ਸੜੋਆ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਗਰਮੀ ਦੇ ਮੌਸਮ ਵਿੱਚ ਖੂਨ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਗੁਰਦੁਆਰਾ “ਘਾਗੋ ਗੁਰੂ ਕੀ” ਦੀ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਜੋਗਾ ਸਿੰਘ ਸਰਪੰਚ ਹਵੇਲੀ, ਪ੍ਰਦੀਪ ਕੁਮਾਰ ਅਤੇ ਸੁਰੇਸ਼ ਵਿੱਜ ਦੀ ਅਗਵਾਈ ਹੇਠ ਅਤੇ ਬੀ.ਡੀ.ਸੀ ਨਵਾਂਸ਼ਹਿਰ ਦੇ ਤਕਨੀਕੀ ਸਟਾਫ਼ ਦੇ ਸਹਿਯੋਗ ਨਾਲ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਾਬਾ ਸਤਨਾਮ ਸਿੰਘ ਕਾਰਸੇਵਾ ਨੌਰਾ ਵਾਲਿਆਂ ਨੇ ਆਪਣੇ ਕਰ ਕਮਲਾ ਨਾਲ ਕੀਤਾ ਅਤੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਮੈਡਮ ਅਨੁਰਾਧਾ ਨੇ ਆਪਣੇ ਪਤੀ ਜਤਿੰਦਰ ਪਾਲ ਅਤੇ 34 ਹੋਰ ਖੂਨਦਾਨੀਆਂ ਦੇ ਨਾਲ ਖੂਨਦਾਨ ਕੀਤਾ। ਵਰਨਣਯੋਗ ਹੈ ਕਿ ਵਿਸ਼ਵ ਵਿੱਚ ਇਹ ਹਫ਼ਤਾ ਖੂਨ ਸਮੂਹਾਂ ਦੀ ਖੋਜ ਕਰਨ ਵਾਲੇ “ਲਾਰਡ ਲੈਂਡਸਟੀਨਰ” ਦੇ ਜਨਮ ਦਿਨ ਨੂੰ ਸਮਰਪਿਤ ਹੈ ਅਤੇ ਵਿਸ਼ਵ ਪੱਧਰ ‘ਤੇ ਖੂਨਦਾਨ ਕੈਂਪਾਂ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਇਸ ਸਾਲ “ਖੂਨਦਾਨ ਦੇ ਵੀਹ ਸਾਲ – ਖੂਨਦਾਨੀਆਂ ਦਾ ਧੰਨਵਾਦ” ਮਨਾ ਕੇ ਇਸ ਦਿਨ ਨੂੰ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਡਾਕਟਰ ਦਿਆਲ ਸਰੂਪ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਦੀ ਆਬਾਦੀ ਇੱਕ ਅਰਬ ਚਾਲੀ ਕਰੋੜ ਤੱਕ ਪਹੁੰਚ ਚੁੱਕੀ ਹੈ। ਪਰ ਦੁੱਖ ਦੀ ਗੱਲ ਹੈ ਕਿ ਸਵੈਇੱਛਤ ਖੂਨਦਾਨ ਕਰਨ ਵਾਲੇ ਇੱਕ ਫੀਸਦੀ ਵੀ ਨਹੀਂ ਹਨ। ਜਿਸ ਕਰਕੇ ਮੰਗ ਅਤੇ ਸਪਲਾਈ ਵਿੱਚ ਵੱਡਾ ਪਾੜਾ ਹੈ। ਇਕ ਸਰਵੇਖਣ ਮੁਤਾਬਕ ਨਿਯਮਤ ਖੂਨਦਾਨ ਕਰਨ ਵਾਲੇ ਦਿਲ ਦੇ ਦੌਰੇ ਅਤੇ ਕੈਂਸਰ ਦੇ ਖਤਰੇ ਨੂੰ 80 ਫੀਸਦੀ ਤੱਕ ਘੱਟ ਕਰਦੇ ਹਨ। ਕੈਂਪ ਦੌਰਾਨ ਪ੍ਰਬੰਧਕ ਗੁਰਦੁਆਰਾ ਕਮੇਟੀ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੀ ਤਕਨੀਕੀ ਟੀਮ ਦੀ ਅਗਵਾਈ ਡਾਕਟਰ ਦਿਆਲ ਸਰੂਪ ਨੇ ਕੀਤੀ ਜਿਸ ਵਿੱਚ ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ, ਭੁਪਿੰਦਰ ਸਿੰਘ ਲੰਗੜੋਆ, ਮੈਡਮ ਪ੍ਰਿਅੰਕਾ ਅਤੇ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਖੂਨਦਾਨ ਕੈਂਪ ਦੀ ਸਮਾਪਤੀ “ਖੂਨਦਾਨੀ ਫਰਿਸ਼ਤਿਓ – ਤੁਹਾਡਾ ਧੰਨਵਾਦ” ਦੇ ਜੈਕਾਰਿਆਂ ਨਾਲ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly