ਬੁੱਧ ਕਾਵਿ

ਬੁੱਧ ਸਿੰਘ ਨੀਲੋਂ 
(ਸਮਾਜ ਵੀਕਲੀ)
ਦਰਦ ਦੀ ਚੀਕ
ਇਹ ਆਪਣਾ ਘਰ ਬਣਾਉਣ ਲਈ
ਮੈਂ ਆਪਣੇ ਅਰਮਾਨਾਂ ਦਾ
ਆਪਣੇ ਹੱਥੀਂ ਕਤਲ ਕੀਤਾ
ਸੁੰਨੇ ਪਏ ਵਿਹੜੇ ਵਿੱਚ
ਫੁੱਲ ਖਿੜੇ ਪੰਛੀ ਚੀਕੇ
ਮੋਰਾਂ ਨੇ ਪੈਲਾਂ ਪਾਈਆਂ
ਚਿੜੀਆਂ ਦੀ ਚੀਂ ਚੀਂ
ਘੁੱਗੀਆਂ ਗਟਾਰਾਂ ਦੀ
ਚੁੰਝ ਚਰਚਾ
ਕਾਂਵਾਂ ਦੀ ਟੁੱਕ ਪਿਛੇ ਜੰਗ
ਵੇਖਦਿਆਂ ਵੇਖਦਿਆਂ ਪਤਾ ਨਾ ਲੱਗਿਆ
ਕਦੋਂ ਆਪਾਂ ਇੱਕ ਦੂਜੇ ਦੇ ਖਿਲਾਫ
ਮੋਰਚਾ ਬੰਦੀ ਕਰਨ ਲੱਗੇ
ਤੇਰਾ ਮੇਰਾ ਇਕ ਸਾਹ
ਕਦੋਂ ਤੇਰਾ ਤੇ ਮੇਰਾ ਬਣ ਗਿਆ
ਖ਼ੁਸ਼ੀਆਂ ਨਾਲ ਭਰਿਆ ਘਰ
ਦੋ ਕਮਰਿਆਂ ਵਿੱਚ ਸਰਹੱਦ ਬਣ ਗਿਆ
ਮੈਂ ਲੋਕਾਚਾਰੀ ਨੂੰ ਨਿਭਾਉਂਦੀ ਰਹੀ
ਤੇਰੇ ਬਰਾਬਰ ਤੁਰਦੀ ਤੁਰਦੀ
ਕਦੋਂ ਪਿੱਛੇ ਰਹਿ ਗਈ
ਪਤਾ ਹੀ ਨੀਂ ਲੱਗਿਆ
ਜਦੋਂ ਪਤਾ ਲੱਗਦਾ ਮੈਂ ਇਕੱਲੀ ਹੁੰਦੀ
ਅੱਖਾਂ ਦਰਿਆ ਬਣ ਜਾਂਦੀਆਂ
ਅਰਮਾਨ ਉਸ ਦੇ ਪਾਣੀਆਂ ਦੇ ਵਿੱਚ
ਵਹਿ ਜਾਂਦੇ ਤੇ ਮੈਂ ਖਾਲੀ ਹੋ ਜਾਂਦੀ
ਆਪਣਾ ਆਪ ਸਮੇਟਦੀ
ਕਦੇ ਉਠਦੀ ਕਦੇ ਲੇਟਦੀ
ਹਰ ਵਾਰ ਮੈਂ ਜੰਗ ਹਾਰਦੀ
ਰਿਸ਼ਤਿਆਂ ਦੀ ਮਰਿਆਦਾ
ਕਦੇ ਪੈਰਾਂ ਦੀ ਝਾਂਜਰ ਬਣ ਜਾਂਦੀ
ਕਦੇ ਨੱਕ ਦੀ ਨੱਥ
ਮੇਰੇ ਕੁੱਝ ਵੀ ਹੱਥ ਵੱਸ
ਮੈਂ ਹੱਸਦੀ ਤੇ ਸੋਚਦੀ ਰਹਿੰਦੀ
ਮੈਨੂੰ ਕੋਈ ਸਿਰਾ ਨਾ ਮਿਲਦਾ
ਤਾਣੀ ਉਲਝਦੀ ਜਾਂਦੀ
ਹੌਲੀ ਹੌਲੀ ਮੈਂ ਦਰਦ ਸਹਿਣਾ ਸਿੱਖ ਲਿਆ
ਗੁੱਸੇ ਨੂੰ ਪੀਣਾ ਸਿੱਖ ਲਿਆ
ਹੱਸਦਾ ਵੱਸਦਾ ਘਰ ਕਮਰਿਆਂ
ਦਾਇਰਿਆਂ ਵਿਚ ਬਦਲ ਗਿਆ
ਤੇਰਾ ਤੇ ਮੇਰਾ ਕਮਰਾ ਬਣ ਗਿਆ
ਦਿਲ ਪੱਥਰ ਬਣ ਗਿਆ
ਮੈਂ ਕ੍ਰਿਸ਼ਨ ਦੀ ਉਡੀਕ ਵਿੱਚ ਬੈਠੀ ਸੀ
ਅਚਾਨਕ ਇਕ ਦਿਨ ਕੋਈ
ਦਿਲ ਦੇ ਆਲ੍ਹਣੇ ਵਿਚ ਆ ਗਿਆ
ਮੈਂ ਫਿਰ ਤੋਂ ਜਿਉਣਾ ਸ਼ੁਰੂ ਕਰ ਲਿਆ
ਉਡਣਾ ਸਿਖਿਆ ਤੇ ਉਡਣ ਲੱਗੀ
ਹੁਣ ਬਾਕੀ ਦੇ ਪਲ ਸੌਖੇ ਲੰਘ ਜਾਣਗੇ!
ਹੁਣ ਮੈਂ ਜਿਉਣਾ ਐ
ਆਪਣੇ ਲਈ
ਉਸ ਦੇ ਲਈ
ਜਿਉਣਾ ਐ
ਬੁੱਧ ਸਿੰਘ ਨੀਲੋਂ 
Previous articleਕਵਿਤਾ
Next articleਵਿਦਿਆਰਥੀ ਗੁਰਸ਼ਰਨਜੀਤ ਸਿੰਘ ਦੀ ਪ੍ਰਤਿਭਾ ਨਾਲ ਚਮਕਿਆ ਕੇਂਦਰੀ ਵਿਦਿਆਲਿਆ-1 (ਰੇਲਵੇ ਕੋਚ ਫੈਕਟਰੀ) ਦਾ ਨਾਂ