~ ਤੇਗ਼ ਇਸ਼ਕ ਦੀ ~

ਰਿਤੂ ਵਾਸੂਦੇਵ
 (ਸਮਾਜ ਵੀਕਲੀ)
ਤੇਗ਼ ਇਸ਼ਕ ਦੀ ਮੱਥੇ ਲਾ ਕੇ
ਕਿੱਦਾਂ ਲਿਸ਼ਕ ਲੁਕਾਵਾਂ
ਰੋਹ ਵਿਚ ਆ ਕੇ ਭੁੱਲ ਬੈਠੀ ਹਾਂ
ਸਿਦਕਾਂ ਦਾ ਸਿਰਨਾਵਾਂ
ਕਰ ਬਿਸਮਿਲਹਾ ਗਲ਼ ਵਿਚ ਪਾ ਲਈ
ਕਰਮਾਂ ਦੀ ਪੰਜਾਲ਼ੀ
ਬਾਗੀਂ ਅੰਬੀਆਂ ਪੱਕ ਜਾਣ ਤਾਂ
ਕੂਕੇ ਨਾ ਫਿਰ ਕਾਲ਼ੀ
ਰੋਜ ਪਤੰਗੇ ਜਾਣ ਸੁਰਗ ਨੂੰ
ਹਿਜਰ ਬਸੰਤਰ ਸੜਕੇ
ਮੇਰੇ ਹੱਥ ਵਿਚ ਦੇ ਗਏ ਕਾਸਾ
ਇਸ਼ਕ ਦਾ ਕਲਮਾ ਪੜ੍ਹ ਕੇ
ਆਖੋ ਉਸਨੂੰ ਸੱਚਾ ਹੈ ਤਾਂ
ਆਪਣਾ ਹੁਕਮ ਪੁਗਾਵੇ
ਵਿੱਚ ਚੌਰਾਹੇ ਖੜ੍ਹ ਕੇ ਸਾਨੂੰ
ਸੂਲ਼ੀ ‘ਤੇ ਲਟਕਾਵੇ
ਇੱਕ ਆਸ਼ਿਕ ਤੋਂ ਜੋਗੀ ਤੀਕਰ
ਕਿੱਦਾਂ ਬਣੀ ਕਹਾਣੀ
ਬੁੱਝਣ ਦੇ ਲਈ ਮੌਜੂ ਜੱਟ ਦੇ
ਘਰ ਦਾ ਪੀਵੇ ਪਾਣੀ
ਜਦੋਂ ਕਿਸੇ ਨੇ ਅੰਬਰ ਓਹਲੇ
ਲੁਕ ਤਰਕਾਲਾਂ ਪਾਈਆਂ
ਚੁਗ਼ਣੇ ਗਈਆਂ ਤੋਕੜ ਮਹੀਆਂ
ਦਿਨ ਢਲ਼ਦੇ ਮੁੜ ਆਈਆਂ
ਹੋਇਆ ਇਸ਼ਕ ਦਿਆਲ ਅਸਾਂ ‘ਤੇ
ਗਈ ਉਦਾਸੀ ਚੀਰੀ
ਮਾਰ ਸੁਹਾਗਾ ਨੜਾ ਬੀਜਦੀ
ਸਾਡੇ ਖ਼ੇਤ ਫ਼ਕੀਰੀ
ਮੁੱਢ-ਕਦੀਮ ਈਮਾਨ ਅਸਾਡਾ
ਨਾਲ਼ੇ ਤੌਰ ਤਰੀਕਾ
ਸਾਡੇ ਦਿਲ ‘ਚੋਂ ਉੱਠੀ ਹਾਅ ਨੂੰ
ਤੈਥੋਂ ਵੱਧ ਸਲੀਕਾ
ਹੱਥਾਂ ਵਿੱਚ ਬਬੂਲ ਬੀਜ ਕੇ
ਪੈਰਾਂ ਵਿਚ ਪੁੜਵਾਏ
ਅੱਖਾਂ ਸਣੇ ਅਕਲ ਦੇ ਅੰਨ੍ਹੇ
ਪਰਤ ਗਰਾਂ ਨੂੰ ਆਏ
ਤੇਰਾ ਜੁੱਸਾ ਜੀਕਣ ਦੁੱਧ
ਦੁਧਾਣੇ ਦੇ ਵਿੱਚ ਕੜ੍ਹਿਆ
ਆਪਾਂ ਤੱਤੇ ਰੇਤੇ ਉੱਗੀਆਂ
ਸਾਡਾ ਪਿੰਡਾ ਸੜਿਆ
ਸਾਡੀ ਨੀਵੀਂ ਝੁੱਗੀ ਓਹਲੇ
ਦੱਭ, ਸਰਕੜੇ, ਕਾਨੇ
ਐਵੇਂ ਸੱਪ ਲੜਾ ਨਾ ਬੈਠੀਂ
ਝਾਕਾ ਲੈਣ ਬਹਾਨੇ
ਸਾਡੇ ਜੰਮਣ ਤੇ ਨਾ ਵੰਡਣ
ਤਿਲ਼, ਗੁੜ, ਸ਼ੱਕਰ ਮਾਈਆਂ
ਬਿਨਾਂ ਦਹੇਜੋਂ ਉੱਧਲ਼ ਜਾਵਣ
ਏਸ ਗਰਾਂ ਦੀਆਂ ਜਾਈਆਂ
~ ਰਿਤੂ ਵਾਸੂਦੇਵ
Previous articleਕੀ ਹਿੰਦੀ ਭਾਸ਼ਾ ਦੇ ਨਾਮ ਤੇ ਅੱਤਵਾਦ ਪੈਰ ਪਸਾਰ ਰਿਹਾ ਹੈ ਪੰਜਾਬ ਵਿੱਚ?
Next articleਪੰਜਾਬੀ ਦੇ “ਬਾਪੂ” ਅਤੇ “ਬਾਬਲ” ਸ਼ਬਦ ਕਿਵੇਂ ਬਣੇ?