ਪ੍ਰਗਤੀਵਾਦੀ ਸ਼ਾਇਰ-ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਮਹਿੰਦਰ ਸਿੰਘ ਮਾਨ ਪੰਜਾਬੀ ਕਾਵਿ ਖੇਤਰ ਦਾ ਅਜਿਹਾ ਨਾਂ ਹੈ, ਜੋ ਪੂਰੀ ਨਿਰੰਤਰਤਾ ਨਾਲ ਪੰਜਾਬੀ ਕਵਿਤਾ ਦੀ ਰਚਨਾਤਮਕ ਜ਼ਮੀਨ ਨਾਲ ਜੁੜਿਆ ਹੋਇਆ ਹੈ। ਉਸ ਦਾ ਜਨਮ ਵੀਹ ਅਪ੍ਰੈਲ 1956 ਨੂੰ ਪਿੰਡ ਰੱਕੜਾਂ ਢਾਹਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਿਤਾ ਸ੍ਰੀ ਦੀਵਾਨ ਸਿੰਘ ਮਾਨ ਅਤੇ ਮਾਤਾ ਸ੍ਰੀਮਤੀ ਕਰਤਾਰ ਕੌਰ ਦੇ ਘਰ ਹੋਇਆ। ਉਸ ਨੇ ਕੇ.ਐੱਸ.ਡੀ. ਹਾਈ ਸਕੂਲ ਮਹਿੰਦ ਪੁਰ ਤੋਂ ਦਸਵੀਂ ਕਲਾਸ ਪਾਸ ਕੀਤੀ। ਪੰਜਾਬੀ ਦੇ ਮੈਗਜ਼ੀਨ ਜਾਗ੍ਰਤੀ, ਪ੍ਰੀਤਲੜੀ ਤੇ ਆਰਸੀ ਪੜ੍ਹ ਕੇ ਉਸ ਦਾ ਝੁਕਾਅ ਕਵਿਤਾ ਲਿਖਣ ਵੱਲ ਹੋ ਗਿਆ। ਆਰ.ਕੇ.ਆਰੀਆ ਕਾਲਜ ਨਵਾਂ ਸ਼ਹਿਰ ਤੋਂ ਉਸ ਨੇ ਬੀ.ਐੱਸ.ਸੀ. ਕੀਤੀ ਤੇ ਫਿਰ ਡੀ.ਏ.ਐੱਨ.ਕਾਲਜ ਆਫ ਐਜ਼ੂਕੇਸ਼ਨ ਨਵਾਂ ਸ਼ਹਿਰ ਤੋਂ ਬੀ.ਐੱਡ. ਕੀਤੀ। ਪੜ੍ਹਾਈ ਦੌਰਾਨ ਉਸ ਨੇ ਲਿਖਣਾ ਜਾਰੀ ਰੱਖਿਆ। ਸਰਕਾਰੀ ਹਾਈ ਸਕੂਲ ਕੌਲ ਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਾਇੰਸ ਮਾਸਟਰ ਵਜੋਂ ਕੰਮ ਕਰਦਿਆਂ ਪਹਿਲਾ ਕਾਵਿ ਸੰਗ੍ਰਹਿ ‘ਚੜ੍ਹਿਆ ਸੂਰਜ’ ਪਾਠਕਾਂ ਦੀ ਨਜ਼ਰ ਕੀਤਾ। ਉਸਤਾਦ ਗ਼ਜ਼ਲਕਾਰ ਸ੍ਰੀ ਮਹਿੰਗਾ ਸਿੰਘ ਹੋਸ਼ ਤੇ ਗ਼ਜ਼ਲਕਾਰ ਸ੍ਰੀ ਆਤਮਾ ਰਾਮ ਕਿਸ਼ਨ ਪੁਰੀ ਦੇ ਸੰਪਰਕ ਵਿੱਚ ਆਣ ਨਾਲ ਉਸ ਨੇ ਗ਼ਜ਼ਲਾਂ ਬਹਿਰਾਂ ਵਿੱਚ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਉਸ ਨੇ ਕਾਵਿ ਸੰਗ੍ਰਹਿ ‘ਫੁੱਲ ਅਤੇ ਖ਼ਾਰ’ ‘ਸੂਰਜ ਦੀਆਂ ਕਿਰਨਾਂ’,’ ਖ਼ਜ਼ਾਨਾ’ ਅਤੇ ‘ਸੂਰਜ ਹਾਲੇ ਡੁੱਬਿਆ ਨਹੀਂ ‘ਪੰਜਾਬੀ ਪਾਠਕਾਂ ਦੀ ਨਜ਼ਰ ਕੀਤੇ। ‘ਮਘਦਾ ਸੂਰਜ’ ਉਸ ਦਾ ਗ਼ਜ਼ਲ ਸੰਗ੍ਰਹਿ ਹੈ। ਉਸ ਦੀਆਂ ਕਾਵਿ ਰਚਨਾਵਾਂ ਦੇਸ਼ ਸੇਵਕ, ਪੰਜਾਬੀ ਜਾਗਰਣ, ਪੰਜਾਬੀ ਟ੍ਰਿਬਿਊਨ, ਸਪੋਕਸਮੈਨ, ਨਵਾਂ ਜ਼ਮਾਨਾ, ਸੱਚ ਕਹੂੰ,ਸੂਰਜ, ਆਸ਼ਿਆਨਾ ਤੇ ਅੱਜ ਦੀ ਆਵਾਜ਼ ਅਖਬਾਰਾਂ ਵਿੱਚ ਛੱਪ ਚੁੱਕੀਆਂ ਹਨ। ਜਾਗ੍ਰਤੀ, ਜਨ ਸਾਹਿਤ, ਸ਼ਬਦ ਬੂੰਦ, ਸੋਚ ਦੀ ਸ਼ਕਤੀ, ਮੁਹਾਂਦਰਾ, ਸਾਹਿਤਕ ਕਲਾਕਾਰ, ਪ੍ਰਤੀਮਾਨ, ਸੂਲ ਸੁਰਾਹੀ, ਰੂਪਾਂਤਰ, ਸ਼ਬਦ ਤਿਝ੍ਰੰਜਣ,ਰੂਹ ਪੰਜਾਬੀ,ਸੁਆਣੀ, ਅਸਲੀ ਮੀਰਜ਼ਾਦਾ,ਹਰਕਾਰਾ,ਮਹਿਰਮ, ਅਦਬੀ ਮਹਿਕ ਤੇ ਪੰਜ ਦਰਿਆ ਮੈਗਜ਼ੀਨਾਂ ਵਿੱਚ ਛੱਪ ਚੁੱਕੀਆਂ ਹਨ। ਸਾਂਝੇ ਕਾਵਿ ਸੰਗ੍ਰਹਿਆਂ ਮਹਿਕ ਸ਼ਬਦਾਂ ਦੀ, ਬਾਰ ਪਰਾਏ ਬੈਸਣਾ, ਮਾਂ ਬੋਲੀ ਦੇ ਸਿਰਨਾਵੇਂ, ਕਾਵਿ ਰਿਸ਼ਮਾਂ, ਜਾਗਦੇ ਬੋਲ, ਸਾਂਝੀ ਪਰਵਾਜ਼,ਸਾਂਝੀਆਂ ਸੁਰਾਂ, ਕਲਮਾਂ ਦਾ ਸਫਰ, ਕਲਮਾਂ ਦੀ ਪਰਵਾਜ਼,ਕਲਮਾਂ ਦੇ ਸਿਰਨਾਵੇਂ, ਕਲਮਾਂ ਦੇ ਯੋਧੇ, ਕਾਵਿ ਤ੍ਰਿਵੈਣੀ, ਮਹਿਕਾਂ ਦਾ ਦਰਿਆ, ਮਹਿਕਦੇ ਅੱਖਰ, ਮਹਿਫਲ ਸ਼ਬਦਾਂ ਦੀ, ਨੀਲਾ ਅੰਬਰ, ਅਰਸ਼ਦੀਪ ਤੇ ਸੱਧਰਾਂ ਦੀ ਫੁਲਕਾਰੀ ਵਿੱਚ ਕਾਵਿ ਰਚਨਾਵਾਂ ਸ਼ਾਮਲ ਹਨ। ਜਦੋਂ ਅਸੀਂ ਉਸ ਦੀ ਸ਼ਾਇਰੀ ਦੀ ਯਾਤਰਾ ਤੇ ਨਜ਼ਰਸਾਨੀ ਕਰਦੇ ਹਾਂ, ਤਾਂ ਇਹ ਗੱਲ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਹ ਪ੍ਰਤੀਬੱਧ ਰੂਪ ਵਿੱਚ ਪ੍ਰਗਤੀਵਾਦੀ ਸ਼ਾਇਰ ਹੈ, ਜੋ ਸਮਾਜ ਵਿੱਚੋਂ ਹਰੇਕ ਪ੍ਰਕਾਰ ਦੀ ਬੁਰਿਆਈ ਅਤੇ ਮਾਨਵ ਵਿਰੋਧੀ ਸ਼ਕਤੀਆਂ ਦਾ ਅੰਤ ਚਾਹੁੰਦਾ ਹੈ ਤਾਂ ਕਿ ਸਮਾਜ ਸੁਖੀ ਵਸੇ| ਉਹ ਸਾਦੇ ਸ਼ਬਦਾਂ ਵਿੱਚ ਅਜਿਹੀ ਗੱਲ ਕਰਦਾ ਹੈ ਜੋ ਪਾਠਕ ਦੇ ਧੁਰ ਅੰਦਰ ਜਾ ਅਸਰ-ਅੰਦਾਜ਼ ਹੁੰਦੀ ਹੈ।  ਉਸ ਦੀ ਸ਼ਾਇਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੱਤਾ ਦੀ ਚਾਪਲੂਸੀ ਨਹੀਂ। ਉਹ ਤਾਂ ਦੱਬਿਆਂ, ਲਤਾੜਿਆਂ ਦਾ ਹਮਦਰਦ ਸ਼ਾਇਰ ਹੈ| ਉਨ੍ਹਾਂ ਦਾ ਹੀ ਦਰਦ ਉਸਦੀ ਸ਼ਾਇਰੀ ਵਿੱਚ ਭਰਿਆ ਹੋਇਆ ਹੈ ਪਰ ਉਹ ਇਸ ਗੱਲੋਂ ਵੀ ਸੁਚੇਤ ਹੈ ਕਿ ਵਿਹਲੇ ਅਤੇ ਲਾਪ੍ਰਵਾਹ ਜੇ ਕਰ ਦੁੱਖ ਭੋਗਦੇ ਹਨ, ਇਸ ਵਿੱਚ ਸਮਾਜ ਉੱਨਾ ਜ਼ਿੰਮੇਵਾਰ ਨਹੀਂ ਜਿੰਨੇ ਕਿ ਉਹ ਲੋਕ ਖ਼ੁਦ ਹਨ। ਉਹ ਤਾਂ ਸਿਰਫ ਕਿਰਤੀ ਤੇ ਮਿਹਨਤੀ ਲੋਕਾਂ ਦੀ ਹਾਮੀ ਭਰਦਾ ਹੈ।
ਉਹ ਤਾਂ ਕਿਰਤ ਨੂੰ ਆਪਣਾ ਮਿਸ਼ਨ ਅਤੇ ਇਸ਼ਟ ਮੰਨਦਾ ਹੈ। ਜ਼ਿੰਦਗੀ ਦੀ ਕਰਮਸ਼ੀਲਤਾ ਵਿੱਚ ਉਸ ਦਾ ਅਟੁੱਟ ਵਿਸ਼ਵਾਸ ਹੈ।
 ਉਸ ਨੂੰ ਇਹ ਵੀ ਪਤਾ ਹੈ ਕਿ ਸਮਾਜ ਵਿੱਚ ਨਾਂਹਵਾਦੀ ਤਾਕਤਾਂ ਦੇ ਹੱਥ ਬੜੇ ਲੰਬੇ ਹਨ।ਇਸੇ ਕਰਕੇ ਹੀ ਗਰੀਬਾਂ, ਮਜ਼ਦੂਰਾਂ, ਕਿਰਤੀਆਂ, ਮਿਹਨਤੀਆਂ ਦੇ ਹੱਕਾਂ ‘ਤੇ ਡਾਕੇ ਮਾਰ ਕੇ ਉਹ ਲੋਕ ਐਸ਼ ਪ੍ਰਸਤੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਸ ਦੀ ਸ਼ਾਇਰੀ ਹਰੇਕ ਉਸ ਮਿਹਨਤਕਸ਼ ਨੂੰ ਇਸ ਸੋਸ਼ਣ ਪ੍ਰਤੀ ਸੁਚੇਤ ਕਰਦੀ ਹੈ, ਜੋ ਸੁੱਤੇ ਸਿੱਧ ਆਪਣੀ ਰੋਜ਼ੀ ਰੋਟੀ ਕਮਾਉਂਦਾ ਤਾਂ ਹੈ ਪਰ ਮਿਹਨਤ ਦਾ ਮੁੱਲ ਉਸ ਨੂੰ ਮਿਲਦਾ ਨਹੀਂ। ਉਸ ਦੀ ਮਿਹਨਤ ਉੱਤੇ ਸਾਧਨ ਸੰਪੰਨ ਲੋਕ ਐਸ਼ ਪ੍ਰਸਤੀ ਕਰਦੇ ਹਨ। ਇਸ ਕਰਕੇ ਉਸ ਦੇ ਸ਼ਿਅਰਾਂ ਦੇ ਪਾਤਰ ਮਿਹਨਤੀ, ਕਿਰਤੀ, ਮਜ਼ਦੂਰ, ਕਾਮੇ ਹਨ ਜੋ ਜਾਗ੍ਰਿਤ ਅਵਸਥਾ ਵਿੱਚ ਨਹੀਂ।ਇਸ ਕਰਕੇ ਵਿਵਸਥਾ ਉਨ੍ਹਾਂ ਦੀ ਲੁੱਟ-ਘਸੁੱਟ ਕਰ ਰਹੀ ਹੈ।
ਮਿਹਨਤ ਕਰਨ ਵਾਲਿਆਂ ਦੇ ਸੋਸ਼ਣ ਦੀ ਉਹ ਕੇਵਲ ਕਹਾਣੀ ਹੀ ਨਹੀਂ ਸੁਣਾਉਂਦਾ ਸਗੋਂ ਇੱਕ ਲੋਕ ਸੰਘਰਸ਼ ਕਰਕੇ ਆਪਣੇ ਹੱਕਾਂ ਦੀ ਰਖਵਾਲੀ ਕਰਨ ਅਤੇ ਆਪਣੇ  ਹੱਕ ਖੋਹਣ ਦਾ ਹੋਕਾ ਵੀ ਦਿੰਦਾ ਹੈ। ਉਹ ਇਸ ਗੱਲੋਂ ਵੀ ਸੁਚੇਤ ਹੈ ਕਿ ਕੇਵਲ ਗੱਲਾਂ ਕਰਨ, ਫੋਕੀ ਭਾਸ਼ਨਬਾਜ਼ੀ ਕਰਨ ਦਾ ਉੱਨਾ ਚਿਰ ਕੋਈ ਲਾਭ ਨਹੀਂ, ਜਦੋਂ ਤੱਕ ਲੋਕ ਕਿਸੇ ਲੋਕ ਲਹਿਰ ਦਾ ਰੂਪ ਧਾਰ ਕੇ ਆਪਣੇ ਹੋ ਰਹੇ ਸੋਸ਼ਣ ਦਾ ਵਿਰੋਧ ਨਹੀਂ ਕਰਦੇ ਅਤੇ ਆਪਣੀ ਕਿਰਤ ਦੀ ਮਿਹਨਤ ਦਾ ਮੁੱਲ ਨਹੀਂ ਪੁਆਂਉਂਦੇ। ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਸ਼ਾਇਰੀ  ਉਸ ਦੀ ਸਿਰਜਨਾਤਮਕ ਅਤੇ ਜਰਖ਼ੇਜ਼ ਪ੍ਰਤਿਭਾਸ਼ਾਲੀ ਸ਼ਖਸੀਅਤ ਲਈ ਕੋਈ ਰੱਬੀ ਇਲਹਾਮ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਹੋਰ ਧਰਤੀ ਦੇ ਲੋਕਾਂ ਦੀ ਬਾਤ ਪਾਉਂਦੀ ਹੈ, ਪਰ ਉਹ ਤਾਂ ਆਮ ਜੀਵਨ ਵਰਤਾਰੇ ਵਿੱਚੋਂ ਹੀ ਆਪਣੀ ਸ਼ਾਇਰੀ ਦਾ ਅਨੁਭਵ ਗ੍ਰਹਿਣ ਕਰਦਾ ਹੈ ਅਤੇ ਫਿਰ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਸ਼ਿਅਰਾਂ ਦੇ ਰੂਪ ਵਿੱਚ ਪਾਠਕਾਂ ਅੱਗੇ ਪੇਸ਼ ਕਰਦਾ ਹੈ।
ਉਸ ਦੀ ਸ਼ਾਇਰੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਕਿਸੇ ਵੀ ਟੀਚੇ ਨੂੰ ਪਾਣ ਲਈ ਆਪਣੀ ਸ਼ਾਇਰੀ ਵਿੱਚ ਹਾਂ-ਵਾਦੀ ਅਤੇ ਉਸਾਰੂ ਕਦਰਾਂ-ਕੀਮਤਾਂ ਧਾਰਨ ਲਈ ਹੀ ਅਪੀਲ ਕਰਦਾ ਹੈ ਕਿਉਂਕਿ ਠੀਕ ਰਸਤੇ ਤੇ ਤੁਰਨ ਨਾਲ ਹੀ ਉਹ ਦੂਜਿਆਂ ਲਈ ਚਾਨਣ ਮੁਨਾਰਾ ਬਣਨ ਦੀ ਕਾਮਨਾ ਕਰਦਾ ਹੈ। ਮੰਜ਼ਲ ਦੀ ਪ੍ਰਾਪਤੀ ਲਈ ਹੱਥ-ਕੰਡੇ ਵਰਤਣ, ਸਵਾਰਥ ਦੀ ਜ਼ਿੰਦਗੀ ਜਿਉਣ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਛੱਡ ਕੇ ਨਿੱਜੀ ਹਿੱਤਾਂ ਲਈ ਜਿਉਣਾ ਉਸ ਦੀ ਸੰਵੇਦਨਸ਼ੀਲ ਤਬੀਅਤ ਨੂੰ ਗਵਾਰਾ ਨਹੀਂ। ਉਸ ਨੂੰ ਇਨਾਮਾਂ, ਸਨਮਾਨਾਂ ਦੀ ਚਿੰਤਾ ਨਹੀਂ। ਉਹ ਨਿਰੰਤਰ ਦੱਬੇ-ਕੁਚਲੇ ਤੇ ਲਤਾੜੇ ਹੋਏ ਲੋਕਾਂ ਲਈ ਲਿਖ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਸੁਚੇਤ ਕਰ ਰਿਹਾ ਹੈ। ਉਹ ਇਸ ਵੇਲੇ 68 ਵਰ੍ਹਿਆਂ ਦਾ ਹੋ ਚੁੱਕਾ ਹੈ। ਰੱਬ ਅੱਗੇ ਅਰਦਾਸ ਹੈ ਕਿ ਉਸ ਦੀ ਸਿਹਤ ਠੀਕ ਰਹੇ ਅਤੇ ਲੁੱਟੇ ਜਾ ਰਹੇ ਲੋਕਾਂ ਨੂੰ ਸੁਚੇਤ ਕਰਦਾ ਰਹੇ।
ਡਾਕਟਰ ਸਰਦੂਲ ਸਿੰਘ ਔਜਲਾ
ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਡਿਪਸ ਕਾਲਜ ਢਿਲਵਾਂ(ਕਪੂਰਥਲਾ)
ਫੋਨ 9814168611
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਯੋਗ ਦਿਵਸ ਮਨਾਇਆ
Next articleਕਵਿਤਾ