ਕਵਿਤਾ ਚਾਹ

(ਸਮਾਜ ਵੀਕਲੀ)

ਕੱਲ੍ਹ ਮੈਂ ਜਦੋਂ ਤੇਰੇ ਕਮਰੇ ‘ਚ ਦਾਖਲ ਹੋਈ
ਤੂੰ ਕਿਸੇ ਕਿਤਾਬ ਵਿੱਚ ਗਵਾਚਿਆ ,
ਕਿਸੇ ਸੋਚ ਦੇ ਘੇਰੇ ਵਿੱਚ ਉਲਝਿਆ ਸੀ
ਵਿੱਚ ਵਿੱਚ ਗਰਦਨ ਘੁਮਾ ਕੇ ਤੂੰ
ਗੈਲਰੀ ਵਿੱਚ ਖੁੱਲ੍ਹੀ ਮੇਰੀ ਤਸਵੀਰ
ਵੱਲ ਵੇਖ ਕੇ ਮੁਸਕਰਾ ਦੇਂਦਾ
ਮੈਨੂੰ ਸਾਹਮਣੇ ਵੇਖ ਕੇ
ਤੂੰ ਚੌਂਕਿਆ ਨਹੀ ਸੀ ਭੋਰਾ ਵੀ
ਮੇਰਾ ਹੱਥ ਫੜ ਮੈਨੂੰ ਕੋਲ ਬਠਾ
ਤੂੰ ਕਿੰਨਾ ਈ ਚਿਰ ਮੈਨੂੰ
ਪਿਆਰ ਨਾਲ ਤੱਕਦਾ ਰਿਹਾ ਸੀ
ਮੈਂ ਕਦੇ ਉਸ ਤੱਕਣੀ ਦਾ ਨਿੱਘ ਮਾਣਦੀ
ਕਦੇ ਨੀਵੀਂ ਪਾ ਲੈਂਦੀ
ਤੂੰ ਕਿਹਾ ਬੈਠ ਤੂੰ
ਮੈਂ ਤੇਰੇ ਲਈ ਚਾਹ ਬਣਾ ਕੇ ਲਿਆਇਆ
ਮੈਂ ਕਿਹਾ , ਚਾਹ ਮੈਂ ਬਣਾਉਂਦੀ ਆਂ
ਬੱਸ ਮੈਨੂੰ ਦੱਸ ਦਿਓ
ਚਾਹ ਦਾ ਸਮਾਨ ਕਿੱਥੇ ਕਿੱਥੇ ਪਿਆ ਐ
ਤੂੰ ਮੈਨੂੰ ਰਸੋਈ ‘ਚ
ਸਭ ਸਮਾਨ ਤੋਂ ਜਾਣੂ ਕਰਵਾਇਆ ਸੀ
ਪਰ ਕਮਰੇ ਵਿੱਚ ਵਾਪਸ
ਪਰਤਣ ਦੀ ਬਜਾਇ
ਤੂੰ ਕੁਝ ਦੂਰ ਖੜਾ
ਮੈਨੂੰ ਮੋਹ ਨਾਲ ਨਿਹਾਰ ਰਿਹਾ ਸੀ
ਮੈਂ ਚਾਹ ਬਣਾਉਣ ਵਿੱਚ ਰੁੱਝੀ
ਤੇਰੇ ਉੱਥੇ ਮੌਜੂਦ ਹੋਣ ਤੋਂ ਅਣਜਾਣ
ਬਣਨ ਦਾ ਨਾਟਕ ਕਰਦੀ ਨੇ
ਚੌਂਕ ਕੇ ਕਿਹਾ ਸੀ
ਓ ਹੋ ! ਤੁਸੀ ਗਏ ਨੀ ਵਾਪਸ ।

ਚਾਹ ਦਾ ਕੱਪ ਲੈ ਆਪਾਂ
ਕਮਰੇ ਚ ਮੁੜ ਆਏ ਸੀ
ਇੱਕ ਘੁੱਟ ਭਰ ਕੇ
ਕੱਪ ਤੁਸੀਂ ਮੈਨੂੰ ਫੜਾ ਦੇਂਦੇ
ਮੈਂ ਚੁਸਕੀ ਲੈ ਕੇ
ਕੱਪ ਤੁਹਾਡੇ ਵੱਲ ਖਿਸਕਾ ਦੇਂਦੀ
ਅਚਾਨਕ ਬੂਹਾ ਖੜਕਿਆ
ਮੇਰੀ ਤ੍ਰਭਕ ਕੇ ਨੀਂਦ ਖੁੱਲੀ
ਵੇਖਿਆ ਚਾਹ ਨੂੰ ਤਾਂ ਹਲੇ ਬੜਾ ਟਾਈਮ ਸੀ
ਪਾਸਾ ਜਿਹਾ ਮਾਰ ਕੇ ਮੈਂ ਮੁੜ ਸੌਂ ਗਈ ।
ਇਹ ਤਾਂ ਪੁੱਛਣਾ ਹੈ ਭੁੱਲ ਗਈ
ਚਾਹ ਠੀਕ ਬਣੀ ਸੀ।

ਬੌਬੀ ਗੁਰਪਰਵੀਨ

Previous articleਪੰਜਾਬ ਸਰਕਾਰ ਦੇ ਯੋਗਾ ਸਮਾਗਮ ਤੋਂ ਕੁੱਝ ਫਰਲਾਂਗ ਦੂਰ ਲਾਈ ਅੱਗ ਨੇ ਤੰਦਰੁਸਤੀ ਜਾਗਰੂਕਤਾ ਮੁਹਿੰਮ ਦੀ ਕੱਢੀ ਫੂਕ
Next articleBIRMINGHAM SHAHEEDI FOOTBALL TOURNAMENT 2024