(ਸਮਾਜ ਵੀਕਲੀ)
ਮੈਂ ਕਿਸੇ ਖੋਜੀ ਦੀ
ਸਮ੍ਰਿਤੀ ‘ਚ ਪਿਆ ਹੋਇਆ..
ਉਸਦਾ ਵਿਵੇਕ ਹਾਂ!
ਮੇਰਾ ਅਜੇ ਅਰਥ ਨਹੀਂ ਨਿਕਲਿਆ!
ਅਰਥ ਨਿਕਲਣ ਤੇ ਹੀ ਮੈਂ
ਭਾਵ ਵਿਚ ਢਲਣਾ ਹੈ!
ਫੇਰ ਕਿਤੇ ਮੇਰੇ ਵਜੂਦ ਨੂੰ
ਇੱਕ ਸ਼ਬਦ ਦੀ ਪ੍ਰਾਪਤੀ ਹੋਣੀ ਹੈ!
ਮੈਂ ਸ਼ਬਦ-ਸ਼ਬਦ ਹੋ!
ਕੋਈ ਵਿਸਮਾਦ ਬਣ ਕੇ!!
ਕਿਸੇ ਕਾਵਿਮਈ ਢੰਗ ਨਾਲ,
ਜਜ਼ਬਾਤਾਂ ਦੀ ਬੁੱਕਲ਼ ਮਾਰ,,
ਸਾਹਿਤ ਵਿੱਚੋਂ ਲੰਘਦੇ ਹੋਏ,,,
ਕਈ ਬੋਧੀਆਂ ਦੀ ਪ੍ਰਕਰਮਾ ਕਰਕੇ,,,,
ਲੰਮੇ ਸੰਘਰਸ਼ ਮਗਰੋਂ….
ਤੇਰੇ ਤੀਕ ਪਹੁੰਚਣਾ ਹੈ!
ਫੇਰ ਤੇਰੇ ਕੰਨਾਂ ਮੈਂਨੂੰ
ਕਿਸੇ ਦੇ ਮੂੰਹੋਂ ਸੁਣਨਾ ਹੈ!
ਫਿਰ ਮੈਂ ਤੇਰੀ
ਚੇਤਨਾ ਵਿੱਚ ਜਾਗਣਾ ਹੈ!
ਫੇਰ ਕਿਤੇ ਤੂੰ ਮੇਰੀ
ਭਾਲ਼ ਵਿਚ ਨਿਕਲਣਾ ਹੈ!
ਕਈ ਵਾਰ ਲੱਭਣਾ
ਅਤੇ ਗਵਾਚਣਾ ਹੈ!
ਇਹ ਖੇਡ ਕਈ ਜਨਮ ਚੱਲਣੀ ਹੈ!
ਮੈਂ ਤੇਰੇ ਸਰੂਰ ਵਿਚ ਦੀ
ਵਿਚਰਨਾ ਹੈ!
ਤੈਨੂੰ ਇਕਲਾਪੇ ਵਿਚ
ਝੰਜੋੜਨਾ ਹੈ!
ਤੇਰੇ ਉਨੀੰਦਰੇ ਵਿਚ
ਰੜਕਣਾ ਹੈ!
ਤੈਨੂੰ ਤੇਰੇ ਹੀ ਮਗਰ
ਲਾਈ ਰੱਖਣਾ ਹੈ!
ਤੈਨੂੰ ਕਾਹਦੀ ਫ਼ਿਕਰ?
ਤੈਨੂੰ ਕਾਹਦਾ ਰੋਸ?
ਤੈਨੂੰ ਕਾਹਦਾ ਗਿਲਾ?
ਤੈਨੂੰ ਕਾਹਦੀ ਕਾਹਲ਼?
ਅਜੇ ਤਾਂ ਮੈਂ ਕਈਆਂ ਯੁੱਗਾਂ ਦੀ
ਯਾਤਰਾ ਤੈਅ ਕਰਨੀ ਹੈ!
ਅਦਿੱਖ ਤੋਂ
ਇਕ ਰੂਪ ਹੋਣ ਲਈ!
ਓਦੋਂ ਤਕ ਤੇਰਾ ਕੰਮ
ਖਲਾਅ ਦੇ ਅੰਦਰ,
ਭਟਕਣਾਂ ਹੀ ਤਾਂ ਹੈ!
ਸ਼ਬਦ ਤੋਂ ਸਰੂਪ ਤੱਕ
ਦੇ ਸਫ਼ਰ ਵਿਚ,
ਮੇਰਾ ਤਾਂ ਕਿਤੇ ਵੀ
ਵਸਲ ਜਾਂ ਮੁਕਾਮ
ਨਹੀਂ ਆਉਂਦਾ !
ਮੈਂ ਤਾਂ ਕੁਦਰਤ ਦੇ
ਭਾਣੇ ਵਿੱਚ ਬੱਝੀ ਹੋਈ
ਕੁਦਰਤੀ ਕਾਰ-ਵਿਹਾਰ ਦੀ
ਇੱਕ ਰਸਮ ਹੀ ਹਾਂ!
~ ਰਿਤੂ ਵਾਸੂਦੇਵ