ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ) ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਭਗਤਾਂ ਸੂਰਬੀਰਾਂ ਯੋਧਿਆਂ ਦਾਨੀਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਥੋਂ ਦਾ ਪੇਂਡੂ ਸੱਭਿਆਚਾਰ ਬਹੁਤ ਅਮੀਰ ਵਿਰਸੇ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀਆਂ ਖੇਡਾਂ ਵੀ ਸਾਰੇ ਸੰਸਾਰ ਵਿੱਚ ਵਿਲੱਖਣ ਸਥਾਨ ਰੱਖਦੀਆਂ ਹਨ। ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਵਿੱਚ ਖੁੱਦੋ ਖੂੰਡੀ, ਬਾਂਦਰ ਕਿੱਲਾ, ਕਾਂ ਘੋੜੀ, ਲੁਕਣ ਮੀਚੀ ਅੰਨ੍ਹਾ ਝੋਟਾ ਆਦਿ ਨੌਜਵਾਨ ਮੁੰਡਿਆਂ ਦੀਆਂ ਖੇਡਾਂ ਹੁੰਦੀਆਂ ਸਨ ਅਤੇ ਕੁੜੀਆਂ, ਦਾਈਆਂ ਦੁੱਕੜੇ , ਰੱਬ ਡੀਟੀ, ਢਾਵੇਂ,ਕੋਟਲਾ ਛਪਾਕੀ,ਖੋ ਖੋ, ਆਦਿ ਖੇਡਦੀਆਂ ਸਨ ਇਨ੍ਹਾਂ ਖੇਡਾਂ ਨਾਲ ਸ਼ਰੀਰ ਦੀ ਕਸਰਤ ਵੀ ਬਹੁਤ ਹੋ ਜਾਂਦੀ ਸੀ ਅਤੇ ਸ਼ਰੀਰ ਰਿਸ਼ਟ ਪੁਸ਼ਟ ਰਹਿੰਦਾ ਸੀ।ਉਸ ਤੋਂ ਬਾਅਦ ਇਨ੍ਹਾਂ ਖੇਡਾਂ ਨੇ ਹੀ ਕਬੱਡੀ, ਹਾਕੀ , ਬਾਲੀਵਾਲ, ਹੈਂਡਬਾਲ ਅਤੇ ਹੋਰ ਸਰੀਰਕ ਕਸਰਤ ਨਾਲ ਜੁੜੀਆਂ ਹੋਈਆਂ ਖੇਡਾਂ ਦਾ ਰੂਪ ਲੈ ਲਿਆ ਜਿਸ ਨਾਲ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਸੀ ਸਗੋਂ ਦਿਮਾਗ ਵੀ ਵਿਕਸਤ ਹੁੰਦਾ ਸੀ ਇਨ੍ਹਾਂ ਖੇਡਾਂ ਨਾਲ ਆਪਸੀ ਭਾਈਚਾਰਕ ਸਾਂਝ, ਮੇਲ਼ ਮਿਲਾਪ, ਅਤੇ ਪਿਆਰ, ਵੱਧਦਾ ਸੀ ਜੋ ਸਮਾਜ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਦਾ ਸੀ ਜਿਸ ਸਦਕਾ ਲੋਕ ਇੱਕ ਦੂਜੇ ਦੇ ਖੁਸ਼ੀ ਗਮੀਂ ਵਿੱਚ
ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਘਰਾਂ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਨਿਵਾਸ ਰੱਖਦੀ ਸੀ।ਪਰ ਹੁਣ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦਾ ਇਹ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ ਅਤੇ ਉਸ ਦੀ ਜਗ੍ਹਾ ਪੈਸੇ ਦਾ ਬੋਲਬਾਲਾ,ਲੋਕ ਦਿਖਾਵਾ ਬਹੁਤ ਵਧ ਗਿਆ ਹੈ ਅਤੇ ਪੰਜਾਬੀ ਖੇਡਾਂ ਦਾ ਰੁੱਖ ਵੀ ਬਦਲਦਾ ਜਾ ਰਿਹਾ ਹੈ। ਹੁਣ ਟਰੈਕਟਰਾਂ ਦੇ ਟੋਚਨ ਮੁਕਾਬਲੇ,ਬਲਦ ਗੱਡੀਆਂ ਦੀਆਂ ਦੌੜਾਂ ਅਤੇ ਟਰੈਕਟਰਾਂ ਦੀ ਰੇਸ ਵਰਗੀਆਂ ਗੈਰਵਾਜਬ ਖੇਡਾਂ ਖੇਡੀਆਂ ਜਾ ਰਹੀਆਂ ਹਨ
ਅਜੇ ਹੁਣ ਥੋੜੇ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਕਿਸੇ ਪਿੰਡ ਦੇ ਮੋਹਤਬਰਾਂ ਨੇ ਪਾਬੰਦੀ ਹੋਣ ਦੇ ਬਾਵਜੂਦ ਵੀ ਟਰੈਕਟਰਾਂ ਦੀ ਰੇਸ ਦਾ ਮੁਕਾਬਲਾ ਕਰਵਾਇਆ ਜਿਸ ਵਿੱਚ ਇੱਕ ਟਰੈਕਟਰ ਬੇਕਾਬੂ ਹੋ ਕੇ ਰੇਸ ਦੇਖਣ ਆਏ ਦਰਸ਼ਕਾਂ ਉੱਤੇ ਜਾ ਚੜ੍ਹਿਆ ਜਿਸ ਸਦਕਾ ਕਈ ਬੱਚਿਆਂ ਸਮੇਤ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਹੋਣੀਂ ਬਹੁਤ ਮੁਸ਼ਕਲ ਹੈ। ਅਤੇ ਹੁਣ ਖ਼ਬਰ ਆਈ ਹੈ ਕਿ ਇੱਕ ਨੌਜਵਾਨ ਨੇ ਟਰੈਕਟਰ ਤੇ ਵੱਡਾ ਡੈਕ ਲਗਵਾਇਆ ਅਤੇ ਉਸ ਉੱਤੇ ਅਸ਼ਲੀਲ ਗਾਣੇ ਉੱਚੀ ਆਵਾਜ਼ ਵਿੱਚ ਚਲਾ ਰਿਹਾ ਸੀ ਜਦੋਂ ਮਾਂ ਬਾਪ ਅਤੇ ਘਰ ਦੇ ਹੋਰ ਜੀਆਂ ਨੇ ਉਸ ਨੂੰ ਰੋਕਿਆ ਜਾਂ ਹੌਲੀ ਆਵਾਜ਼ ਕਰਨ ਲਈ ਕਿਹਾ ਤਾਂ ਉਸ ਨੌਜਵਾਨ ਦਾ ਜਵਾਬ ਸੀ ਕਿ ਮੈਂ ਐਨਾ ਮਹਿੰਗਾ ਡੈਕ ਲਗਵਾਇਆ ਹੈ ਇਹ ਥੋੜ੍ਹੀ ਆਵਾਜ਼ ਤੇ ਚਲਾਉਣ ਲਈ ਨਹੀਂ ਲਵਾਇਆ । ਜਦੋਂ ਮਾਂ ਅਤੇ ਘਰਦਿਆਂ ਨੇ ਥੋੜਾ ਸਖ਼ਤੀ ਨਾਲ਼ ਰੋਕਿਆ ਤਾਂ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਪ੍ਰਵਾਰ ਉੱਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਵਿੱਚ ਖ਼ਬਰ ਅਨੁਸਾਰ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਅਤੇ ਕੁੱਝ ਲੋਕ ਗੰਭੀਰ ਹਾਲਤ ਵਿੱਚ ਜ਼ਖ਼ਮੀ ਹਨ ਅਤੇ ਨੌਜਵਾਨ ਅਤੇ ਉਸ ਦੇ ਸਾਥੀਆਂ ਤੇ ਪਰਚਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।ਲੇਖ ਜ਼ਿਆਦਾ ਲੰਮਾ ਹੋਣ ਕਰਕੇ ਮੈਂ ਤਾਂ ਇੱਕ ਦੋ ਘਟਨਾਵਾਂ ਦਾ ਹੀ ਜ਼ਿਕਰ ਕੀਤਾ ਹੈ ਇਹੋ ਜਿਹੀਆਂ ਅਨੇਕਾਂ ਘਟਨਾਵਾਂ ਹੋਰ ਹਨ ਜੋ ਜੱਗ ਜ਼ਾਹਰ ਹਨ।ਸੋ ਇਹੋ ਜਿਹੀਆਂ ਹਰਕਤਾਂ ਅਤੇ ਹਾਲਾਤ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਬ ਤੇ ਪੰਜਾਬ ਦੀ ਨੌਜਵਾਨੀ ਲਈ ਸੁਭ ਸੰਕੇਤ ਨਹੀਂ ਹਨ ਇਨ੍ਹਾਂ ਹਾਲਤਾਂ ਵੱਲ ਜਲਦੀ ਅਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ।ਇਸ ਵਿੱਚ ਜਿੱਥੇ ਬੇਰੁਜ਼ਗਾਰੀ ਲਈ ਸਰਕਾਰਾਂ ਜੁੰਮੇਵਾਰ ਹਨ ਉੱਥੇ ਹੀ ਮਾਪੇ ਵੀ ਜ਼ਿਆਦਾ ਜੁੰਮੇਵਾਰ ਹਨ ਜੋ ਕਿ ਕੱਲੇ ਕੱਲੇ ਪੁੱਤ ਦੀਆਂ ਬੇਲੋੜੀਆਂ ਖੁਆਇਸਾ਼ ਪੂਰੀਆਂ ਕਰਨ ਲਈ
ਉਨ੍ਹਾਂ ਨੂੰ ਖੁੱਲਾ ਖ਼ਰਚਾ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਵਿਗਾੜਦੇ ਹਨ ਜੋ ਬਾਅਦ ਵਿੱਚ ਆਪ ਨੂੰ ਹੀ ਦੁੱਖ ਦਿੰਦੀਆਂ ਹਨ।ਸੋ ਇਹ ਇੱਕ ਬਹੁਤ ਹੀ ਗੰਭੀਰ ਅਤੇ ਅਹਿਮ ਮਸਲਾ ਹੈ ਇਸ ਨੂੰ ਹੱਲ ਕਰਨ ਲਈ ਸੰਬਧਤ ਧਿਰਾਂ ਜਾਂ ਪੰਜਾਬ ਦਾ ਭਲਾ ਚਾਹੁਣ ਵਾਲੇ ਹਰ ਸ਼ਖਸ ਨੂੰ ਵਿਸ਼ੇਸ਼ ਕਦਮ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ
ਦੇਰ ਨਹੀਂ ਕਰਨੀ ਚਾਹੀਦੀ ਤਾਂ ਕਿ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804