ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿਹਤ ਸੰਸਥਾਂਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਐਸਡੀਐਚ ਦਸੂਹਾ, ਐਸਡੀਐਚ ਮੁਕੇਰੀਆਂ ਅਤੇ ਸਮੁਦਾਇਕ ਸਿਹਤ ਕੇਂਦਰ ਭੋਲ ਕਲੋਤਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਸਭ ਤੋੰ ਪਹਿਲਾ ਐਸਡੀਐਚ ਦਸੂਹਾ ਵਿਖੇ ਸਰਕਾਰੀ ਸਪਲਾਈ ਅਧੀਨ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲਬਧਤਾ ਚੈੱਕ ਕੀਤੀ ਅਤੇ ਮਰੀਜਾਂ ਦੀਆਂ ਮੈਡੀਕਲ ਟੈਸਟ ਰਿਪੋਰਟਾਂ ਨੂੰ ਸਮੇਂ ਤੇ ਉਪਲਬੱਧ ਕਰਵਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਉਹਨਾਂ ਹਸਪਤਾਲ ਵਿੱਚ ਹੀ ਉਪਲੱਬਧ ਜਨ ਔਸ਼ਧੀ ਕੇਂਦਰ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਜਨ ਔਸ਼ਧੀ ਕੇਂਦਰ ਵਿੱਚ ਸਿਰਫ ਉਹ ਨਾੱਨ ਈਡੀਐਲ ਦਵਾਈਆਂ ਹੀ ਉਪਲੱਬਧ ਹੋਣ ਜੋ ਕਿ ਸਰਕਾਰੀ ਸਪਲਾਈ ਵਿੱਚ ਨਹੀਂ ਮਿਲ ਰਹੀਆਂ ਹਨ।
ਉਪਰੰਤ ਉਹਨਾਂ ਐਸਡੀਐਚ ਮੁਕੇਰੀਆਂ ਅਤੇ ਸੀਐਚਸੀ ਭੋਲ ਕਲੋਤਾ ਦਾ ਵੀ ਜਾਇਜ਼ਾ ਲਿਆ। ਉਹਨਾਂ ਵੱਲੋਂ ਸਾਰੀਆਂ ਲਾਈਫ ਸੇਵਿੰਗ ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ ਅਤੇ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਉਹਨਾਂ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਅਤੇ ਪਾਇਆ ਕਿ 20 ਤੋਂ 30 ਫੀਸਦੀ ਮਰੀਜ਼ ਹੀ ਇਸ ਯੋਜਨਾ ਤਹਿਤ ਲਾਭ ਲੈ ਪਾ ਰਹੇ ਹਨ। ਉਹਨਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਯੁਸ਼ਮਾਨ ਯੋਜਨਾ ਸੰਬੰਧਿਤ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ 70 ਫੀਸਦੀ ਮਰੀਜ਼ਾਂ ਨੂੰ ਇਸ ਅਧੀਨ ਕਵਰ ਕੀਤਾ ਜਾ ਸਕੇ ਅਤੇ ਮਰੀਜ਼ਾਂ ਨੂੰ ਮੁਫਤ ਤੇ ਬੇਹਤਰ ਸੇਵਾਵਾਂ ਦਿੱਤੀਆ ਜਾ ਸਕਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly