ਖੁਸ਼ੀ

ਜਗਮੋਹਣ ਕੌਰ
ਜਗਮੋਹਣ ਕੌਰ
(ਸਮਾਜ ਵੀਕਲੀ)  ਅਰਵਿੰਦਰ ਹਰਵਿੰਦਰ ਤੇ ਜਸਪ੍ਰੀਤ ਕਾਲਜ ਸਮੇਂ ਦੀਆਂ ਪੁਰਾਣੀਆਂ ਸਹੇਲੀਆਂ ਸਨ ਤੇ ਤਿੰਨਾਂ ਵਿੱਚ ਪਿਆਰ ਵੀ ਬਹੁਤ ਸੀ ਇੱਕ ਦੂਜੀ ਤੋਂ ਜਾਨ ਵਾਰਦੀਆਂ ਸਨ ।ਦਸਵੀਂ ਤੋਂ ਬਾਅਦ +1ਦੀ ਪੜ੍ਹਾਈ ਕਰਨ  ਲਈ ਉਹਨਾਂ ਨੇ ਕਾਲਜ ਵਿੱਚ ਦਾਖਲਾ ਲਿਆ ਪੜ੍ਹਾਈ ਵਿੱਚ ਸਾਰੀਆਂ ਬਹੁਤ ਵਧੀਆ ਸਨ, ਵਧੀਆ ਸਮਾਂ ਲੰਘ ਰਿਹਾ ਸੀ ਰਸੈਂਸ ਸਮੇਂ ਉਹ ਕਾਲਜ ਦੀ ਕੰਟੀਨ ਵਿੱਚ ਚਾਹ ਪੀਂਦੀਆਂ, ਬਰੈਡ ਖਾਂਦੀਆਂ ਤੇ ਫਰੀ ਪੀਰੀਅਡ ਚ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀਆਂ ਤੇ ਇਸੇ ਤਰ੍ਹਾਂ ਹੀ  ਹੱਸਦਿਆਂ ਖੇਡਦਿਆਂ ਸਮਾਂ ਬੀਤਦਾ ਗਿਆ।
                      ਅਰਵਿੰਦਰ ਦੇ ਪਿਤਾ ਜੀ ਖੇਤੀ ਬਾੜੀ ਕਰਦੇ ਸਨ ਤੇ ਹਰਵਿੰਦਰ ਆਪਣੇ ਭੂਆ ਜੀ ਕੋਲ ਪੜ੍ਹਨ ਲਈ  ਫਤਿਹਗੜ੍ਹ ਸਾਹਿਬ ਆਈ ਹੋਈ ਸੀ ਤਿੰਨੇ ਸਹੇਲੀਆਂ ਇੱਕ ਦੂਜੇ ਦੀ ਜਾਨ ਸਨ। ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨਾਂ ਨੂੰ ਕਾਲਜ  ਵਿੱਚ ਕੋਈ ਹਾਸੀ ਮਜਾਕ ਜਾਂ ਟਿੱਚਰ ਕਰਕੇ ਲੰਘ ਸਕੇ।
          ਖੇਤੀ ਵਿੱਚ ਬਹੁਤਾ ਮੁਨਾਫਾ ਨਾ ਹੋਣ ਕਰਕੇ ਅਰਵਿੰਦਰ ਦੇ ਪਿਤਾ ਜੀ ਨੇ ਪਰਿਵਾਰ  ਸਮੇਤ ਬਾਹਰ ਜਾਣ ਦੀ ਸੋਚੀ ਤੇ 3 ਕੁ ਮਹੀਨਿਆਂ ਵਿੱਚ ਉਹਨਾਂ ਦਾ ਵੀਜ਼ਾ   ਵੀ ਲੱਗ ਗਿਆ ਤੇ ਉਹ ਪਰਿਵਾਰ ਸਮੇਤ ਕੈਨੇਡਾ ਚਲੇ ਗਏ ।
 ਹਰਵਿੰਦਰ ਦਾ ਵਿਆਹ ਉਸ ਦੇ ਘਰ ਦਿਆਂ ਨੇ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਚਲੇ ਗਈ ,ਰਹਿ ਗਈ ਕੱਲੀ ਜਸਪ੍ਰੀਤ ,ਉਹ ਆਪਣੀ  ਪੜ੍ਹਾਈ ਵਿੱਚ ਬਿਜੀ ਹੋ ਗਈ। +2 ਤੋਂ  ਬਾਅਦ ਬੀ .ਏ,  ਬੀ .ਐੱਡ ਤੇ ਐਮ  ਏ  ਕਰਨ ਲਈ ਉਸਨੂੰ ਯੂਨੀਵਰਸਿਟੀ ਹੋਸਟਲ ਵਿੱਚ ਰਹਿਣਾ ਪਿਆ, ਤੇ ਉਸ ਦੀਆਂ ਨਵੀਆਂ ਸਹੇਲੀਆਂ ਬਣਦੀਆਂ ਗਈਆਂ।
         ਉਦੋਂ ਕੋਈ ਸੋਸ਼ਲ ਮੀਡੀਆ ਦਾ ਸਮਾਂ ਨਹੀਂ ਸੀ ਤੇ ਨਾ ਹੀ  ਕੋਈ ਅੱਜ ਕੱਲ੍ਹ ਵਾਂਗ ਫੇਸਬੁੱਕ ਤੇ ਮੋਬਾਇਲ ਵਗੈਰਾ ਹੁੰਦੇ ਸਨ ਬਸ ਕਦੇ ਕਦਾਈ ਚਿੱਠੀ ਪੱਤਰ ਰਾਹੀਂ ਦੁਖ ਸੁਖ ਸਾਂਝੇ ਹੋ ਜਾਂਦੇ ਸਨ  । ਜਸਪ੍ਰੀਤ ਨੇ ਇੱਕ ਦੋ ਵਾਰੀ ਤਾਂ ਆਪਣੀ ਪੰਜਾਬ ਰਹਿੰਦੀ ਸਹੇਲੀ ਹਰਵਿੰਦਰ ਨੂੰ ਚਿੱਠੀ ਲਿਖੀ ਉਸਨੂੰ ਜਵਾਬ ਵੀ ਆਇਆ ਪਰ ਹੌਲੀ ਹੌਲੀ ਚਿੱਠੀ ਦਾ ਜਵਾਬ ਆਉਣੋਂ ਹਟ ਗਿਆ । ਉਸਨੂੰ ਕਿਸੇ ਤੋਂ ਪਤਾ ਲੱਗਿਆ ਕਿ ਹਰਵਿੰਦਰ ਵੀ ਆਪਣੇ ਪਤੀ ਨਾਲ ਬਾਹਰ ਚਲੇ ਗਈ।ਸਮਾਂ ਲੰਘਦਾ ਗਿਆ ਤੇ ਉਹ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਈਆਂ ।
                                 ਇਕ ਦੋ ਵਾਰੀ ਅਰਵਿੰਦਰ ਤੇ ਹਰਵਿੰਦਰ ਨੇ ਜਸਪ੍ਰੀਤ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ ਤੇ  ਉਸ ਨੂੰ ਲੱਭਿਆ ਵੀ ਸੀ ਪਰ ਉਸਦੇ ਇੱਕ ਚਾਚਾ ਜੀ ਨੇ ਇਹ ਕਹਿ ਦਿੱਤਾ ਕਿ ਜਸਪ੍ਰੀਤ ਦੀ ਤਾਂ ਮੌਤ ਹੋ ਚੁੱਕੀ ਆ ਉਹ ਤੁਹਾਨੂੰ ਕਿਵੇਂ ਲੱਭੇਗੀ? ਤੁਸੀਂ ਮੂਰਖ ਹੋ ਜੋ ਮਰਿਆਂ ਨੂੰ ਲੱਭਦੀਆ ਫਿਰਦੀਆਂ?
ਅਰਵਿੰਦਰ ਤੇ ਹਰਵਿੰਦਰ ਦੋਵੇਂ ਰੋ ਰੋ ਕੇ ਚੁੱਪ ਕਰ ਗਈਆਂ ਤੇ ਉਹਨਾਂ ਨੇ ਇਹ ਸਮਝ ਲਿਆ ਕਿ ਹੁਣ ਉਹਨਾਂ ਦੀ ਸਹੇਲੀ ਇਸ ਦੁਨੀਆ ਵਿੱਚ ਨਹੀਂ ਰਹੀ ਫਿਰ ਮਿਲਣਾ ਕਿੱਥੋਂ ਸੀ?               ਕੁਦਰਤੀ ਇੱਕ ਦਿਨ ਜਸਪ੍ਰੀਤ ਫੇਸਬੁਕ ਤੇ ਕੋਈ  ਕਹਾਣੀ ਪੜ ਰਹੀ ਸੀ ਤਾਂ ਹਰਵਿੰਦਰ ਦੇ ਸਹੁਰੇ ਪਿੰਡ ਦੇ ਨਾਂ ਵਾਲ਼ੇ ਇਕ ਵੀਰ ਜੀ ਦੀ ਕਹਾਣੀ ਦੇਖੀ, ਜਸਪ੍ਰੀਤ ਸੋਚ ਰਹੀ ਸੀ ਕਿ ਇਹ ਪਿੰਡ ਕੁਝ ਜਾਣਿਆ ਪਹਿਚਾਣਿਆ ਲੱਗਦਾ ਕਿਉਂਕਿ ਉਸ ਨੂੰ ਸਿਰਫ ਆਪਣੀ ਸਹੇਲੀ ਦਾ ਨਾਂ ਤੇ ਉਸਦੇ ਸਹੁਰਾ ਸਾਹਿਬ ਦਾ ਨਾਮ ਯਾਦ ਸੀ ਉਸਨੇ ਮੈਸਜ ਕਰਕੇ ਕਹਾਣੀ ਵਾਲੇ ਵੀਰ ਜੀ ਨੂੰ ਇਹ ਪੁੱਛਿਆ ਕਿ ਕੀ ਤੁਹਾਡੇ ਪਿੰਡ ਇਸ ਨਾਮ ਦਾ ਕੋਈ ਇਨਸਾਨ ਰਹਿੰਦਾ ਉਹਨਾਂ  ਦੀ ਨੂੰਹ ਮੇਰੀ ਕਾਲਜ ਫਰੈਂਡ ਆ, ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਮੇਰੇ ਚਾਚੇ ਦੀ ਨੂੰਹ ਆ। ਬਸ ਫੇਰ ਕੀ ਸੀ ਜਸਪ੍ਰੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਤੇ ਉਸ ਨੇ ਉਹਨਾਂ ਦਾ ਮੋਬਾਈਲ ਨੰਬਰ ਮੰਗਵਾ ਲਿਆ ਤੇ ਅਰਵਿੰਦਰ ਨਾਲ ਗੱਲ ਕੀਤੀ ਗੱਲਾਂ ਕਰਦਿਆਂ ਅਰਵਿੰਦਰ ਨੇ ਇੱਕਦਮ ਹੈਰਾਨ ਹੋ ਕੇ ਕਿਹਾ ਕਿ ਜਸਪਰੀਤ ਤੂੰ ਠੀਕ ਹੈ ,ਸਹੀ ਸਲਾਮਤ  ਆ ,ਘਰ ਬਾਰ ਸਭ ਕਿਵੇ ਨੇ ?ਫਿਰ ਉਸਨੇ ਹਰਵਿੰਦਰ ਦਾ ਫੋਨ ਨੰਬਰ ਵੀ ਜਸਪ੍ਰੀਤ ਨੂੰ ਭੇਜਿਆ ਹੁਣ ਜਦੋਂ ਜਸਪ੍ਰੀਤ ਨੇ ਹਰਵਿੰਦਰ ਨੂੰ ਫੋਨ ਕੀਤਾ 10 ਕੁ ਮਿੰਟ ਤਾਂ ਉਸਨੇ ਗੱਲਬਾਤ ਕਰਦਿਆਂ ਲੰਘਾ ਦਿੱਤੇ ਕਿ ਤੁਸੀਂ ਕੌਣ ਹੋ ? ਮੇਰਾ ਨੰਬਰ ਕਿੱਥੋਂ ਮਿਲਿਆ? ਕਿੱਥੇ ਰਹਿੰਨੇ ਹੋ ਵਗੈਰਾ ਵਗੈਰਾ, ਜਦੋਂ ਜਸਪ੍ਰੀਤ ਨੇ ਕਿਹਾ ਕਿ ਮੈਂ ਬੋਲਦੀ ਆ  ਜਸਪ੍ਰੀਤ ਤਾਂ ਇੱਕਦਮ ਹੈਰਾਨ ਹੋ ਕੇ ਉਸਦੇ ਮੂੰਹੋਂ ਨਿਕਲ ਗਿਆ ਕਿ ਤੂੰ ਜਿੰਦਾ ਹੈ ?ਸਾਨੂੰ ਤਾਂ ਚਾਚਾ ਜੀ ਨੇ ਇਹ ਕਹਿ ਦਿੱਤਾ ਸੀ ਕਿ ਤੂੰ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਤਾਂ ਕਰਕੇ ਅਸੀਂ ਤੈਨੂੰ  ਮਿਲਣ ਦੀ ਆਸ ਹੀ ਛੱਡ ਦਿੱਤੀ ਸੀ । 30 ਸਾਲ ਬੀਤ ਗਏ ਤੇ ਅਸੀਂ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਈਆਂ ਪਰ ਤੈਨੂੰ ਯਾਦ ਬਹੁਤ ਕਰਦੇ ਸੀ ਕਾਲਜ ਦਾ ਸਮਾਂ, ਕੰਟੀਨ ਦਾ ਸਮਾਂ ਕਿ ਆਪਾਂ ਕਿਵੇਂ ਉਹਨਾਂ ਪਲਾਂ ਨੂੰ ਜਿਊਂਂਦੇ  ਸੀ ਅੱਜ 30 ਸਾਲਾਂ ਬਾਅਦ ਤੇਰੀ ਆਵਾਜ਼ ਸੁਣ ਕੇ ਦਿਲ  ਨੂੰ ਕਿੰਨਾ ਕੁ ਸਕੂਨ ਮਿਲਿਆ ਕਿ ਮੈਂ ਦੱਸ ਨਹੀਂ ਸਕਦੀ, ਇਹ ਖੁਸ਼ੀ ਜੋ ਅੱਜ ਸਾਨੂੰ ਮਿਲੀ ਆ ਇਸ ਨੂੰ ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ ਹੁਣ ਤਿੰਨੇ ਸਹੇਲੀਆਂ ਆਪਸ ਵਿੱਚ ਫੋਨ ਤੇ ਹਰ ਹਫਤੇ ਗੱਲਬਾਤ ਕਰਦੀਆਂ ਨੇ ਤੇ ਆਪਣੀ ਖੁਸ਼ੀ ਇੱਕ ਦੂਜੇ ਨਾਲ ਸਾਂਝੀ ਕਰਦੀਆਂ ਨੇ, ਗੱਲਾਂ ਕਰਦਿਆਂ ਉਸ ਚਾਚੇ ਬਾਰੇ ਵੀ ਗੱਲ ਹੁੰਦੀ ਆ ਕਿ ਉਹਨਾਂ ਨੇ ਇੰਝ ਕਿਉਂ ਕਿਹਾ ,ਕੀ ਉਹਨਾਂ ਨੂੰ ਕੋਈ ਗਲਤੀ ਲੱਗ ਗਈ ਸੀ ਇੱਕੋ ਜਿਹੇ ਨਾਮ ਨੂੰ ਲ਼ੈ ਕੇ ਜਾਂ ਉਸ ਦੀ ਕੋਈ ਚਾਲ ਸੀ, ਚਲੋ ਰੱਬ ਹੀ ਜਾਣੇ  ਕਿ ਉਹਨਾਂ ਨੇ ਜਸਪ੍ਰੀਤ ਨੂੰ ਕਿਉਂ ਮਰਿਆ ਦੱਸਿਆ।ਪਰ ਉਹ ਤਿੰਨੋਂ ਸੋਸ਼ਲ ਮੀਡੀਆ ਦਾ ਬਹੁਤ ਧੰਨਵਾਦ  ਕਰਦੀਆਂ ਸਨ ਜਿਸਨੇ  30 ਸਾਲ ਪਹਿਲਾਂ ਵਿਛੜੀਆਂ ਸਹੇਲੀਆਂ  ਨੂੰ ਮਿਲਾਕੇ   ਉਹਨਾਂ ਦੀ ਝੋਲੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਨੇ।
 ਜਗਮੋਹਣ ਕੌਰ ,
 ਬੱਸੀ ਪਠਾਣਾਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਾਂਊਡ ਗਲਾਸ ਹਾਕੀ ਅਕੈਡਮੀ ਨੇ ਰਾਣਾ ਹਾਕੀ ਅਕੈਡਮੀ ਨੂੰ ਲਿਆ ਗੋਦ
Next articleਬੁੱਧ ਬਾਣ