ਨੈਟਵਰਕ ਖਰਾਬ ਹੈ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਮੈਂ ਪੁਰਾਣੇ ਜਮਾਨੇ ਦਾ ਆਦਮੀ ਹਾਂ ਅਤੇ ਆਪਣੇ ਆਪ ਨੂੰ ਤੇਜ਼ੀ ਨਾਲ ਹੋਣ ਵਾਲੇ ਇਸ ਯੁਗ ਦੇ ਪਰਿਵਰਤਨ ਮੁਤਾਬਕ ਢਾਲ ਨਹੀਂ ਸਕਿਆ। ਸਾਡੇ ਵੇਲੇ ਸੰਦੇਸ਼ਾਂ ਦਾ ਅਦਾਨ ਪ੍ਰਦਾਨ ਪੋਸਟ ਕਾਰਡ, ਤਾਰ ਅਤੇ ਬਾਅਦ ਵਿੱਚ ਟੈਲੀਫੋਨ ਦੇ ਨਾਲ ਹੋਇਆ ਕਰਦਾ ਸੀ, ਲੇਕਿਨ ਇਹ ਤਾਂ ਬੀਤੇ ਸਮੇਂ ਦੀ ਗੱਲ ਹੋ ਗਈ ਹੈ! ਲੈਂਡ ਲਾਈਨ ਵਾਲੇ ਟੈਲੀਫੋਨ ਤੇਜ਼ੀ ਨਾਲ ਗਾਇਬ ਹੋ ਰਹੇ ਹਨ ਅਤੇ ਜਿਸ ਨੂੰ ਦੇਖੋ ਉਸ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਅਤੇ ਹਰ ਕੋਈ ਅੱਜ ਕੱਲ ਮੋਬਾਈਲ ਦਾ ਦੀਵਾਨਾ ਹੋਇਆ ਫਿਰਦਾ ਹੈ। ਪ੍ਰੇਮੀ ਅਤੇ ਪ੍ਰੇਮੀਕਾ ਇਕ ਦੂਜੇ ਨੂੰ ਤਾਂ ਛੱਡ ਸਕਦੇ ਹਨ ਪਰ ਮੋਬਾਇਲ ਨੂੰ ਨਹੀਂ ਛੱਡ ਸਕਦੇ। ਮੋਬਾਇਲ ਹੀ ਜ਼ਿੰਦਗੀ ਬਣੀ ਹੋਈ ਹੈ ਹੈ। ਕਈ ਲੋਕ ਤਾਂ ਇਹੋ ਜਿਹੇ ਹਨ ਦੋ ਦੋ ਜਾਂ ਤਿੰਨ ਤਿੰਨ ਮੋਬਾਈਲ ਫੋਨ ਇੰਟਰਨੈਟ ਦੀ ਸਹੂਲੀਅਤ ਦੇ ਨਾਲ ਆਪਣੇ ਕੋਲ ਰੱਖਦੇ ਹਨ ਅਤੇ ਇਹਨੂੰ ਅਲਗ ਅਲਗ ਤਰੀਕੇ ਨਾਲ ਇਸਤੇਮਾਲ ਕਰਦੇ ਹਨ। ਅੱਜ ਕੱਲ ਮੋਬਾਈਲ ਦਾ ਚਸਕਾ ਕਿਸੇ ਨਸ਼ੀਲੇ ਪਦਾਰਥ ਦਾ ਇਸਤੇਮਾਲ ਕਰਨ ਦੀ ਆਦਤ ਤੋਂ ਵੀ ਜਿਆਦਾ ਭੈੜਾ ਹੋ ਗਿਆ ਹੈ। ਜਦੋਂ ਕਿਸੀ ਛੋਟੇ ਬੱਚੇ ਨੂੰ ਮੋਬਾਈਲ ਦਿਓ ਤਾਂ ਉਹ ਬੜੀ ਹੈਰਾਨੀ ਅਤੇ ਦਿਲਚਸਪੀ ਨਾਲ ਉਸ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਦਾ ਰੋਣਾ ਪਿੱਟਣਾ ਬਿਲਕੁਲ ਬੰਦ ਹੋ ਜਾਂਦਾ ਹੈ। ਕਈ ਵਾਰ ਜਦੋਂ ਅਸੀਂ ਕਿਸੇ ਬੰਦੇ ਨਾਲ ਮੋਬਾਈਲ ਤੇ ਗੱਲ ਕਰਨਾ ਚਾਹੀਏ ਤਾਂ ਦੂਜੇ ਪਾਸਿਓਂ ਆਵਾਜ਼ ਆਉਂਦੀ ਹੈ,, ਜਿਸ ਬੰਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹ ਅਜੇ ਦੂਜੀ ਕਾਲ ਤੇ ਹੈ ਜਾਂ ਫਿਰ ਨੈਟਵਰਕ ਠੀਕ ਨਾ ਹੋਣ ਕਰਕੇ ਗੱਲਬਾਤ ਨਹੀਂ ਹੋ ਸਕਦੀ ਜਾਂ ਕਈ ਵਾਰ ਇਹ ਸੁਣਾਈ ਦਿੰਦਾ ਹੈ ਕਿ ਜਿਸ ਨੰਬਰ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕਿਰਪਾ ਕਰਕੇ ਇਸ ਨੰਬਰ ਦੀ ਚੰਗੀ ਤਰਾਂ ਪੜਤਾਲ ਕਰ ਲਓ। ਕਈ ਵਾਰ ਮੋਬਾਈਲ ਫੋਨ ਤੇ  ਫੇਸ ਬੁੱਕ, ਵਾਟਸਐਪ ਜਾਂ ਮੇਲ ਕੰਮ ਨਹੀਂ ਕਰਦੇ। ਕਈ ਵਾਰ ਅਸੀਂ ਜਿਸ ਨਾਲ ਗੱਲ ਕਰਨਾ ਚਾਹੁੰਦੇ ਹਾਂ ਸਾਡੀ ਆਵਾਜ਼ ਤਾਂ ਉਸ ਵੱਲ ਪਹੁੰਚ ਜਾਂਦੀ ਹੈ ਪਰ ਉਸ ਦੀ ਆਵਾਜ਼ ਸਾਡੇ ਵੱਲ ਨਹੀਂ ਆਉਂਦੀ। ਇਹ ਸਾਰਾ ਕੁਝ ਨੈਟਵਰਕ ਦੇ ਠੀਕ ਨਾ ਹੋਣ ਕਰਕੇ ਹੀ ਹੁੰਦਾ ਹੈ। ਜਦੋਂ ਮੋਬਾਈਲ ਦਾ ਨੈਟਵਰਕ ਖਰਾਬ ਹੋ ਜਾਂਦਾ ਹੈ ਤਾਂ ਬੰਦੇ ਨੂੰ ਬੜੀ ਬੇਚੈਨੀ ਮਹਿਸੂਸ ਹੁੰਦੀ ਹੈ ਉਸ ਦਾ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੋਬਾਈਲ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਾ ਚੁੱਕੇ ਹਾਂ। ਲੇਕਿਨ ਜਨਾਬ ਜੇਕਰ ਮੋਬਾਈਲ ਇਸਤੇਮਾਲ ਕਰਨਾ ਹੈ ਤਾਂ ਨੈਟਵਰਕ ਦੀ ਖਰਾਬੀ ਦਾ ਕੌੜਾ ਘੁੱਟ ਪੀਣਾ ਹੀ ਪਏਗਾ। ਇਸ ਵਾਸਤੇ ਸਬਰ, ਸੰਤੋਖ ਅਤੇ ਆਪਣੇ ਆਪ ਤੇ ਕੰਟਰੋਲ ਕਰਨ ਦੀ ਜਰੂਰਤ ਹੈ। ਕਈ ਵਾਰ ਮੋਬਾਈਲ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਕਰਕੇ ਵੀ ਨੈਟਵਰਕ ਖਰਾਬ ਹੋ ਜਾਂਦਾ ਹੈ।।
ਜਨਾਬ! ਆਪ ਜੀ ਨੂੰ ਕੀ ਦੱਸੀਏ ਕਿ ਨੈਟਵਰਕ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਖਰਾਬ ਰਹਿੰਦਾ ਹੈ। ਸਾਡੇ ਪਰਿਵਾਰਾਂ ਵਿੱਚ ਨੈਟਵਰਕ ਆਮ ਤੌਰ ਤੇ ਖਰਾਬ ਹੀ ਰਹਿੰਦਾ ਹੈ। ਪਤੀ ਪਤਨੀ ਦਾ, ਪਿਓ ਪੁੱਤਰ ਦਾ, ਨਿਨਾਣ ਅਤੇ ਭਰਜਾਈ ਦਾ, ਭਰਾਵਾਂ ਦਾ ਨੈਟਵਰਕ ਤਕਰੀਬਨ ਖਰਾਬ ਹੀ ਰਹਿੰਦਾ ਹੈ। ਮਿਸ ਕਾਲ,,, ਦੇਣ ਦੀ ਕੋਈ ਸੁਵਿਧਾ ਨਹੀਂ। ਕਈ ਵਾਰ ਨੈਟਵਰਕ ਕਈ ਕਈ ਦਿਨ ਖਰਾਬ ਰਹਿੰਦਾ ਹੈ। ਕਈ ਵਾਰ ਥੋੜੀ ਦੇਰ ਠੀਕ ਰਹਿਣ ਦੇ ਬਾਅਦ ਨੈੱਟਵਰਕ ਫੇਰ ਖਰਾਬ ਹੋ ਜਾਂਦਾ ਹੈ। ਜੇ ਪਰਿਵਾਰ ਵਿੱਚ ਨੈਟਵਰਕ ਠੀਕ ਨਾ ਹੋਵੇ ਤਾਂ ਜਿੰਦਗੀ ਬੜੀ ਦੁਖਦਾਈ ਹੋ ਜਾਂਦੀ ਹੈ। ਇਮਰਜਂਸੀ ਹੋਣ ਤੇ ਵੀ ਨੈਟਵਰਕ ਜੇ ਕੰਮ ਨਾ ਕਰੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਰਿਵਾਰ ਵਿੱਚ ਨੈਟਵਰਕ ਖਰਾਬ ਹੋਣ ਤੇ ਇਸ ਨੂੰ ਠੀਕ ਕਰਨ ਲਈ ਕਿਸੇ ਬੰਦੇ ਦੀ ਮਦਦ ਵੀ ਨਹੀਂ ਲਈ ਜਾ ਸਕਦੀ। ਪਹਿਲਾਂ ਘਰਾਂ ਵਿੱਚ ਬਜ਼ੁਰਗ ਲੋਕ ਹੁੰਦੇ ਸਨ ਜਿਹੜੇ ਕਿ ਵਕਤ ਬੇਵਕਤ ਨੈਟਵਰਕ ਠੀਕ ਕਰ ਦਿੰਦੇ ਸਨ ਪਰ ਅੱਜ ਕੱਲ ਤਾਂ ਵਿਚਾਰੇ ਬਜ਼ੁਰਗਾਂ ਨੂੰ ਪੁੱਛਦਾ ਹੀ ਕੌਣ ਹੈ ਇਸ ਕਰਕੇ ਪਰਿਵਾਰ ਦੇ ਨੈਟਵਰਕ ਆਮ ਤੌਰ ਤੇ ਖਰਾਬ ਹੀ ਰਹਿੰਦੇ ਹਨ।
ਬਜ਼ੁਰਗਾਂ ਦੇ ਨੈਟਵਰਕ ਦਾ ਸਾਰਾ ਸਿਲਸਿਲਾ ਹੀ ਵਿਗੜਿਆ ਰਹਿੰਦਾ ਹੈ। ਵਿਚਾਰੇ ਬਜ਼ੁਰਗਾਂ ਕੋਲ ਕਈ ਵਾਰ ਮਿਸ ਕਾਲਾਂ ਆਉਂਦੀਆਂ ਹਨ ਹਨ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਕਿਉਂਕਿ ਉਹਨਾਂ ਦਾ ਨੈਟਵਰਕ ਹੀ ਠੀਕ ਕੰਮ ਨਹੀਂ ਕਰਦਾ। ਬਹੁਤ ਸਾਰੇ ਬਜ਼ੁਰਗਾਂ ਨੂੰ ਉੱਚਾ ਸੁਣਦਾ ਹੈ, ਕਿਸੇ ਬਜ਼ੁਰਗ ਨੂੰ ਗੋਡਿਆਂ ਵਿੱਚ ਤਕਲੀਫ ਦੀ ਬਿਮਾਰੀ ਹੈ, ਕਈ ਬਜ਼ੁਰਗਾਂ ਕੋਲ ਕੰਮ ਚਲਾਉਣ ਵਾਸਤੇ ਪੈਸੇ ਹੀ ਨਹੀਂ ਹੁੰਦੇ, ਕਈ ਬਜ਼ੁਰਗਾਂ ਦਾ ਦਿਲ ਦੀ ਬਿਮਾਰੀ ਕਾਰਨ ਬਹੁਤ ਬੁਰਾ ਹਾਲ ਹੁੰਦਾ ਹੈ, ਕਈ ਵਾਰ ਕਿਸੇ ਬਜ਼ੁਰਗ ਨੂੰ ਦਮੇ ਦੀ ਬਿਮਾਰੀ ਹੁੰਦੀ ਹੈ ਇਸ ਲਈ ਘਰ ਵਾਲੇ ਬੱਚਿਆਂ ਨੂੰ ਬਾਬੇ ਕੋਲ ਜਾਣ ਨਹੀਂ ਦਿੰਦੇ। ਘਰ ਵਾਲਿਆਂ ਨੇ ਬਾਬੇ ਨੂੰ ਖੁੰਜੇ ਲਾ ਰੱਖਿਆ ਹੁੰਦਾ ਹੈ। ਘਰ ਵਿੱਚ ਕੌਣ ਆ ਰਿਹਾ ਹੈ, ਕੀ ਹੋ ਰਿਹਾ ਹੈ, ਉਸ ਨੂੰ ਪਤਾ ਹੀ ਨਹੀਂ ਹੁੰਦਾ। ਜੇ ਘਰ ਵਿੱਚ ਕੋਈ ਖਟਪਟ ਹੋ ਜਾਏ ਤਾਂ ਸਾਰਾ ਦੋਸ਼ ਬਾਬੇ ਤੇ ਲਾਇਆ ਜਾਂਦਾ ਹੈ। ਇਹ ਸਾਰਾ ਕੁਝ ਇਸ ਲਈ ਹੁੰਦਾ ਹੈ ਕਿਉਂਕਿ ਉਸ ਦੇ ਸਰੀਰ ਦਾ ਨੈਟਵਰਕ ਠੀਕ ਕੰਮ ਨਹੀਂ ਕਰਦਾ।
ਅੱਜ ਕੱਲ ਦੇ ਜਵਾਨ ਤਬਕੇ ਦੀ ਨੈਟਵਰਕ ਦੀ ਜਿੰਨੇ ਗੱਲ ਘੱਟ ਕੀਤੀ ਜਾਏ ਉਤਨਾ ਹੀ ਠੀਕ ਹੈ। ਇਹਨਾਂ ਨੌਜਵਾਨਾਂ ਦਾ ਨੈਟਵਰਕ ਆਮ ਤੌਰ ਤੇ ਠੀਕ ਕੰਮ ਨਹੀਂ ਕਰਦਾ। ਮੇਰਾ ਖਿਆਲ ਹੈ ਮੋਬਾਈਲ ਦੇ ਆਉਣ ਦੇ ਬਾਅਦ ਜਿੰਨਾ ਫਾਇਦਾ ਅੱਜ ਕੱਲ ਦੇ ਨੌਜਵਾਨਾ ਨੂੰ ਹੋਇਆ ਹੈ ਹੋਰ ਕਿਸੇ ਨੂੰ ਵੀ ਨਹੀਂ ਹੋਇਆ। ਕਿਉਂਕਿ ਨੌਜਵਾਨ ਤਬਕੇ ਨੂੰ ਮੋਬਾਈਲ ਦੀ ਸਖਤ ਜਰੂਰਤ ਹੁੰਦੀ ਹੈ ਇਸ ਲਈ ਇਹ ਇਸ ਦੇ ਨੈਟਵਰਕ ਨੂੰ ਬਹੁਤ ਦੇਰ ਤੱਕ ਖਰਾਬ ਨਹੀਂ ਰਹਿਣ ਦਿੰਦੇ। ਕੋਈ ਨਾ ਕੋਈ ਠੀਕ ਕਰਨ ਦਾ ਤਰੀਕਾ ਲੱਭ ਹੀ ਲੈਂਦੇ ਹਨ। ਇਹਨਾਂ ਨੂੰ ਪਤਾ ਕਿ ਗੂਗਲ, ਯੂਟੀਊਬ ਕੰਮ ਨਹੀਂ ਕਰ ਰਿਹਾ ਤਾਂ ਉਸਦੇ ਬਦਲੇ ਕਿਹੜਾ ਤਰੀਕਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਂ, ਕਦੇ ਕਦੇ ਜਵਾਨ ਪ੍ਰੇਮੀ ਅਤੇ ਪ੍ਰੇਮਿਕਾ ਦਾ ਨੈਟਵਰਕ ਖਰਾਬ ਹੋ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਉਹਨਾਂ ਦੇ ਮਾਪਿਆਂ ਦਾ ਉਹਨਾਂ ਦੇ ਮਿਲਣ ਦੇ ਇਤਰਾਜ਼ ਕਰਨਾ, ਕਿਸੇ ਰੈਸਟੋਰੈਂਟ ਜਾਂ ਮਾਲ ਦੇ ਸਿਨੇਮਾ ਹਾਲ ਵਿੱਚ ਉਹਨਾਂ ਨੂੰ ਰੰਗੇ ਹੱਥ ਫੜ ਲੈਣਾ ਹੁੰਦਾ ਹੈ। ਕਈ ਵਾਰ ਕਾਲਜ ਜਾਂ ਯੂਨੀਵਰਸਿਟੀ ਵਿੱਚ ਇਕੱਠੇ ਪੜਨ ਵਾਲੇ ਪ੍ਰੇਮੀ ਪ੍ਰੇਮਿਕਾ ਦੇ ਨੈਟਵਰਕ ਨੂੰ ਉਹਨਾਂ ਦੇ ਨਾਲ ਈਰਖਾ ਕਰਨ ਵਾਲੇ ਕੁਝ ਕਲਾਸ ਫੈਲੋ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੇਸ਼ੱਕ ਮੁੰਡੇ ਅਤੇ ਕੁੜੀ ਦੇ ਮਾਂ ਪਿਓ ਆਪਣੀ ਔਲਾਦ ਨੂੰ ਬਹੁਤ ਪਿਆਰ ਕਰਦੇ ਹੋ ਪਰ ਉਹ ਇਹਨਾਂ ਦੋਵਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਦੇ ਨੈਟਵਰਕ ਨੂੰ ਠੀਕ ਨਹੀਂ ਰਹਿਣ ਦਿੰਦੇ।
ਜਿੱਥੇ ਤੱਕ ਰਾਜਨੀਤੀ ਦੀ ਗੱਲ ਕੀਤੀ ਜਾਏ ਉੱਥੇ ਵੀ ਬਹੁਤ ਵਾਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦਾ ਇੱਕ ਦੂਜੇ ਨਾਲ ਨੈਟਵਰਕ ਵਿਗੜਿਆ ਹੀ ਰਹਿੰਦਾ ਹੈ। ਕਾਫੀ ਲੰਮੇ ਸਮੇਂ ਤੋਂ ਕਾਂਗਰਸ ਅਤੇ ਭਾਜਪਾ ਦਾ ਨੈਟਵਰਕ ਠੀਕ ਕੰਮ ਨਹੀਂ ਕਰ ਰਿਹਾ। ਅੱਜ ਕੱਲ ਤਾਂ ਇਹਨਾਂ ਦੋਹਾਂ ਵਿੱਚ ਨੈਟਵਰਕ ਇਹਨਾਂ ਖਰਾਬ ਹੋ ਗਿਆ ਹੈ ਕਿ ਮੋਬਾਈਲ ਵਿੱਚ ਕਦੋਂ ਵੀ ਬੰਮ ਧਮਾਕਾ ਹੋ ਸਕਦਾ ਹੈ। ਜੇ ਕਿਸੇ ਫੰਕਸ਼ਨ ਵਿੱਚ ਕਾਂਗਰਸੀ ਅਤੇ ਭਾਜਪਾਈ ਇਕੱਠੇ ਮਿਲ ਜਾਣ ਤਾਂ ਉਹ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਦੇਖਦੇ ਹਨ ਜਿਵੇਂ ਕਿ ਇਜਰਾਇਲੀ ਅਤੇ ਹਮਾਸ ਵਾਲੇ ਇਕ ਦੂਜੇ ਨੂੰ ਦੇਖਦੇ ਹਨ। ਦੋਹਾਂ ਪੱਖਾਂ ਵਿੱਚ ਇੱਕ ਦੂਜੇ ਲਈ ਨਫਰਤ ਹੀ ਨਫਰਤ ਦੇਖਣ ਨੂੰ ਮਿਲਦੀ ਹੈ। ਸਦਨ ਦੇ ਅੰਦਰ ਜਾਂ ਸਦਨ ਦੇ ਬਾਹਰ ਇਹ ਇਕ ਦੂਜੇ ਦੇ ਫਟੇ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡਦੇ। 18ਵੀਂ ਲੋਕ ਸਭਾ ਦੇ ਸੈਸ਼ਨ ਵਿੱਚ ਆਪ ਜੀ ਨੇ ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਦਲਾਂ ਦੀ ਆਪਸ ਵਿੱਚ ਨੈਟਵਰਕ ਦੀ ਖਰਾਬੀ ਦਾ ਨਮੂਨਾ ਤਾਂ ਦੇਖ ਲਿਆ ਹੋਏਗਾ। ਇਹ ਸਿਲਸਿਲਾ ਅੱਗੇ ਨੂੰ ਜਾਰੀ ਰਹਿਣ ਦਾ ਖਤਰਾ ਹੈ। ਦੇਸ਼ ਹਿੱਤ ਵਾਸਤੇ ਅਸੀਂ ਤਾਂ ਇਹ ਕਹਾਂਗੇ ਕਿ ਭਰਾਵੋ ਤੁਸੀਂ ਆਪਣਾ ਆਪਣਾ ਨੈਟਵਰਕ ਠੀਕ ਕਰ ਲਓ ਤਾਹੀ ਸਾਡਾ ਭਲਾ ਕਰ ਸਕੋਗੇ। ਤੁਹਾਡੇ ਦੁਆਰਾ ਇੱਕ ਦੂਜੇ ਦੇ ਉੱਤੇ ਡਲੇ ਸੁੱਟਣ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ।
ਪਾਕਿਸਤਾਨ ਦੀ ਸਥਾਪਨਾ ਭਾਰਤ ਦੇ ਇਕ ਹਿੱਸੇ ਨੂੰ ਕੱਟ ਕੇ ਕੀਤੀ ਗਈ ਸੀ ਇਸ ਦੇ ਬਾਵਜੂਦ ਵੀ 75 ਸਾਲ ਤੋਂ ਜਿਆਦਾ ਸਮਾਂ ਬੀਤ ਗਿਆ ਹੈ ਦੋਹਾਂ ਦੇਸ਼ਾਂ ਵਿੱਚ ਨੈਟਵਰਕ ਅਜੇ ਤੱਕ ਠੀਕ ਨਹੀਂ ਹੋਇਆ। ਜਿਸ ਤਰ੍ਹਾਂ ਮੋਬਾਇਲ ਤੇ ਕਈ ਵਾਰ ਅਸ਼ਲੀਲ ਅਤੇ ਪਸੰਦ ਨਾ ਆਉਣ ਵਾਲੀਆਂ ਪੋਸਟਾਂ ਦੇਖਣ ਵਾਸਤੇ ਮਿਲਦੀਆਂ ਹਨ, ਐਸਐਮਐਸ ਭੜਕਾਊ ਹੁੰਦੇ ਹਨ ਅਤੇ ਅਸੀਂ ਉਹਨਾਂ ਨੂੰ ਹਟਾ ਦਿੰਦੇ ਹਾਂ ਇਸੇ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੰਬੰਧਾਂ ਦੇ ਮੋਬਾਈਲ ਤੇ ਬਹੁਤ ਸਾਰੀਆਂ ਗਲਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਨਾਂ ਨਾਲ ਦੋਹਾਂ ਦੇਸ਼ਾਂ ਵਿੱਚ ਨੈਟਵਰਕ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਦੁਆਰਾ ਭਾਰਤ ਦੇ ਨੈਟਵਰਕ ਵਿੱਚ ਛੇੜ ਛਾੜ ਕਰਨ ਦਾ ਨਤੀਜਾ  ਹੈ ਕਿ ਉਹ ਆਏ ਦਿਨ ਜੰਮੂ ਕਸ਼ਮੀਰ ਵਿੱਚ ਹਾਲਾਤ ਵਿਗਾੜਨ ਵਾਸਤੇ ਅੱਤਵਾਦੀ ਭੇਜਦਾ ਰਹਿੰਦਾ ਹੈ ਜਿਹੜੇ ਉਥੇ ਆ ਕੇ ਨੁਕਸਾਨ ਕਰ ਜਾਂਦੇ ਹਨ। ਸਾਡੀ ਇਮਾਨਦਾਰ ਕੋਸ਼ਿਸ਼ ਦੇ ਬਾਵਜੂਦ ਵੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਨੈਟਵਰਕ ਠੀਕ ਨਹੀਂ ਹੋ ਸਕਿਆ। ਇਹ ਦੋਹਾਂ ਦੇਸ਼ਾਂ ਵਾਸਤੇ ਬਦਕਿਸਮਤੀ ਦੀ ਗੱਲ ਹੈ।
ਪਾਕਿਸਤਾਨ ਦੀ ਤਰ੍ਹਾਂ ਭਾਰਤ ਦਾ ਚੀਨ ਦੇ ਨਾਲ ਵੀ ਕਦੇ ਨੈਟਵਰਕ ਠੀਕ ਨਹੀਂ ਰਿਹਾ। ਪੰਚ ਸ਼ੀਲ ਸਮਝੌਤੇ ਦੇ ਬਾਵਜੂਦ ਉਸਨੇ 1962 ਵਿੱਚ ਭਾਰਤ ਦੇ ਹਮਲਾ ਕਰ ਦਿੱਤਾ। ਅੱਜ ਕੱਲ ਵੀ ਇਹ ਭਾਰਤ ਦੀਆਂ ਸਰਹਦਾਂ ਵਿੱਚ ਆਪਣੇ ਫੌਜੀਆਂ ਨੂੰ ਭੇਜ ਕੇ ਜਾਂ ਭਾਰਤ ਦੇ ਨਾਲ ਨਾਲ ਬੜੀ ਤਾਦਾਦ ਵਿੱਚ ਯੁੱਧ ਲੜਨ ਵਾਲੇ ਸਿਪਾਹੀ ਅਤੇ ਹਥਿਆਰ ਤੈਨਾਤ ਕਰਕੇ ਦੋਵਾਂ ਦੇਸ਼ਾਂ ਦੇ ਨੈਟਵਰਕ ਨੂੰ ਖਰਾਬ ਕਰਦਾ ਰਹਿੰਦਾ ਹੈ ਇਸ ਤੇ ਬਾਵਜੂਦ ਵੀ ਜਿੱਥੇ ਵੀ ਅੰਤਰਰਾਸ਼ਟਰੀ ਪੱਧਰ ਤੇ ਚੀਨ ਦਾ ਮੌਕਾ ਲੱਗੇ ਭਾਰਤ ਦੇ ਨੈਟਵਰਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਭਾਰਤ ਦੇ ਨਾਲ ਨੈਟਵਰਕ ਠੀਕ ਨਾ ਹੋਣ ਦਾ ਨਿਤੀਜਾ ਹੀ ਹੈ ਕਿ ਉਸ ਨੇ ਲਦਾਖ ਵਿੱਚ ਸਾਡੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ ਹੈ ਅਤੇ ਉਤਰਾਂਚਲ ਨੂੰ ਉਹ ਭਾਰਤ ਦਾ ਨਹੀਂ ਬਲਕਿ ਚੀਨ ਦਾ ਹਿੱਸਾ ਮਨ ਕੇ ਸਮੇਂ ਸਮੇਂ ਤੇ ਸ਼ਰਾਰਤ ਪੂਰਨ ਨਕਸ਼ੇ ਬਣਾਉਣਦਾ ਰਹਿੰਦਾ ਹੈ।
ਅੱਜ ਕੱਲ ਨੈਟਵਰਕ ਕਿਸੇ ਨਾ ਕਿਸੇ ਤਰੀਕੇ ਨਾਲ ਖਰਾਬ ਹੋਇਆ ਹੀ ਰਹਿੰਦਾ ਹੈ। ਜੇਕਰ ਜ਼ਿੰਦਗੀ ਦੇ ਮੋਬਾਈਲ ਨੂੰ ਠੀਕ ਠਾਕ ਚਲਾਉਣਾ ਹੈ ਤਾਂ ਇਸ ਨੈਟਵਰਕ ਨੂੰ ਵੀ ਠੀਕ ਕਰਕੇ ਰੱਖਣਾ ਪਏਗਾ ਜਾਂ ਵਿਗੜਨ ਤੇ ਫਿਰ ਠੀਕ ਕਰਨਾ ਪਏਗਾ, ਫਿਰ ਠੀਕ ਕਰਨਾ ਪਏ। ਜੇ ਘਰ ਵਿੱਚ ਨੈਟਵਰਕ ਖਰਾਬ ਹੋ ਜਾਏ ਤਾਂ ਕੀ ਅਸੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿੱਥੇ ਅਸੀਂ ਨੌਕਰੀ ਕਰਦੇ ਹਾਂ ਜੇ ਉਥੇ ਨੈਟਵਰਕ ਕਿਸੇ ਸਾਥੀ ਨਾਲ ਖਰਾਬ ਹੋ ਜਾਏ, ਉਸ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਹਾਂ! ਜਿੱਥੇ ਤੱਕ ਹੋ ਸਕੇ ਨੈਟਵਰਕ ਨੂੰ ਠੀਕ ਕਰਕੇ ਹੀ ਰੱਖਣਾ ਚਾਹੀਦਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਉਣੀ ਮੱਕੀ ਦੇ ਬੀਜ ਉਪਦਾਨ ’ਤੇ ਪ੍ਰਾਪਤ ਕਰਨ ਲਈ ਕਿਸਾਨ 10 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ – ਡੀ.ਸੀ.
Next articleਤਰਕਸ਼ੀਲ ਸੁਸਾਇਟੀ ਵੱਲੋਂ ਹਾਥਰਸ ਜ਼ਿਲ੍ਹੇ ਦੇ ਪਾਖੰਡੀ ਭੋਲਾ ਬਾਬੇ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ