(ਸਮਾਜ ਵੀਕਲੀ)
ਜਿਵੇਂ ਦਿਸਹੱਦਿਆਂ ਵਿਚ
ਗੂੰਜਦੀ ਹੈ ਗੱਲ ਕੋਈ
ਜਿਵੇਂ ਮੁਸ਼ਕਿਲ ਪੁਰਾਣੀ
ਹੋ ਰਹੀ ਏ ਹੱਲ ਕੋਈ
ਜਿਵੇਂ ਮੈਂ ਸੈਰਗਾਹ ‘ਤੇ
“ਵੇਲ ਝੁਮਕਾ” ਬੀਜਦੀ ਹਾਂ
ਤੇ ਉਹਦੀ ਚੇਤਿਆਂ ਵਿਚ
ਨਿੱਸਰੀ ਹੈ ਵੱਲ ਕੋਈ
ਉਹ ਜਾਹਿਲ ਇਸ਼ਕ ਤੋਂ
ਜਿਸਮਾਂ ਦੀ ਭਾਸ਼ਾ ਬੋਲਦਾ ਏ
ਕਰੇ ਕੋਈ ਕਿਵੇਂ ?
ਇਸ ਮਸਖ਼ਰੇ ਦਾ ਹੱਲ ਕੋਈ
ਮੈਂ ਬੇ-ਤਰਤੀਬ ਹੀ ਹਾਂ
ਰਹਿਣ ਦੇ ਮੈਂਨੂੰ ਮੇਰੇ ‘ਤੇ
ਤੂੰ ਜਾਹ ! ਤਰਤੀਬ ਵਾਲ਼ਾ
ਹੋਰ ਬੂਹਾ ਮੱਲ ਕੋਈ
ਬੜੇ ਹੀ ਬੇ-ਸਲੀਕੇ ਨਾਲ਼
ਮੈਂਨੂੰ ਸਿਰਜਿਆ ਏ
ਹੈ ਮੈਂਨੂੰ ਜਾਪਦਾ ਉਹਦੀ
ਅਕਲ ਦਾ ਝੱਲ ਕੋਈ
ਪਰ੍ਹਾਂ! ਦੋ ਪੈਲ਼ੀਆਂ ਤੋਂ
ਇੱਕ ਖਿੱਤਾ ਦਿਲ ਤੇਰੇ ਦਾ
ਉਹਦੇ ਵਿਸਵੇ-ਵਿਘੇ ਦੀ
ਜਾਣਕਾਰੀ ਘੱਲ ਕੋਈ
ਜਦੋਂ ਇਹ ਟਹਿਣੀਆਂ ਨੂੰ
ਬੋਹੜ ਬੁੱਢਾ ਜਾਪਣਾ ਏਂ
ਤੇ ਮੈਂਨੂੰ ਚਿੱਟੀ ਬੁੱਕਲ਼ ਮਾਰ
ਆਖੇ ਚੱਲ ! ਕੋਈ
ਪੇਚ ਤਾਂ ਚਾਰ ਹੀ ਨੇ !
ਸਿੱਖ ਲਏ ਤਾਂ ਸਿੱਖ ਹੋਏ
ਸਿਖਾਉੰਦਾ ਕੌਣ ਹੈ ?
ਪੱਗਾਂ ਨੂੰ ਅਸਲੀ ਵੱਲ ਕੋਈ
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly