ਸ਼ਹੀਦੀ ਦਿਨ ‘ਤੇ ਵਿਸ਼ੇਸ਼
ਡਾ. ਚਰਨਜੀਤ ਗੁਮਟਾਲਾ
ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਸੈਂਕੜੇ ਸਾਥੀਆਂ ਸਮੇਤ ਕਤਲ ਕਰਕੇ ਦਿੱਲੀ ਦੇ ਤਖ਼ਤ‘ਤੇ ਉਸ ਸਮੇਂ ਦੇ ਬਾਦਸ਼ਾਹ ਫ਼ਰਖ਼ਸੀਅਰ ਨੇ ਸਮਝ ਲਿਆ ਕਿ ਉਸ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਦਲੇਰਿ-ਜੰਗ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਪੰਜ ਛੇ ਸਾਲ ਬੜੀ ਸਖ਼ਤੀ ਕੀਤੀ ਪਰ ਪਿੱਛੋਂ ਜਾ ਕੇ ਆਯਾਸ਼ੀ ਵਿੱਚ ਪੈ ਗਿਆ। ਇਸ ਨਾਲ ਸਖ਼ਤੀ ਦੇ ਦੌਰ ਵਿੱਚ ਢਿੱਲ ਆ ਗਈ। ਇਸ ਨਾਲ ਸਿੰਘ ਜੰਗਲਾਂ ਨੂੰ ਛੱਡ ਕੇ ਆਪਣੇ ਪਿੰਡਾਂ ਵਿੱਚ ਆ ਗਏ ਤੇ ਵਾਹੀ ਵਗੈਰਾ ਕੰਮ ਵਿੱਚ ਲੱਗ ਗਏ। ਇਸ ਢਿੱਲ ਕਾਰਨ ਲੁੱਟਾਂ-ਖੋਹਾਂ, ਡਾਕੇ, ਚੋਰੀਆਂ ਵਿੱਚ ਤੇਜ਼ੀ ਆ ਗਈ। ਜਦ ਇਸ ਦੀ ਖ਼ਬਰ ਦਿੱਲੀ ਪਹੁੰਚੀ ਤਾਂ ਉਸ ਨੂੰ ਲਾਹੌਰ ਤੋਂ ਮੁਲਤਾਨ ਬਦਲ ਦਿੱਤਾ ਗਿਆ ਤੇ ਉਸ ਦੇ ਪੁਤਰ ਜ਼ਕਰੀਆ ਖ਼ਾਨ ਨੂੰ ਕਸ਼ਮੀਰੋਂ ਲਾਹੌਰ ਲਿਆਂਦਾ ਗਿਆ।
ਜ਼ਕਰੀਆ ਖਾਨ ਨੇ ਗੱਦੀ ਸੰਭਾਲਦਿਆਂ ਹੀ ਸਿੱਖਾਂ ਨੂੰ ਖ਼ਤਮ ਕਰਨ ਦਾ ਮਨ ਬਣਾਇਆ। ਪਰ ਇਸ ਸਖ਼ਤੀ ਦੇ ਬਾਵਜੂਦ ਕਈ ਸਿੰਘ ਪਿੰਡਾਂ ਵਿਚ ਰਹਿੰਦੇ ਸਨ, ਜੋ ਰਾਹਗੀਰਾਂ ਨੂੰ ਲੰਗਰ ਛਕਾਉਂਦੇ ਸਨ। ਅਜਿਹੀਆਂ ਸਖ਼ਸ਼ੀਅਤਾਂ ਵਿੱਚ ਪੂਹਲਾ ਪਿੰਡ ਜੋ ਕਿ ਪਹਿਲਾਂ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਕਸੂਰ ਵਿੱਚ ਹੁੰਦਾ ਸੀ ਤੇ ਹੁਣ ਇਹ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਹੈ ਦੇ ਭਾਈ ਤਾਰੂ ਸਿੰਘ ਰਹਿੰਦੇ ਸਨ, ਜੋ ਕਿ ਛੋਟੇ ਜ਼ਿੰਮੀਦਾਰ ਸਨ। ਉਹ ਬਚਪਨ ਵਿੱਚ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਏ। ਉਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।ਭਾਈ ਤਾਰੂ ਸਿੰਘ ਨੇ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਵਿੱਚ ਅੰਮ੍ਰਿਤ ਛਕਿਆ ਸੀ। ਉਨ੍ਹਾਂ ਦੇ ਘਰ ਤਿੰਨ ਜੀਅ ਸਨ। ਭਾਈ ਜੀ, ਮਾਤਾ ਜੀ ਤੇ ਉਨ੍ਹਾਂ ਦੀ ਛੋਟੀ ਭੈਣ ਬੀਬੀ ਤਾਰੋ ਜਿਸ ਦਾ ਪਤੀ ਸਵਰਗਵਾਸ ਹੋ ਚੁੱਕਾ ਸੀ ਤੇ ਉਹ ਆਪਣੇ ਪੇਕੇ ਹੀ ਰਹਿੰਦੀ ਸੀ।
ਇਹ ਸਾਰਾ ਪਰਿਵਾਰ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਛਕਾਉਂਦਾ ਸੀ। ਕਈ ਰਾਹਗੀਰ ਉਨ੍ਹਾਂ ਘਰ ਰਾਤ ਠਹਿਰ ਵੀ ਜਾਂਦੇ ਸਨ। ਉਨ੍ਹਾਂ ਦੇ ਦਰਵਾਜ਼ੇ ਬਿਨਾਂ ਭਿੰਨ ਭਾਵ ਦੇ ਸਭ ਲਈ ਖੁੱਲ੍ਹੇ ਸਨ।ਪਿੰਡ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਾਲੇ ਇਸ ਗੁਰਸਿੱਖ ਪਰਿਵਾਰ ਨੂੰ ਪਿਆਰ ਕਰਦੇ ਸਨ। ਇਲਾਕੇ ਵਿੱਚ ਉਨ੍ਹਾਂ ਦਾ ਮਾਣ ਸਤਿਕਾਰ ਸੀ। ਇਹ ਪਿੰਡ ਲਾਹੌਰ ਤੋਂ ਕੋਈ 45 ਕਿਲੋਮੀਟਰ ਦੂਰ ਸੀ। ਲਾਹੌਰ ਵਿੱਚ ਜੋ ਕੁਝ ਵਾਪਰਦਾ ਸੀ ਇਸ ਦੀ ਖ਼ਬਰ ਇਸ ਪਿੰਡ ਵਿੱਚ ਵੀ ਪਹੁੰਚ ਜਾਂਦੀ ਸੀ। ਇੱਥੋਂ ਹੀ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ ਲਾਹੌਰ ਦੀਆਂ ਖ਼ਬਰਾਂ ਪੁੱਜ ਜਾਂਦੀਆਂ ਸਨ।
1740 ਈ. ਵਿੱਚ ਮੱਸੇ ਰੰਘੜ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਕਤਲ ਹੋਇਆ। ਇਸ ਸਮੇਂ ਮੁਖਬਰਾਂ ਨੇ ਸਿੱਖਾਂ ਨੂੰ ਫੜਾਉਣ ਵਿੱਚ ਕੋਈ ਕਸਰ ਨਾ ਛੱਡੀ। ਪਰ ਕਿਸੇ ਨੇ ਭਾਈ ਤਾਰੂ ਸਿੰਘ ਬਾਰੇ ਜਾਣਕਾਰੀ ਨਾ ਦਿੱਤੀ ਕਿਉਂਕਿ ਮੁਸਲਮਾਨ ਵੀ ਉਸ ਨਾਲ ਪਿਆਰ ਕਰਦੇ ਸਨ।ਸਰਕਾਰ ਦੇ ਵਫ਼ਾਦਾਰਾਂ ਵਿੱਚ ਜੰਡਿਆਲਾ ਗੁਰੂ ਦਾ ਮੁਖਬਰ ਹਰ ਭਗਤ ਨਿਰੰਜਨੀਆ ਵੀ ਸੀ ਜੋ ਕਿ ਬਹੁਤ ਨਿਰਦਈ ਸੀ ਤੇ ਸਿੱਖਾਂ ਦਾ ਕੱਟੜ ਵੈਰੀ ਸੀ। ਇਸ ਨੇ ਜ਼ਕਰੀਆ ਖਾਨ ਨਾਲੋਂ ਵੀ ਅਤਿ ਚੁੱਕੀ ਹੋਈ ਸੀ।ਇਸ ਨੇ ਜ਼ਕਰੀਆ ਖ਼ਾਨ ਪਾਸ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਵਿਰੁੱਧ ਉਸ ਦੇ ਕੰਨ ਭਰੇ ਤੇ ਦੋਸ਼ ਲਾਇਆ ਕਿ ਇਸ ਪਾਸ ਸਰਕਾਰ ਦੇ ਵਿਦਰੋਹੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ। ਸਿੰਘ ਬਾਹਰ ਇਸ ਦੇ ਖੇਤਾਂ ਵਿੱਚ ਠਹਿਰਦੇ ਹਨ। ਇਹ ਦਿਨੇ ਹਲ ਚਲਾਉਂਦਾ ਹੈ ਤੇ ਰਾਤ ਨੂੰ ਸੰਨਾਂ ਲਾਉਂਦਾ ਹੈ। ਆਪ ਮਾੜਾ ਖਾਂਦਾ ਹੈ ਪਰ ਸਿੰਘਾਂ ਨੂੰ ਵਧੀਆ ਅੰਨ ਪਾਣੀ ਛਕਾਉਂਦਾ ਹੈ ਤੇ ਕੱਪੜਾ ਲੀੜਾ ਵੀ ਦੇਂਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਕੋਟ ਤੇ ਹੋਰ ਖ਼ਤਰਨਾਕ ਸਿੰਘ ਇਸ ਪਾਸ ਠਹਿਰਦੇ ਹਨ। ਇਹ ਤੁਹਾਨੂੰ ਕਤਲ ਕਰਨ ਦੀਆਂ ਵਿਉਤਾਂ ਬਣਾ ਰਹੇ ਹਨ। ਸਰਕਾਰ ਨੂੰ ਹੁਣ ਬੰਦੋਬਸਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਾ ਕਰੇ, ਹੁਣੇ ਹੀ ਉਸ ਨੰੰ ਫੜ੍ਹਕੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ।
ਬਸ ਫੇਰ ਕੀ ਸੀ ਪੁਲੀਸ ਨੇ ਭਾਈ ਤਾਰੂ ਸਿੰਘ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਲਾਹੌਰ ਜ਼ਕਰੀਆ ਖ਼ਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਤੇ ਆਪਣੀ ਜਾਨ ਬਚਾਉਣ ਲਈ ਇਸਲਾਮ ਕਬੂਲ ਕਰ ਲੈਣ ਲਈ ਕਿਹਾ। ਭਾਈ ਸਾਹਿਬ ਨੇ ਜੁਆਬ ਦਿੱਤਾ ਕਿ ਮੁਸਲਮਾਨ ਬਣ ਕੇ ਵੀ ਤਾਂ ਆਖ਼ਰ ਮਰਨਾ ਹੈ। ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ। ਜੋ ਜੀਅ ਆਵੇ ਤੂੰ ਉਸੇ ਤਰ੍ਹਾਂ ਕਰ ਲੈ। ਮੈਂ ਤੈਥੋਂ ਰਹਿਮ ਦੀ ਭੀਖ ਨਹੀਂ ਮੰਗਣੀ।
ਭਾਈ ਤਾਰੂ ਸਿੰਘ ਨੂੰ ਜ਼ਲਾਦਾਂ ਪਾਸੋਂ ਪਹਿਲਾਂ ਚਰਖੀ ਚੜਾਇਆ ਗਿਆ।ਫਿਰ ਮੋਚੀ ਪਾਸੋਂ ਭਾਈ ਜੀ ਦੀ ਖੋਪਰੀ ਲੁਹਾਈ ਗਈ ।ਕਚਹਿਰੀ ਦੇ ਦੁਆਲੇ ਢੂੰਘੀ ਖਾਈ ਸੀ, ਜਿੱਥੇ ਭਾਈ ਤਾਰੂ ਸਿੰਘ ਨੂੰ ਨੀਮ ਮੁਰਦਾ ਹਾਲਤ ਵਿੱਚ ਸੁਟਿਆ ਗਿਆ।
ਸਾਰੇ ਸ਼ਹਿਰ ਵਿੱਚ ਤੇ ਪਿੰਡਾਂ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਖਾਨ ਬਹਾਦਰ ਨੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾ ਦਿੱਤੀ ਹੈ ਤੇ ਉਹ ਅਜੇ ਜੀਉਂਦਾ ਹੈ ਤੇ ਬਾਹਰ ਖਾਈ ਵਿੱਚ ਪਿਆ ਹੈ। ਇਹ ਦੁਖਦਾਈ ਖ਼ਬਰ ਜਦੋਂ ਲਾਹੌਰ ਵਿੱਚ ਰਹਿੰਦੇ ਰਾਮਗੜ੍ਹੀਆਂ ਨੂੰ ਮਿਲੀ ਤਾਂ ਉਹ ਜਰ ਨਾ ਸਕੇ। ਕਿਸੇ ਵਸੀਲੇ ਰਾਹੀਂ ਸਰਕਾਰੀ ਆਗਿਆ ਲੈ ਕੇ ਉਹ ਭਾਈ ਜੀ ਨੂੰ ਇੱਕ ਧਰਮਸ਼ਾਲਾ ਵਿੱਚ ਲੈ ਗਏ। ਜ਼ਕਰੀਆ ਖਾਨ ਦੇ ਡਰੋਂ ਕੋਈ ਵੀ ਹਕੀਮ ਜਾਂ ਡਾਕਟਰ ਇਲਾਜ਼ ਕਰਨ ਲਈ ਨਾ ਮੰਨਿਆ। ਉਨ੍ਹਾਂ ਨੇ ਕੋਈ ਚਾਰਾ ਨਾ ਚੱਲਦਾ ਵੇਖ ਕੇ ਨਿੰਮ ਦੇ ਗਰਮ ਪਾਣੀ ਨਾਲ ਪਹਿਲਾ ਸਾਰੇ ਸਿਰ ਜੋ ਕਿ ਇੱਕ ਵੱਡੇ ਜ਼ਖ਼ਮ ਵਾਂਗ ਬਣ ਚੁੱਕਿਆ ਸੀ, ਨੂੰ ਧੋਤਾ ਤੇ ਫਿਰ ਕੜਾਹ ਬਣਾ ਕੇ ਕੋਸਾ ਕੋਸਾ ਭਾਈ ਜੀ ਦੇ ਸਿਰ ‘ਤੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਪਹਿਲਾਂ ਭਾਈ ਸਾਹਿਬ ਹੋਸ਼ ਵਿੱਚ ਆਏ ਤੇ ਫਿਰ ਕਾਇਮ ਹੋਣ ਲੱਗੇ।
ਰੱਬ ਦੀ ਕਰਨੀ ਵੇਖੋ! ਉਸੇ ਰਾਤ ਜ਼ਕਰੀਆ ਖਾਨ ਨੂੰ ਪੇਸ਼ਾਬ ਦਾ ਬੰਨ ਪੈ ਗਿਆ। ਉਸ ਨੂੰ ਬੜੀ ਤਕਲੀਫ ਹੋਣ ਲੱਗੀ। ਹਕੀਮ ਸੱਦੇ ਗਏ। ਜਦ ਕੋਈ ਫ਼ਰਕ ਨਾ ਪਿਆ ਤਾਂ ਮੌਲਵੀ ਮਲਾਣੇ, ਪੀਰ ਫਕੀਰ ਬੁਲਾਏ ਗਏ। ਤਵੀਤ ਬਣਾ ਕੇ ਗੱਲ ਪਾਏ ਗਏ। ਪਰ ਫਿਰ ਵੀ ਉਸ ਦੀ ਤਕਲੀਫ਼ ਵੱਧਦੀ ਜਾਵੇ। ਉਸ ਦੀਆਂ ਹਾਏ ਹਾਏ ਦੀਆਂ ਆਵਾਜ਼ਾਂ ਦੂਰ ਤੀਕ ਸੁਣਾਈ ਦੇਣ ਲੱਗੀਆਂ। ਸਭ ਕਹਿਣ ਲੱਗੇ ਕਿ ਉਸ ਨੇ ਰੱਬ ਦੇ ਪਿਆਰੇ ਨਾਲ ਘੋਰ ਅਪਰਾਧ ਕੀਤਾ ਹੈ। ਜ਼ੁਲਮ ਵਾਲੀ ਅੱਤ ਕਰ ਦਿੱਤੀ ਹੈ। ਅਖ਼ੀਰ ਇੱਕ ਪ੍ਰਸਿੱਧ ਸਿੱਖ ਭਾਈ ਸੁਬੇਗ ਸਿੰਘ ਨੂੰ ਧਰਮਸ਼ਾਲਾ ਭੇਜਿਆ ਗਿਆ ਜਿੱਥੇ ਰਾਮਗੜ੍ਹੀਏ ਭਾਈ ਤਾਰੂ ਸਿੰਘ ਦਾ ਇਲਾਜ਼ ਕਰ ਰਹੇ ਸਨ।
ਜਦ ਉਹ ਭਾਈ ਤਾਰੂ ਸਿੰਘ ਪਾਸ ਗਏ ਤਾਂ ਉਨ੍ਹਾਂ ਕਿਹਾ ਕਿ ਹੁਣ ਖ਼ਾਲਸਾ ਹੀ ਬਖਸ਼ ਸਕਦਾ ਹੈ। ਭਾਈ ਸੁਬੇਗ ਸਿੰਘ ਸਿੱਧੇ ਜੰਗਲ ਨੂੰ ਗਏ ਜਿੱਥੇ ਖ਼ਾਲਸਾ ਜੀ ਦਾ ਵੱਡਾ ਜਥਾ ਸ. ਕਪੂਰ ਸਿੰਘ ਦੀ ਅਗਵਾਈ ਵਿੱਚ ਡੇਰੇ ਲਾਈ ਬੈਠਾ ਸੀ। ਸ. ਕਪੂਰ ਸਿੰਘ ਤੇ ਕੁਝ ਬਜ਼ੁਰਗ ਸਿੰਘਾਂ ਨੇ ਕਿਹਾ ਪਿਸ਼ਾਬ ਦਾ ਬੰਨ ਟੁੱਟ ਸਕਦਾ ਹੈ ਜੇ ਭਾਈ ਸਾਹਿਬ ਦੀਆਂ ਜੁਤੀਆਂ ਖੜ੍ਹ ਕੇ ਸੂਬੇ ਦੇ ਸਿਰ ਵਿੱਚ ਮਾਰੀਆਂ ਜਾਣ। ਇਸ ਦੇ ਨਾਲ ਹੀ ਸ਼ਹੀਦ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਢਾਹ ਕੇ ਸਸਕਾਰ ਕੀਤਾ ਜਾਵੇ। ਬੰਦੀ ਸਿੰਘ ਛੱਡੇ ਜਾਣ, ਚਰਖੜੀਆਂ ਪਟਵਾਈਆਂ ਜਾਣ ਤੇ ਅੱਗੇ ਤੋਂ ਸਿੰਘਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ।
ਇੰਝ ਹੀ ਕੀਤਾ ਗਿਆ। ਭਾਈ ਸਾਹਿਬ ਦੀ ਜੁਤੀ ਖੜ੍ਹਕੇ ਜ਼ਕਰੀਆ ਖਾਨ ਦੇ ਸਿਰ ਮਾਰੀ ਗਈ, ਜਿਸ ਨਾਲ ਪਿਸ਼ਾਬ ਦਾ ਬੰਨ ਟੁੱਟ ਗਿਆ। ਸਭ ਪਾਸੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਸਿੰਘਾਂ ਦੇ ਸਿਰਾਂ ਦੇ ਮੁਨਾਰੇ ਢਾਹ ਕੇ ਸਸਕਾਰ ਕਰਵਾਏ ਗਏ। ਚਰਖੜੀਆਂ ਪੁਟਵਾਈਆਂ ਗਈਆਂ ਤੇ ਨਵਾਬ ਨੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਬੰਦ ਕਰਨ ਦਾ ਐਲਾਨ ਕੀਤਾ ਤੇ ਬੰਦੀ ਸਿੰਘ ਛੱਡੇ ਗਏ।
ਜ਼ਕਰੀਆ ਖ਼ਾਨ ਦੇ ਜਦ ਪਿਸ਼ਾਬ ਦਾ ਬੰਨ ਲੱਗਦਾ ਤਾਂ ਜੁਤੀ ਖਾਣ ਨਾਲ ਟੁੱਟ ਜਾਂਦਾ। ਛਿੱਤਰ ਵਜਦੇ ਵੀ ਸਿਰ ਵਿੱਚ। ਏਸ ਤਰਾਂ 4 ਦਿਨ ਛਿੱਤਰ ਖਾਂਦਾ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ। ਜਦ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮੇਰਾ ਸਮਾਂ ਵੀ ਹੁਣ ਆਣ ਪੁੱਜਾ ਹੈ। ਸਾਡਾ ਕੰਮ ਨਵਾਬ ਨੂੰ ਜੁਤੀਆਂ ਮਾਰ ਕੇ ਅੱਗੇ ਲਾਉਣਾ ਸੀ। ਉਹ ਪੂਰਾ ਹੋ ਗਿਆ। ਹੁਣ ਅਸੀਂ ਵੀ ਚਾਲੇ ਪਾਉਂਦੇ ਹਾਂ। ਇਸ ਤਰ੍ਹਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੇ ਹੋਏ ਭਾਈ ਤਾਰੂ ਸਿੰਘ ਦਿਨ ਸੋਮਵਾਰ ਪਹਿਲੀ ਸਾਵਣ ਸੰਮਤ 1802 ਬਿਕਰਮੀ ਮੁਤਾਬਕ ਪਹਿਲੀ ਜੁਲਾਈ ਸੰਨ 1745 ਈ. ਨੂੰ ਸ਼ਹੀਦੀ ਪਾ ਗਏ। ਉਨ੍ਹਾਂ ਦਾ ਸ਼ਹੀਦ ਗੰਜ ਲਾਹੌਰ ਰੇਲਵੇ ਸਟੇਸ਼ਨ ਦੇ ਕੋਲ ਲੰਡਾ ਬਜ਼ਾਰ ਵਿੱਚ ਸ਼ਹੀਦ ਗੰਜ ਸਿੰਘਣੀਆਂ ਦੇ ਲਾਗੇ ਹੀ ਹੈ ਜੋ ਕਿ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਅੱਜ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਸਾਰੇ ਸੰਸਾਰ ਵਿਚ ਬੜੀ ਸ਼ਰਧਾ ਮਨਾਇਆ ਜਾ ਰਿਹਾ ਹੈ।
ਡਾ. ਚਰਨਜੀਤ ਗੁਮਟਾਲਾ, 19375739812(ਡੇਟਨ, ਓਹਾਇਹੋ, ਯੂ ਐਸ ਏ), ਵਟਸ ਐਪ
919417533060
253 ਅਜੀਤ ਨਗਰ, ਅੰਮ੍ਰਿਤਸਰ।ਪਿਨ 143006