾਰਾਂ ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ  ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇੱਥੇ ਇਹ ਗੌਰਕਰਨਯੋਗ ਹੈ ਕਿ ਲੁਧਿਆਣਾ ਸਾਈਡ ਤੋਂ ਤੂੜੀ ਨਾਲ ਲੱਦੇ ਟਰੈਕਟਰ ਟਰਾਲੀਆਂ ਗੜਸ਼ੰਕਰ ਸਾਈਡ ਇੱਕ ਗੱਤਾ ਫੈਕਟਰੀ ਵਿੱਚ ਜਾਂਦੇ ਹਨ | ਆਏ ਦਿਨ ਉਕਤ ਟਰੈਕਟਰ ਟਰਾਲੀਆਂ ਦੇ ਕਾਰਣ ਹਾਦਸੇ ਵਾਪਰਦੇ ਰਹਿੰਦੇ ਹਨ, ਕਿਉਂਕਿ ਨਿਯਮਾਂ ਨੂੰ  ਛਿੱਕੇ ‘ਤੇ ਟੰਗ ਕੇ ਇਹ ਓਵਰਲੋਡਡ ਟਰੈਕਟਰ ਟਰਾਲੀਆਂ ਹਾਦਸਿਆਂ ਦਾ ਕਾਰਣ ਬਣਦੀਆਂ ਹਨ | ਉਕਤ ਹਾਦਸੇ ਕਾਰਣ ਵੀ ਸਕੂਲੀ ਵਿਦਿਆਰਥੀਆਂ ਤੇ ਫਿਲੌਰ, ਲੁਧਿਆਣਾ ਕੰਮਾਂ ਕਾਰਾਂ ਲਈ ਜਾਣ ਵਾਲੇ ਇਲਾਕਾ ਵਾਸੀਆਂ ਨੂੰ  ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਹਾਦਸੇ ਕਾਰਣ ਪੂਰਾ ਦਿਨ ਲੋਕ ਲੰਘਣ ਲਈ ਖੱਜਲ ਖੁਆਰ ਹੁੰਦੇ ਰਹੇ | ਇਲਾਕਾ ਵਾਸੀਆਂ ਦੀ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਉਕਤ ਟਰੈਕਟਰ ਟਰਾਲੀ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕ ਇਕੱਤਰਤਾ 07 ਜੁਲਾਈ ਨੂੰ ਹੋਵੇਗੀ
Next article‘ਗੱਲ ਸਾਰੀ ਇਥੇ ਤਾਕਤ ਦੀ’