ਆਗਿਆਕਾਰੀ ਪਿਤਾ ਹੋਣ ਦੇ ਫਾਇਦੇ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਆਗਿਆਕਾਰੀ ਪਿਤਾ ਹੋਣ ਦੇ ਫਾਇਦੇ

ਹਾਸ ਵਿਅੰਗ

(ਸਮਾਜ ਵੀਕਲੀ) ਮੈਂ ਇਹ ਕੀ ਕਹਿ ਗਿਆ? ਤੁਸੀਂ ਮੇਰੇ ਅਜੇਹਾ ਕਹਿਣ ਤੇ ਮੈਨੂੰ ਪਾਗਲ, ਬੇਵਕੂਫ ਅਤੇ ਸਿਰਫਿਰਿਆ ਬੰਦਾ ਕਹਿ ਸਕਦੇ ਹੋ। ਲੇਕਿਨ ਸਾਹਿਬ ਜ਼ਰਾ ਮੇਰੀ ਗੱਲ ਧਿਆਨ ਨਾਲ ਸੁਣੋ, ਉਸ ਤੇ ਬਾਅਦ ਮੇਰੇ ਬਾਰੇ ਜੋ ਤੁਸੀਂ ਰਾਏ ਕਾਇਮ ਕਰਨਾ ਚਾਹੋ ਉਹ ਸਿਰ ਮੱਥੇ ਤੇ।
ਕੋਈ ਜਮਾਨਾ ਸੀ ਜਦੋਂ ਸਵੇਰੇ ਸਵੇਰੇ ਉੱਠ ਕੇ ਘਰ ਦੇ ਵੱਡੇ ਛੋਟੇ ਦਾਦਾ, ਦਾਦੀ, ਮਾਂ ਪਿਓ ਦੇ ਪੈਰੀਂ ਪੈ ਕੇ ਅਸ਼ੀਰਵਾਦ ਲਿਆ ਕਰਦੇ ਸੀ। ਘਰ ਦੇ ਵੱਡੇ ਬਜ਼ੁਰਗਾਂ ਦਾ ਕਿਹਾ ਹੋਇਆ ਹਰ ਸ਼ਬਦ ਪਰਿਵਾਰ ਦੇ ਮੈਂਬਰਾਂ ਲਈ ਆਖਰੀ ਫਰਮਾਨ ਹੋਇਆ ਕਰਦਾ ਸੀ। ਘਰ ਦਾ ਕੋਈ ਵੀ ਬੰਦਾ ਵੱਡਿਆਂ ਅੱਗੇ ਸਿਰ ਚੁੱਕ ਕੇ ਗੱਲ ਨਹੀਂ ਸੀ ਕਰ ਸਕਦਾ। ਹਮੇਸ਼ਾ ਅੱਖਾਂ ਨੀਵੀਆਂ ਕਰਕੇ ਗੱਲ ਕਰਿਆ ਕਰਦਾ ਸੀ, ਉੱਚਾ ਬੋਲਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਵਿਆਹ ਸ਼ਾਦੀ ਦੇ ਮਸਲੇ ਵੱਡੇ ਵਡੇਰੇ ਆਪਣੇ ਲੈਵਲ ਤੇ ਹੱਲ ਕਰ ਲਿਆ ਕਰਦੇ ਸੀ। ਪਰਿਵਾਰ ਦੇ ਮੁੰਡੇ ਜਾਂ ਕੁੜੀ ਤੋਂ ਉਹਨਾਂ ਦੀ ਰਾਏ ਨਹੀਂ ਪੁੱਛੀ ਜਾਂਦੀ ਸੀ। ਵੱਡਿਆਂ ਦੇ ਪ੍ਰਤੀ ਮਾਨ ਸਨਮਾਨ ਪ੍ਰਗਟ ਕਰਨਾ, ਉਹਨਾਂ ਦਾ ਆਗਿਆਕਾਰੀ ਹੋਣਾ, ਸੱਚ ਬੋਲਣ ਇੱਕ ਆਮ ਗੱਲ ਹੋਇਆ ਕਰਦੀ ਸੀ। ਹਰ ਘਰ ਵਿੱਚ ਸੰਸਕਾਰਾਂ ਤੇ ਚੱਲਣਾ ਪਹਿਲੀ ਸ਼ਰਤ ਹੋਇਆ ਕਰਦੀ ਸੀ।
ਲੇਕਿਨ ਅੱਜ ਕੱਲ ਜੇਕਰ ਤੁਸੀਂ ਇੰਨਾ ਗੱਲਾਂ ਦੀ ਉਮੀਦ ਕਰਦੇ ਹੋ ਤਾਂ ਤੁਹਾਡੀ ਸਰਾ ਸਰ ਗਲਤੀ ਹੀ ਨਹੀਂ ਬਲਕਿ ਬੇਵਕੂਫੀ ਵੀ ਹੈ। ਜਮਾਨਾ ਬਦਲ ਗਿਆ ਹੈ। ਇਹ ਗੱਲਾਂ ਕਿਤਾਬਾਂ ਵਿੱਚ ਪੜਨ ਵਾਸਤੇ ਵੀ ਸ਼ਾਇਦ ਅੱਜ ਕੱਲ ਬਹੁਤ ਘੱਟ ਮਿਲਦੀਆਂ ਹਨ। ਜਿਆਦਾਤਰ ਪਰਿਵਾਰਾਂ ਵਿੱਚ ਮਾਰ ਕੁੱਟ, ਉੱਚੀ ਬੋਲ ਨਾ, ਗਾਲਾਂ ਕੱਢਣਾ, ਵੱਡੇ ਛੋਟੇ ਦੀ ਤਮੀਜ਼ ਨਾ ਕਰਨਾ, ਪੁੱਤਰਾਂ ਦਾ ਆਪਣੇ ਪਿਤਾ ਅਤੇ ਬਜ਼ੁਰਗਾਂ ਦਾ ਅਪਮਾਨ ਕਰਨਾ ਇੱਕ ਆਮ ਗੱਲ ਹੋ ਗਈ ਹੈ। ਕਿਸੇ ਜਮਾਨੇ ਛੋਟੇ ਵੱਡਿਆਂ ਤੋਂ ਡਰਿਆ ਕਰਦੇ ਸੀ ਲੇਕਿਨ ਅੱਜ ਕੱਲ ਵੱਡਿਆਂ ਨੂੰ ਵੀ ਛੋਟਿਆਂ ਤੋਂ ਡਰ ਲੱਗਦਾ ਹੈ। ਘਰ ਵਾਲੇ ਇੱਕ ਦੂਜੇ ਨਾਲ ਬਣਾ ਕੇ ਰੱਖਣ ਦੇ ਬਦਲੇ ਬਾਹਰ ਦੇ ਬੰਦਿਆਂ ਨਾਲ ਬਣਾ ਕੇ ਰੱਖਣਾ ਜਿਆਦਾ ਪਸੰਦ ਕਰਦੇ ਹਨ, ਇੱਕ ਦੂਜੇ ਤੋਂ ਗੱਲਾਂ ਛੁਪਾਉਂਦੇ ਹਨ ਅਤੇ ਇੱਕ ਦੂਜੇ ਨਾਲ ਈਰਖਾ ਕਰਦੇ ਹਨ। ਘਰਾਂ ਵਿੱਚ ਅਨੁਸ਼ਾਸਨ ਨਾਮ ਦੀ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਸਭ ਨੂੰ ਸਭ ਕੁਝ ਕਰਨ ਦੀ ਖੁੱਲੀ ਛੁੱਟੀ ਮਿਲੀ ਹੋਈ ਹੈ। ਅਜਿਹੇ ਮਾਹੌਲ ਵਿੱਚ ਬਜ਼ੁਰਗ ਲੋਕ ਇੱਜਤ ਨੂੰ ਤਰਸਦੇ ਹਨ। ਅੱਜ ਕੱਲ ਬੱਚੇ ਜਦੋਂ ਟੀਵੀ ਦੇਖ ਰਹੇ ਹੁੰਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਉੱਥੇ ਆਉਂਦੇ ਹਨ ਤਾਂ ਬੱਚੇ ਟੀਵੀ ਦੇ ਉੱਤੇ ਅਜਿਹੀਆਂ ਚੀਜ਼ਾਂ ਦੇਖਦੇ ਹਨ ਕਿ ਵੱਡੇ ਹੀ ਸ਼ਰਮ ਨਾਲ ਉਥੋਂ ਉੱਠ ਕੇ ਇੱਕ ਪਾਸੇ ਹੋ ਜਾਂਦੇ ਹਨ! ਅੱਜ ਕੱਲ ਬੱਚੇ ਜਦੋਂ ਟੀਵੀ ਜਾਂ ਮੋਬਾਈਲ ਦੇਖ ਰਹੇ ਹੋਣ ਤਾਂ ਮਾਂ ਪਿਓ ਜਾਂ ਕਿਸੇ ਬਜ਼ੁਰਗ ਦੀ ਇਤਨੀ ਹਿੰਮਤ ਨਹੀਂ ਹੁੰਦੀ ਕਿ ਉਹ ਕਿਸੇ ਨੂੰ ਪਾਣੀ ਦਾ ਇੱਕ ਗਿਲਾਸ ਲਿਆਉਣ ਵਾਸਤੇ ਕਹੇ। ਘਰਾਂ ਵਿੱਚ ਬੇਸ਼ਰਮੀ, ਬੇਹਿਆਈ, ਬੇਅਦਬੀ ਆਦੀ ਦੇਖਣ ਨੂੰ ਮਿਲਦੇ ਹਨ। ਮਰਿਆਦਾ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਬੇਸ਼ੱਕ ਅੱਜ ਕੱਲ ਲੋਕੀ ਵਧੀਆ ਵਧੀਆ ਕੱਪੜੇ ਪਾਉਂਦੇ ਹਨ, ਮਹਿੰਗੀਆਂ ਕਾਰਾਂ ਵਿੱਚ ਸਫਰ ਕਰਦੇ ਹਨ, ਉੱਚੀਆਂ ਉੱਚੀਆਂ ਅਤੇ ਸਾਰੀਆਂ ਸੁਵਿਧਾਵਾਂ ਨਾਲ ਲੈਸ ਬਿਲਡਿੰਗਾਂ ਵਿੱਚ ਰਹਿੰਦੇ ਹਨ ਪ੍ਰੰਤੂ ਇਹਨਾਂ ਵਿੱਚ ਬਜ਼ੁਰਗਾਂ ਦਾ ਕਹਿਣਾ ਮੰਨਣਾ ਜਾਂ ਉਹਨਾਂ ਦੀ ਇੱਜਤ ਕਰਨ ਵਾਲੀਆਂ ਗੱਲਾਂ ਦੇਖਣ ਨੂੰ ਨਹੀਂ ਮਿਲਦੀਆਂ। ਲੇਕਿਨ ਵਿਚਾਰੇ ਬਜ਼ੁਰਗ ਵੀ ਕਰਨ ਤਾਂ ਕੀ ਕਰਨ, ਉਹਨਾਂ ਦਾ ਵੇਲਾ ਤਾਂ ਗੁਜ਼ਰ ਚੁੱਕਿਆ ਹੈ, ਉਹ ਹੁਣ ਸਰੀਰਕ ਤੌਰ ਤੇ ਲਾਚਾਰ ਹੋ ਚੁੱਕੇ ਹਨ, ਉਹਨਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਆਪਣੀਆਂ ਜਰੂਰਤਾਂ ਲਈ ਨਿਰਭਰ ਰਹਿਣਾ ਪੈਂਦਾ ਹੈ, ਇਸ ਕਰਕੇ ਉਹ ਘਰ ਵਿੱਚ ਜੋ ਕੁਝ ਹੋ ਰਿਹਾ ਹੁੰਦਾ ਹੈ ਉਹਦੇ ਵਿੱਚ ਦਖਲ ਅੰਦਾਜੀ ਨਹੀਂ ਕਰਦੇ ਨਹੀਂ ਤਾਂ ਸਾਰਾ ਸਿਆਪਾ ਉਹਨਾਂ ਦੇ ਗੱਲ ਵਿੱਚ ਹੀ ਪੈ ਜਾਏਗਾ। ਬਜ਼ੁਰਗਾਂ ਨੂੰ ਸਮੇਂ ਸਮੇਂ ਤੇ ਘਰ ਦੇ ਬੰਦੇ ਦਿਖਾਵੇ ਦੇ ਤੌਰ ਤੇ ਆਪਣੇ ਨਾਲ ਬਿਠਾ ਲੈਂਦੇ ਹਨ ਤਾਂ ਜੋ ਬਾਹਰ ਦੇ ਬੰਦਿਆਂ ਤੇ ਇਸਦਾ ਚੰਗਾ ਇਮਪਰੈਸ਼ਨ ਹੋਵੇ। ਇੱਕ ਫਿਲਮ ਵਿੱਚ ਅਮਿਤਾਭ ਬੱਚਨ ਨੇ ਕਿਹਾ ਸੀ,,, ਰਿਸ਼ਤੇ ਮੇਂ ਹਮ ਤੁਮਹਾਰੇ ਬਾਪ ਲਗਤੇ ਹੈ ਲੇਕਿਨ ਇਸਦੇ ਨਾਲ ਨਾਲ ਸੈਕਸਪੀਅਰ ਨੇ ਇਹ ਵੀ ਕਿਹਾ ਹੈ ਕਿ Child is the father of man ਔਰ ਸੱਚਮੁੱਚ ਅੱਜ ਕੱਲ ਦੇ ਬੱਚੇ ਆਪਣੇ ਪਿਓ ਦੇ ਵੀ ਪਿਓ ਬਣੇ ਹੋਏ ਹਨ। ਇਸ ਕਰਕੇ ਪਿਤਾ ਵਾਸਤੇ ਆਗਿਆਕਾਰੀ ਹੋ ਕੇ ਰਹਿਣਾ ਬਹੁਤ ਫਾਇਦੇ ਦੀ ਗੱਲ ਹੈ। ਜੇਕਰ ਬਜ਼ੁਰਗ ਪਿਤਾ ਨੇ ਆਪਣੇ ਘਰ ਵਿੱਚ ਇੱਜਤ ਬਚਾ ਕੇ ਰਹਿਣਾ ਹੈ ਤਾਂ ਸਭ ਤੋਂ ਪਹਿਲਾਂ ਉਹ ਘਰ ਦੇ ਕਿਸੇ ਵੀ ਮਾਮਲੇ ਵਿੱਚ ਦਖਲ ਅੰਦਾਜੀ ਨਾ ਕਰੇ। ਕਿਸੇ ਮਾਮਲੇ ਵਿੱਚ ਕਿਸੇ ਬੰਦੇ ਨੂੰ ਕੋਈ ਸਲਾਹ ਨਾ ਦੇਵੇ। ਅਤੇ ਨਾ ਹੀ ਆਪਣੇ ਸਮੇਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਸੁਣਾ ਕੇ ਘਰ ਤੇ ਬੰਦਿਆਂ ਨੂੰ ਪ੍ਰਭਾਵਿਤ ਕਰਨ ਦੀ ਬੇਵਕੂਫੀ ਕਰੇ। ਹਰ ਬੰਦਾ ਆਪਣੇ ਆਪ ਨੂੰ ਪਰਿਵਾਰ ਵਿਚ ਦੂਜੇ ਦੇ ਮੁਕਾਬਲੇ ਜਿਆਦਾ ਸਮਝਦਾਰ ਅਤੇ ਅਕਲਮੰਦ ਸਮਝਦਾ ਹੈ। ਜੇਕਰ ਬਜ਼ੁਰਗ ਪਿਤਾ ਦੇ ਪੁੱਤਰ ਅਤੇ ਨੂੰਹ ਵਿੱਚ ਕੋਈ ਝਗੜਾ ਹੋ ਜਾਏ ਤਾਂ ਉਸ ਨੂੰ ਜਜ ਦੀ ਭੂਮਿਕਾ ਨਿਭਾਉਣ ਦੀ ਬੇਵਕੂਫੀ ਨਹੀਂ ਕਰਨੀ ਚਾਹੀਦੀ। ਜੋ ਮੈਚ ਚੱਲ ਰਿਹਾ ਹੈ ਉਸਨੂੰ ਚਲਣ ਦਿਓ ਕੁਝ ਸਮੇਂ ਬਾਅਦ ਲੜ ਝਗੜ ਕੇ ਪੁੱਤਰ ਅਤੇ ਨੂੰਹ ਆਪਣੇ ਆਪ ਚੁੱਪ ਹੋ ਜਾਣਗੇ। ਕਿਉਂਕਿ ਜੇਕਰ ਉਹ ਇਸ ਝਗੜੇ ਵਿੱਚ ਦਖਲ ਅੰਦਾਜ਼ੀ ਕਰੇਗਾ ਤਾਂ ਦੋਹਾਂ ਵਿੱਚੋਂ ਕੋਈ ਨਾ ਕੋਈ ਆਪਣੇ ਪਿਤਾ ਤੇ ਪੱਖਪਾਤ ਦਾ ਇਲਜ਼ਾਮ ਲਗਾਏਗਾ। ਇਸ ਤੋਂ ਇਲਾਵਾ ਪਿਤਾ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਸਵੇਰੇ ਸਵੇਰੇ ਅਖਬਾਰ ਆਉਂਦਾ ਹੈ ਤਾਂ ਉਸਨੂੰ ਛੇਤੀ ਛੇਤੀ ਉੱਠ ਕੇ ਇਸ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਬਲਕਿ ਘਰ ਦੇ ਸਾਰੇ ਬੰਦਿਆਂ ਨੂੰ ਪਹਿਲਾਂ ਇਸ ਨੂੰ ਪੜਨ ਦੇਣਾ ਚਾਹੀਦਾ ਜਦੋਂ ਸਾਰੇ ਬੰਦੇ ਇਸਨੂੰ ਪੜ ਪੜਾ ਚੁੱਕੇ ਹੋਣ ਉਸ ਵੇਲੇ ਹੀ ਇਸ ਨੂੰ ਪੜਨਾ ਚਾਹੀਦਾ। ਜੇਕਰ ਉਸ ਦਾ ਟੀਵੀ ਦੇਖਣ ਵਾਸਤੇ ਦਿਲ ਕਰਦਾ ਹੈ ਤਾਂ ਉਸ ਨੂੰ ਕਦੇ ਵੀ ਉਸ ਵੇਲੇ ਟੀਵੀ ਨਹੀਂ ਦੇਖਣਾ ਚਾਹੀਦਾ ਜਿਸ ਵੇਲੇ ਘਰ ਦੇ ਹੋਰ ਬੰਦੇ ਟੀਵੀ ਦੇਖ ਰਹੇ ਹਨ ਜਾਂ ਉਸ ਨੂੰ ਕਦੇ ਵੀ ਆਪਣੇ ਮਨ ਪਸੰਦ ਦਾ ਟੀਵੀ ਚੈਨਲ ਲਾਉਣ ਵਾਸਤੇ ਨਹੀਂ ਕਹਿਣਾ ਚਾਹੀਦਾ ਕਿਉਂਕਿ ਸਭ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਅਤੇ ਉਸ ਦੀ ਪਸੰਦ ਦੇ ਮੁਤਾਬਿਕ ਘਰ ਦੇ ਬੰਦੇ ਟੀਵੀ ਚੈਨਲ ਨਹੀਂ ਦੇਖਣਗੇ ਨਹੀਂ ਤਾਂ ਸਿਆਪਾ ਛਿਡ ਜਾਏਗਾ। ਘਰ ਦਾ ਵੱਡਾ ਹੋਣ ਦੇ ਬਾਵਜੂਦ ਵੀ ਉਸਨੂੰ ਕਿਸੇ ਗੱਲ ਦੀ ਵਡਿਆਈ ਨਹੀਂ ਦਿਖਾਣੀ ਚਾਹੀਦੀ। ਬਜ਼ੁਰਗ ਪਿਤਾ ਨੂੰ ਜਿੱਥੇ ਤੱਕ ਹੋ ਸਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਹੈ ਅਤੇ ਆਪਣੇ ਹਮ ਉਮਰ ਲੋਕਾਂ ਦੇ ਨਾਲ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ ਉਹਨਾਂ ਨਾਲ ਆਪਣੇ ਦੁੱਖ ਸੁੱਖ ਦੀ ਸਾਂਝ ਕਰਨੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਤਾਂ ਉਸ ਦਾ ਕੋਈ ਵੀ ਹਮਦਰਦ ਨਹੀਂ ਹੈ। ਪਿਤਾ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਆਰਥਿਕ ਤੌਰ ਤੇ ਪਰਿਵਾਰ ਦੇ ਬੰਦਿਆਂ ਤੇ ਨਿਰਭਰ ਨਾ ਰਹੇ। ਇਸ ਵਾਸਤੇ ਚੰਗੀ ਗੱਲ ਤਾਂ ਇਹ ਹੈ ਕਿ ਉਹ ਬੁੜਾਪਾ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਵਾਸਤੇ ਬੁੜਾਪੇ ਲਈ ਥੋੜੀ ਬਹੁਤ ਮਾਇਆ ਜੋੜ ਕੇ ਰੱਖੇ। ਅੱਜ ਕੱਲ ਦਾ ਜਮਾਨਾ ਇਹ ਹੈ ਕਿ ਬੱਚੇ ਆਮਦਨੀ ਤੋਂ ਜਿਆਦਾ ਖਰਚ ਕਰਦੇ ਹਨ। ਜਰੂਰਤ ਪੈਣ ਤੇ ਉਹ ਆਪਣੇ ਪਿਤਾ ਨੂੰ ਮਦਦ ਕਰਨ ਵਾਸਤੇ ਕਹਿ ਵੀ ਸਕਦੇ ਹਨ। ਲੇਕਿਨ ਜੇਕਰ ਪਿਤਾ ਜੀ ਨੇ ਆਪਣੀ ਇੱਜਤ ਬਚਾਉਣੀ ਹੋਵੇ ਤਾਂ ਆਰਥਿਕ ਤੌਰ ਤੇ ਉਹ ਪਰਿਵਾਰ ਤੇ ਬੋਝ ਨਾ ਬਣੇ। ਉਹ ਸਾਰੀ ਉਮਰ ਪਰਿਵਾਰ ਦੇ ਬੰਦਿਆਂ ਵਾਸਤੇ ਕੁਝ ਨਾ ਕੁਝ ਸੇਵਾ ਕਰਦਾ ਰਿਹਾ ਹੈ, ਉਸ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਬੁੜਾਪੇ ਵਿੱਚ ਉਸ ਦੀ ਕੋਈ ਸੇਵਾ ਕਰੇਗਾ, ਉਸ ਦਾ ਕਹਿਣਾ ਮੰਨੇਗਾ, ਉਸ ਦੀ ਇੱਜਤ ਕਰੇਗਾ, ਜਾਂ ਉਸਦੇ ਕੀਤੇ ਹੋਏ ਚੰਗੇ ਕੰਮਾਂ ਦੀ ਤਾਰੀਫ ਕਰੇਗਾ। ਮੇਰੇ ਪਿਆਰੇ ਬਜ਼ੁਰਗ ਭਰਾਵੋ! ਮੇਰੀਆਂ ਇਹ ਗੱਲਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਪਰਿਵਾਰ ਵਿੱਚ ਆਪਣੀ ਵਡਿਆਈ ਬਿਲਕੁਲ ਨਾ ਕਰੋ। ਜੇਕਰ ਹੋ ਸਕੇ ਪਰਿਵਾਰ ਦੇ ਬੰਦਿਆਂ ਦੀ ਝੂਠੀ ਤਰੀਫ ਕਰਦੇ ਰਹੋ। ਰੋਟੀ ਸਬਜੀ ਠੀਕ ਨਾ ਹੋਵੇ ਤਾਂ ਵੀ ਇਹੀ ਕਹੋ,,, ਬਈ ਕਮਾਲ ਹੋ ਗਿਆ, ਅੱਜ ਤਾਂ ਰੋਟੀ ਸਬਜ਼ੀ ਬਹੁਤ ਵਧੀਆ ਬਣੀ ਹੋਈ ਹੈ। ਜੇ ਪੁੱਤਰ ਅਤੇ ਨੂੰਹ ਤੁਹਾਡੇ ਪੋਤਰੇ ਅਤੇ ਪੋਤਰੀਆਂ ਨੂੰ ਤੁਹਾਡੇ ਨਾਲ ਗੱਲਬਾਤ ਨਹੀਂ ਕਰਨ ਦਿੰਦੇ, ਖੇਡਣ ਨਹੀਂ ਦਿੰਦੇ ਅਤੇ ਤੁਹਾਡੇ ਨੇੜੇ ਨਹੀਂ ਆਉਣ ਦਿੰਦੇ ਤਾਂ ਤੁਸੀਂ ਇਸਦੀ ਸ਼ਿਕਾਇਤ ਬਿਲਕੁਲ ਨਾ ਕਰੋ। ਆਪਣੇ ਮਨ ਨੂੰ ਸਮਝਾਓ। ਬੱਚੇ ਇਹ ਸਾਰਾ ਕੁਝ ਆਪਣੇ ਮਾਂ ਪਿਓ ਦੇ ਕਹਿਣ ਤੇ ਹੀ ਕਰਦੇ ਹਨ। ਜੇ ਚੰਗਾ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਆਪਣੇ ਘਰ ਵਿੱਚ ਆਗਿਆਕਾਰੀ ਪਿਤਾ ਬਣ ਕੇ ਰਹੋ ਵਰਨਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹ ਜਹਾਂ ਦਾ ਕੀ ਹਾਲ ਕੀਤਾ ਸੀ?

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ_੧੨੪੦੦੧(ਹਰਿਆ

 

Previous articleਬੁੱਧ ਬਾਣ
Next articleਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਨਵਾਂ ਵਿਵਾਦ ਛਿੜਿਆ